ਪੁਲਿਸ ਦੀ ‘ਜਾਦੂਈ’ ਗ੍ਰਿਫ਼ਤਾਰੀ: ਚੈਂਬਰ ‘ਚੋਂ ਫੜਿਆ ਬੰਦਾ FIR ‘ਚ ਲਾਇਬ੍ਰੇਰੀ ਕੋਲੋਂ ਕਿਵੇਂ ਨਿਕਲਿਆ..?
ਹਰਿੰਦਰ ਨਿੱਕਾ, ਪਟਿਆਲਾ 27 ਫਰਵਰੀ 2026
ਪਟਿਆਲਾ ਪੁਲਿਸ ਦੀ ‘ਕਾਨੂੰਨੀ ਕਲਾਕਾਰੀ’ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਿਸ ਨੇ ਦਾਅਵਾ ਕੁੱਝ ਹੋਰ ਕੀਤਾ, ਪਰ ਹਕੀਕਤ ਦੀਆਂ ਤਾਰਾਂ ਕਿਤੇ ਹੋਰ ਹੀ ਜੁੜੀਆਂ ਨਿਕਲੀਆਂ। ਮਾਮਲਾ 4 ਫਰਵਰੀ ਦਾ ਹੈ, ਜਦੋਂ ਪੁਲਿਸ ਨੇ ਗਣਪਤ ਰਾਮ ਗੋਦਾਰਾ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤੀ ਕੰਪਲੈਕਸ ਵਿੱਚ ਅਜਿਹੀ ‘ਫੁਰਤੀ’ ਦਿਖਾਈ ਕਿ ਕਾਨੂੰਨ ਦੇ ਰਖਵਾਲੇ (ਵਕੀਲ) ਹੀ ਹੈਰਾਨ ਰਹਿ ਗਏ। ਮਾਨਯੋਗ ਅਦਾਲਤ ਨੇ ਵਕੀਲ ਸੁਖਦੀਪ ਸਿੰਘ ਖਹਿਰਾ ਦੀਆਂ ਦਲੀਲਾਂ ਨਾਲ ਸਹਿਮ ਹੋ ਕੇ, ਗ੍ਰਿਫਤਾਰ ਦੋਸ਼ੀ ਨੂੰ ਜਮਾਨਤ ਤੇ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ।

ਚੈਂਬਰ ਜਾਂ ਲਾਇਬ੍ਰੇਰੀ ? ਪੁਲਿਸ ਦੀ ‘ਗੋਲਮਾਲ’ ਕਹਾਣੀ
ਵਕੀਲਾਂ ਦਾ ਸਾਫ਼ ਇਲਜ਼ਾਮ ਹੈ ਕਿ ਪੁਲਿਸ ਨੇ ਸਾਰੀਆਂ ਮਰਿਆਦਾਵਾਂ ਛਿੱਕੇ ਟੰਗ ਕੇ ਇੱਕ ਵਕੀਲ ਦੇ ਚੈਂਬਰ ਵਿੱਚ ਧਾਵਾ ਬੋਲਿਆ ਅਤੇ ਉੱਥੋਂ ਦੋਸ਼ੀ ਨੂੰ ਚੁੱਕ ਲਿਆ। ਪਰ ਪੁਲਿਸ ਦੀ FIR ਨੇ ਤਾਂ ਅਲੱਗ ਹੀ ‘ਸਕ੍ਰਿਪਟ’ ਲਿਖ ਦਿੱਤੀ। ਪੁਲਿਸ ਮੁਤਾਬਕ ਗ੍ਰਿਫ਼ਤਾਰੀ ਚੈਂਬਰ ਵਿੱਚੋਂ ਨਹੀਂ, ਸਗੋਂ ਲਾਇਬ੍ਰੇਰੀ ਦੇ ਸਾਹਮਣੇ ਹੋਈ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਮੁਲਜ਼ਮ ਲਾਇਬ੍ਰੇਰੀ ਕੋਲ ਖੜ੍ਹਾ ਪੁਲਿਸ ਦੀ ਉਡੀਕ ਕਰ ਰਿਹਾ ਸੀ ਜਾਂ ਫਿਰ ਪੁਲਿਸ ਕੋਲ ਕੋਈ ਅਜਿਹਾ ‘ਜਾਦੂ’ ਹੈ ਜੋ ਬੰਦੇ ਨੂੰ ਚੈਂਬਰ ਵਿੱਚੋਂ ਚੁੱਕ ਕੇ ਕਾਗਜ਼ਾਂ ਵਿੱਚ ਲਾਇਬ੍ਰੇਰੀ ਕੋਲ ਪਹੁੰਚਾ ਦਿੰਦਾ ਹੈ?
ਅਦਾਲਤ ਵਿੱਚ ਪੁਲਿਸ ਦੀਆਂ ਦਲੀਲਾਂ ਹੋਈਆਂ ‘ਫਾਊਲ’
ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਬਚਾਅ ਪੱਖ ਦੇ ਵਕੀਲ ਸੁਖਦੀਪ ਸਿੰਘ ਖਹਿਰਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਕਾਨੂੰਨੀ ਬਾਰੀਕੀਆਂ ਨਾਲ ਅਜਿਹਾ ਘੇਰਿਆ ਕਿ ਪੁਲਿਸ ਦੀਆਂ ਦਲੀਲਾਂ ਹਵਾ ਹੋ ਗਈਆਂ। ਵਕੀਲ ਖਹਿਰਾ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਦੀ ਇਹ ਕਾਰਵਾਈ ਨਿਆਂਇਕ ਮਰਿਆਦਾ ‘ਤੇ ਸਿੱਧੀ ਚੋਟ ਹੈ। ਅਦਾਲਤ ਨੇ ਵਕੀਲ ਖਹਿਰਾ ਦੀਆਂ ਦਲੀਲਾਂ ‘ਤੇ ਮੋਹਰ ਲਾਉਂਦਿਆਂ 26 ਫਰਵਰੀ ਨੂੰ ਗਣਪਤ ਰਾਮ ਗੋਦਾਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ। ਇਹ ਫੈਸਲਾ ਪੁਲਿਸ ਦੀ ‘ਥੋਥੀ’ ਕਾਰਜਸ਼ੈਲੀ ‘ਤੇ ਇੱਕ ਕਰਾਰੀ ਚਪੇੜ ਸਾਬਤ ਹੋਇਆ।

SSP ਸਾਹਿਬ ਦੇ ਦਰਬਾਰ ‘ਚ ਵਕੀਲ
ਵਰਣਨਯੋਗ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਵਕੀਲ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਸੀਨੀਅਰ ਵਕੀਲਾਂ ਦਾ ਇੱਕ ਵਫ਼ਦ SSP ਪਟਿਆਲਾ ਨੂੰ ਵੀ ਮਿਲਿਆ ਸੀ । ਵਕੀਲਾਂ ਨੇ ਸਪੱਸ਼ਟ ਕੀਤਾ ਸੀ ਕਿ ਚੈਂਬਰ ਕੋਈ ਥਾਣਾ ਨਹੀਂ, ਬਲਕਿ ਨਿਆਂ ਦਾ ਮੰਦਰ ਹੈ । SSP ਪਟਿਆਲਾ ਨੇ ਮਾਮਲੇ ਨੂੰ ਵਿਗੜਦਾ ਦੇਖ ਤੁਰੰਤ ‘ਡੈਮੇਜ ਕੰਟਰੋਲ’ ਕਰਦਿਆਂ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਭਰੋਸਾ ਦਿੱਤਾ ਹੈ ਕਿ ਅੱਗੇ ਤੋਂ ਅਜਿਹੀ ‘ਐਡਵੈਂਚਰਸ’ ਗ੍ਰਿਫ਼ਤਾਰੀ ਨਹੀਂ ਹੋਵੇਗੀ।
ਨਿਆਂ ਦੀ ਜਿੱਤ
ਜ਼ਮਾਨਤ ਮਿਲਣ ਤੋਂ ਬਾਅਦ ਵਕੀਲ ਸੁਖਦੀਪ ਸਿੰਘ ਖਹਿਰਾ ਨੇ ਜੇਤੂ ਅੰਦਾਜ਼ ਵਿੱਚ ਕਿਹਾ ਕਿ ਇਹ ਫੈਸਲਾ ਸਾਡੀ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਚਾਹੇ ਕੋਈ ਵਰਦੀ ਵਿੱਚ ਹੋਵੇ ਜਾਂ ਸਾਦੇ ਕੱਪੜਿਆਂ ਵਿੱਚ। ਫਿਲਹਾਲ, ਇਸ ਘਟਨਾ ਨੇ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।







