ਪਿਆਰ, ਪੜ੍ਹਾਈ ਤੇ ਫਿਰ ਤਬਾਹੀ-ਪਟਿਆਲਾ ਜ਼ਿਲ੍ਹੇ ‘ਚ ਅਪਰਾਧ ਦਾ ਕਾਲਾ ਸੱਚ..!
ਹਰਿੰਦਰ ਨਿੱਕਾ, ਪਟਿਆਲਾ 1 ਮਾਰਚ 2026
ਕੀ ਤੁਸੀਂ ਜਾਣਦੇ ਹੋ ਕਿ ਜਿਸ ਵਿਦਿਅਕ ਅਦਾਰੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸੁਪਨੇ ਬੁਣਨ ਲਈ ਭੇਜਦੇ ਹੋ, ਉੱਥੇ ਹੀ ਕੋਈ ‘ਸ਼ਿਕਾਰੀ’ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਜਾਲ ਵੀ ਵਿਛਾ ਰਿਹਾ ਹੋ ਸਕਦਾ ਹੈ ? ਪਟਿਆਲਾ ਪੁਲਿਸ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਤਿੰਨ ਮਾਮਲਿਆਂ ਨੇ ਰੂਹ ਕੰਬਾ ਕੇ ਰੱਖ ਦਿੱਤੀ ਹੈ।
PTE ਸੈਂਟਰ ਤੋਂ ਬਲੈਕਮੇਲਿੰਗ ਤੱਕ ਦਾ ਸਫ਼ਰ
ਕਹਾਣੀ ਸ਼ੁਰੂ ਹੁੰਦੀ ਹੈ ਅਰਬਨ ਅਸਟੇਟ ਦੇ ਇੱਕ ਐਜ਼ੂਕੇਸ਼ਨਲ ਇੰਸਟੀਚਿਊਟ ਤੋਂ, ਜਿੱਥੇ ਪੜ੍ਹਾਈ ਦੇ ਬਹਾਨੇ ਦਰਵੇਸ਼ ਕੁਮਾਰ ਪੁੱਤਰ ਰਣਧੀਰ ਸਿੰਘ (ਵਾਸੀ ਖਰਲਿਆ ਪੱਤੀ, ਮੂਣਕ, ਅਨਜਾਨਾ , ਜ਼ਿਲ੍ਹਾ ਸੰਗਰੂਰ) ਨੇ ਇੱਕ ਲੜਕੀ ਨਾਲ ਦੋਸਤੀ ਗੰਢੀ। ਇਹ ਦੋਸਤੀ ਸੋਸ਼ਲ ਮੀਡੀਆ ‘ਤੇ ਗੂੜ੍ਹੀ ਹੋਈ ਅਤੇ ਫਿਰ ਵਿਆਹ ਦੇ ਝਾਂਸੇ ਵਿੱਚ ਬਦਲ ਗਈ। ਪਰ ਅਸਲੀ ਖੇਡ ਉਦੋਂ ਸ਼ੁਰੂ ਹੋਈ ਜਦੋਂ ਦਰਵੇਸ਼ ਨੇ ਆਪਣੀ ਸਹਿਪਾਠੀ ਲੜਕੀ ਨੂੰ ਕਿਰਾਏ ਦੇ ਮਕਾਨ ਵਿੱਚ ਲਿਜਾ ਕੇ,ਉਸ ਦਾ ਸਰੀਰਕ ਸ਼ੋਸਣ ਕੀਤਾ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ। ਉਹੀ ‘ਪ੍ਰੇਮੀ’ ਨੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ। ਮਾਮਲਾ ਪੁਲਿਸ ਕੋਲ ਅਪੜਿਆ ਤਾਂ ਪੁਲਿਸ ਨੇ ਧਾਰਾ 69 BNS ਤਹਿਤ ਕੇਸ ਦਰਜ ਕਰਕੇ ਦੋਸ਼ੀ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ।
ਜਦੋਂ ਪੇਪਰ ਦੇਣ ਗਈ ਮਾਸੂਮ ਘਰ ਹੀ ਨਹੀਂ ਮੁੜੀ ...
ਹਾਲੇ ਇਲਾਕੇ ਅੰਦਰ ਦਰਵੇਸ਼ ਦੀ ਕਰਤੂਤ ‘ਤੇ ਚਰਚਾ ਹੀ ਹੋ ਰਹੀ ਸੀ ਕਿ ਥਾਣਾ ਪਾਸਿਆਣਾ ਤੋਂ ਇੱਕ ਹੋਰ ਦਿਲ ਦੀ ਧੜਕਣ ਤੇਜ਼ ਕਰ ਦੇਣ ਵਾਲੀ ਖ਼ਬਰ ਆ ਗਈ। ਇੱਕ 14 ਸਾਲਾ ਮਾਸੂਮ ਬੱਚੀ, ਜੋ ਪੇਪਰ ਦੇਣ ਲਈ ਘਰੋਂ ਨਿਕਲੀ ਸੀ, ਨੂੰ ਕਿਸੇ ਅਣਪਛਾਤੇ ਦਰਿੰਦਿਆਂ ਨੇ ਵਿਆਹ ਦਾ ਝਾਂਸਾ ਦੇ ਕੇ ਰਸਤੇ ਵਿੱਚੋਂ ਹੀ ਅਗਵਾ ਕਰ ਲਿਆ। ਸਕੂਲ ਖਾਲੀ ਰਿਹਾ ਅਤੇ ਘਰ ਵਿੱਚ ਸੱਥਰ ਵਿਛ ਗਏ। ਪੁਲਿਸ ਨੇ ਇਸ ਮਾਮਲੇ ਵਿੱਚ POCSO Act ਦੀਆਂ ਸਖ਼ਤ ਧਾਰਾਵਾਂ ਲਗਾ ਕੇ ਅਗਵਾਕਾਰ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।
ਬਨੂੰੜ ਦੀਆਂ ਸੜਕਾਂ ‘ਤੇ ਅਗਵਾ ਦਾ ਹਾਈ-ਵੋਲਟੇਜ ਡਰਾਮਾ
ਦਹਿਸ਼ਤ ਦਾ ਇਹ ਸਿਲਸਿਲਾ ਬਨੂੰੜ ਪਹੁੰਚਦਿਆਂ ਹੋਰ ਵੀ ਗੰਭੀਰ ਹੋ ਗਿਆ। ਇੱਥੇ ਕਰਨ ਪੁੱਤਰ ਜਸਵਿੰਦਰ ਸਿੰਘ (ਵਾਸੀ ਪਿੰਡ ਫਤਿਹਗੜ੍ਹ ਗੜ੍ਹੀ) ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਕਰਨ ਨੇ 16 ਸਾਲਾ ਨਾਬਾਲਗ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ ਅਤੇ ਮੋਟਰਸਾਈਕਲ ‘ਤੇ ਬਿਠਾ ਕੇ ਰਾਜਪੁਰਾ ਸਾਈਡ ਲੈ ਗਿਆ। ਲੜਕੀ ਕਿਸੇ ਤਰ੍ਹਾਂ ਵਾਪਸ ਤਾਂ ਆ ਗਈ, ਪਰ ਉਸ ਦੇ ਬਿਆਨਾਂ ਨੇ ਕਰਨ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰ ਦਿੱਤਾ। ਥਾਣਾ ਬਨੂੰੜ ਦੀ ਪੁਲਿਸ ਨੇ FIR ਨੰਬਰ 29 ਦਰਜ ਕਰਕੇ ਅਪਰਾਧੀਆਂ ਦੀ ਫੜੋ ਫੜੀ ਦੇ ਯਤਨ ਤੇਜ਼ ਕਰ ਦਿੱਤੇ।
ਜ਼ਰਾ ਸੁਚੇਤ ਰਹੋ, ਮਾਹੌਲ ਠੀਕ ਨਹੀਂ!
ਉਕਤ ਜ਼ਿਕਰਯੋਗ ਤਿੰਨੋਂ ਵਾਰਦਾਤਾਂ ਇੱਕੋ ਹੀ ਪੈਟਰਨ ਵੱਲ ਇਸ਼ਾਰਾ ਕਰਦੀਆਂ ਹਨ। ਵਰਗਲਾਉਣਾ, ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਅਤੇ ਵਿਆਹ ਦਾ ਝੂਠਾ ਲਾਲਚ। ਕੀ ਅਗਲਾ ਨਿਸ਼ਾਨਾ ਕੋਈ ਹੋਰ ਹੋਵੇਗਾ? ਆਪਣੇ ਬੱਚਿਆਂ ਨਾਲ ਗੱਲ ਕਰੋ, ਉਨ੍ਹਾਂ ਦੇ ਦੋਸਤਾਂ ਬਾਰੇ ਜਾਣੋ ਅਤੇ ਦਰਵੇਸ਼ ਤੇ ਕਰਨ ਵਰਗੇ ਚਿਹਰਿਆਂ ਤੋਂ ਸਮਾਜ ਨੂੰ ਬਚਾਓ।







