ਕੇਜਰੀਵਾਲ, ਸਿਸੋਦੀਆ ਬਰੀ: ਸੀਬੀਆਈ ਦੀ ‘ਨਾਕਾਮੀ’ ਦਾ ਖੁਲਾਸਾ! ਰਾਜਨੀਤਿਕ ਬਦਲੇ ਦੀ ਕਾਰਵਾਈ: ਕੀ ਸੀਬੀਆਈ ਸਿਰਫ਼ ਇੱਕ ਮੋਹਰਾ ਹੈ..?
ਹਰਿੰਦਰ ਨਿੱਕਾ, ਪਟਿਆਲਾ 27 ਫਰਵਰੀ 2026
ਦਿੱਲੀ ਦੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਬਰੀ ਕਰਨ ਦੇ ਇਤਿਹਾਸਕ ਫੈਸਲੇ ਨੇ ਸੀਬੀਆਈ ਦੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਫੈਸਲੇ ਨੂੰ ਸੀਬੀਆਈ ਵੱਲੋਂ ਘੜੀ ਗਈ ਇੱਕ ਸਿਆਸਤ ਤੋਂ ਪ੍ਰੇਰਿਤ ਸਾਜ਼ਿਸ਼ ਦਾ ਖੁਲਾਸਾ ਕਰਾਰ ਦਿੱਤਾ ਹੈ।
ਪੰਨੂ ਨੇ ਕਿਹਾ ਕਿ ਅਦਾਲਤ ਨੇ ਖੁਦ ਇਸ ਕੇਸ ਨੂੰ ਅੱਗੇ ਚਲਾਉਣ ਦੇ ਅਯੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਕੋਲ ਕੋਈ ਰਿਕਵਰੀ ਨਹੀਂ, ਕੋਈ ਨਕਦੀ ਨਹੀਂ, ਕੋਈ ਦਸਤਾਵੇਜ਼ ਨਹੀਂ, ਅਤੇ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਮੁਕੱਦਮੇ ਨੂੰ ਟਿਕਾ ਸਕਣ। ਅਦਾਲਤ ਨੇ ਆਪਣੇ ਵਿਸਤ੍ਰਿਤ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਅਧਾਰ ਦੇ ਕੇਸ ਜਾਰੀ ਨਹੀਂ ਰਹਿ ਸਕਦਾ।
ਪੰਨੂ ਨੇ ਦੋਸ਼ ਲਾਇਆ ਕਿ ‘ਆਪ’ ਦੇ ਸ਼ਾਸਨ ਅਤੇ ਇਮਾਨਦਾਰੀ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਸਿਆਸੀ ਵਿਰੋਧੀਆਂ ਨੇ ਸੀਬੀਆਈ ਨੂੰ ਇੱਕ ਮੋਹਰਾ ਬਣਾ ਕੇ ਕਥਿਤ 100 ਕਰੋੜ ਰੁਪਏ ਦੇ ਘੁਟਾਲੇ ਦਾ ਬਿਰਤਾਂਤ ਘੜਿਆ ਸੀ। ਉਨ੍ਹਾਂ ਸਵਾਲ ਕੀਤਾ ਕਿ 100 ਕਰੋੜ ਰੁਪਏ ਕਿੱਥੇ ਹਨ? ਕਿਹੜਾ ਘੁਟਾਲਾ? ਪੰਨੂ ਨੇ ਅੱਗੇ ਕਿਹਾ ਕਿ ਕੇਜਰੀਵਾਲ, ਸਿਸੋਦੀਆ ਅਤੇ ਹੋਰਾਂ ਵੱਲੋਂ ਜੇਲ੍ਹ ਵਿੱਚ ਬਿਤਾਏ ਮਹੀਨੇ ਕਦੇ ਵਾਪਸ ਨਹੀਂ ਕੀਤੇ ਜਾ ਸਕਦੇ।
ਉਨ੍ਹਾਂ ਨਿਆਂਪਾਲਿਕਾ ਦਾ ਧੰਨਵਾਦ ਕੀਤਾ ਅਤੇ ਡਾ. ਬੀਆਰ ਅੰਬੇਡਕਰ ਨੂੰ ਅਜਿਹਾ ਸੰਵਿਧਾਨ ਬਣਾਉਣ ਲਈ ਸ਼ਰਧਾਂਜਲੀ ਭੇਟ ਕੀਤੀ ਜੋ ਇਨਸਾਫ਼ ਦੀ ਰਾਖੀ ਕਰਦਾ ਹੈ। ਇਸ ਫੈਸਲੇ ਨੂੰ ਇਮਾਨਦਾਰ ਰਾਜਨੀਤੀ ਦੀ ਜਿੱਤ ਕਰਾਰ ਦਿੰਦਿਆਂ ਪੰਨੂ ਨੇ ਕਿਹਾ ਕਿ ਇਸ ਨਾਲ ਅਦਾਲਤਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ ਹੈ।
ਇਸ ਉਪਰੰਤ ਉਨ੍ਹਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਨਾਰਦਾਣਾ ਚੌਂਕ ਵਿਖੇ ਖੁਸ਼ੀ ਪ੍ਰਗਟਾਉਂਦਿਆਂ ਲੱਡੂ ਵੀ ਵੰਡੇ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਮਹਿਲਾ ਵਿੰਗ ਦੇ ਆਗੂ ਵੀਰਪਾਲ ਕੌਰ ਚਹਿਲ, ਗੁਰਵਿੰਦਰ ਸਿੰਘ, ਜਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਅਭਿਸ਼ੇਕ ਸ਼ਰਮਾ, ਸੰਦੀਪ ਬੰਧੂ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਮਨਦੀਪ ਸਿੰਘ ਰਾਜਾ, ਆਰ ਸੀ ਗੁਪਤਾ, ਅਮਰਿੰਦਰ ਸਿੰਘ ਰਵੀ ਕੁਮਾਰ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਅਤੇ ਹੋਰ ਹਾਜ਼ਰ ਸਨ।







