ਸ਼ਾਹੀ ਠਾਠ-ਬਾਠ ਦਾ ਖੁੱਲ੍ਹਿਆ ਖ਼ਜ਼ਾਨਾ, ਵੇਖਣ ਲਈ ਉਮੜ ਰਿਹੈ ਜਨ ਸੈਲਾਬ..!

Advertisement
Spread information

ਸ਼ਾਹੀ ਸ਼ਹਿਰ ਨੂੰ ਮਿਲਿਆ ਵਿਰਾਸਤੀ ਤੋਹਫ਼ਾ: ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਦੇ ਬੰਦ ਬੂਹੇ ਖੁੱਲ੍ਹੇ

ਇਤਿਹਾਸ ਦੇ ਰੰਗ, ਹੁਣ ਜਨਤਾ ਦੇ ਸੰਗ: ਸ਼ੀਸ਼ ਮਹਿਲ ਦਾ ਨਵਾਂ ਰੂਪ

ਹਰਿੰਦਰ ਨਿੱਕਾ, ਪਟਿਆਲਾ 25 ਫਰਵਰੀ 2026

     ਸ਼ਾਹੀ ਸ਼ਹਿਰ ‘ਚ ਰਹਿਣ ਵਾਲਿਆਂ ਅਤੇ ਸੈਲਾਨੀਆਂ ਲਈ ਖੁਸ਼ੀ ਦੀ ਵੱਡੀ ਲਹਿਰ ਹੈ। ਹੋਵੇ ਵੀ ਕਿਉਂ ਨਾ, ਲੰਬੇ ਇੰਤਜ਼ਾਰ ਤੋਂ ਬਾਅਦ, ਪੰਜਾਬ ਸਰਕਾਰ ਨੇ ਸ਼ਾਹੀ ਸ਼ਹਿਰ ਦੀਆਂ ਦੋ ਸਭ ਤੋਂ ਮਸ਼ਹੂਰ ਤੇ ਵਿਰਸਤੀ ਇਮਾਰਤਾਂ-ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਦੇ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹ ਦਿੱਤੇ ਹਨ। ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ’ ਦੇ ਦੌਰਾਨ ਸ਼ੀਸ਼ ਮਹਿਲ ਦਾ ਨਵੀਨੀਕਰਨ ਕੀਤੇ ਗਏ ਮਿਉਜ਼ੀਅਮ ਨੂੰ ਦੇਖਣ ਲਈ ਲੋਕਾਂ ਦਾ ਹੜ੍ਹ ਉਮੜ ਰਿਹਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੀ ਵਿਰਾਸਤੀ ਧਰੋਹਰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਹੀ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ, ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਵਿਖੇ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਇਹ ਦੋਵੇਂ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਗਏ ਹਨ।

ਉਨਾਂ ਦੱਸਿਆ ਕਿ ਇਸ ਮਿਉਜ਼ੀਅਮ ਨੂੰ ਚਾਰ ਸ਼ਾਨਦਾਰ ਗੈਲਰੀਆਂ ਵਿੱਚ ਵੰਡਿਆ ਗਿਆ ਹੈ:

  • ਚੀਨੀ ਕਲਾ ਗੈਲਰੀ: ਜਿੱਥੇ ਬੁੱਧ ਧਰਮ ਅਤੇ ਚੀਨੀ ਪੌਟਰੀ ਦਾ ਅਦਭੁਤ ਸੰਗ੍ਰਹਿ ਹੈ।

  • ਸਕੱਲਚਰ ਗੈਲਰੀ: ਇੱਥੇ ਪਟਿਆਲਾ ਰਿਆਸਤ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਪੱਥਰ ਦੇ ਤਰਾਸ਼ੇ ਬੁੱਤ ਤੁਹਾਨੂੰ ਇਤਿਹਾਸ ਦੀ ਯਾਦ ਦਿਵਾਉਣਗੇ।

  • ਪੋਰਟਰੇਟ ਤੇ ਕੋਲਾਜ ਗੈਲਰੀ: ਰੰਗਾਂ ਅਤੇ ਪੇਟਿੰਗਾਂ ਦੀ ਇੱਕ ਖੂਬਸੂਰਤ ਦੁਨੀਆ।

  • ਪ੍ਰਾਚੀਨ ਮੂਰਤੀ ਕਲਾ ਗੈਲਰੀ: ਜਿੱਥੇ ਸਦੀਆਂ ਪੁਰਾਣੀਆਂ ਮੂਰਤੀਆਂ ਅੱਜ ਵੀ ਆਪਣੀ ਕਹਾਣੀ ਬਿਆਨ ਕਰਦੀਆਂ ਹਨ।

ਕਿਲ੍ਹਾ ਮੁਬਾਰਕ ਦਾ ਦਰਬਾਰ ਹਾਲ: ਜਿੱਥੇ ਬੋਲਦਾ ਹੈ ਪੁਰਾਤਨ ਵਿਰਸਾ

      ਕਿਲ੍ਹਾ ਮੁਬਾਰਕ ਵਿਖੇ ਦਰਬਾਰ ਹਾਲ ਦੇ ਖੋਲ੍ਹੇ ਗਏ ਮਿਉਜ਼ੀਅਮ ਬਾਰੇ ਦੱਸਦਿਆਂ ਵਿਭਾਗ ਦੇ ਕਾਰਜਕਾਰੀ ਸਹਾਇਕ ਮੈਡਮ ਸ਼ਰੀਨ ਨੇ ਦੱਸਿਆ ਕਿ ਜੇਕਰ ਤੁਸੀਂ ਇਤਿਹਾਸਿਕ ਹਥਿਆਰਾਂ ਅਤੇ ਸ਼ਾਹੀ ਠਾਠ-ਬਾਠ ਦੇ ਸ਼ੌਕੀਨ ਹੋ, ਤਾਂ ਕਿਲ੍ਹਾ ਮੁਬਾਰਕ ਦਾ ਦਰਬਾਰ ਹਾਲ ਤੁਹਾਡਾ ਮਨ ਮੋਹ ਲਵੇਗਾ। ਇਸ ਮਿਉਜ਼ੀਅਮ ਵਿੱਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ, ਜਿਵੇਂ…                                                         

  • ਇੱਕ ਮਿਆਨ ਵਿੱਚ ਦੋ ਤਲਵਾਰਾਂ ਅਤੇ ਦੁਰਲੱਭ ਪੁਰਾਤਨ ਹਥਿਆਰ।

  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ—ਜੋ ਸ਼ਰਧਾਲੂਆਂ ਲਈ ਖਿੱਚ ਦਾ ਮੁੱਖ ਕੇਂਦਰ ਹੈ।

  • ਚਾਂਦੀ ਦੀ ਬੱਘੀ ਤੇ ਵਿੰਟੇਜ ਕਾਰਾਂ: ਕੋਲਕਾਤਾ ਤੋਂ ਵਿਸ਼ੇਸ਼ ਤੌਰ ‘ਤੇ ਤਿਆਰ ਹੋਈ ਚਾਂਦੀ ਦੀ ਬੱਘੀ ਅਤੇ ਇਟਾਲਾ ਤੇ ਫਇਏਟ ਵਰਗੀਆਂ ਪੁਰਾਣੀਆਂ ਕਾਰਾਂ।

  • ਸ਼ਾਹੀ ਝਾੜ-ਫਾਨੂਸ: ਛੱਤਾਂ ਤੋਂ ਲਟਕਦੇ ਕੀਮਤੀ ਸ਼ੈਂਡਲੇਅਰ ਮਿਉਜ਼ੀਅਮ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਹਨ।

ਮੁੱਖ ਮੰਤਰੀ ਦਾ ਉਪਰਾਲਾ: ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭੀ ਵਿਰਾਸਤ

       ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਿਉਜ਼ੀਅਮ ਸਿਰਫ਼ ਇਮਾਰਤਾਂ ਨਹੀਂ, ਸਗੋਂ ਸਾਡੀ ਅਮੀਰ ਵਿਰਾਸਤ ਦਾ ਸ਼ੀਸ਼ਾ ਹਨ। ਉਨਾਂ ਦੱਸਿਆ ਕਿ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪਟਿਆਲਾ ਵਾਸੀਆਂ ਅਤੇ ਸੈਲਾਨੀਆਂ ਲਈ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਵਾਰ ਜ਼ਰੂਰ ਇਨ੍ਹਾਂ ਥਾਵਾਂ ‘ਤੇ ਆਉਣ ਅਤੇ ਆਪਣੀ ਅਮੀਰ ਵਿਰਾਸਤ ਨੂੰ ਨੇੜਿਉਂ ਤੱਕਣ।

Advertisement
Advertisement
Advertisement
Advertisement
error: Content is protected !!