ਬਰਨਾਲਾ ਦੇ ਨਾਮੀ ਸਕੂਲ ‘ਟਾਰਗੇਟ’ ‘ਤੇ, ਸਾਈਬਰ ਸੁਰੱਖਿਆ ਦੇ ਦਾਅਵੇ ਫੇਲ੍ਹ: ਬੰਬ ਦੀਆਂ ਧਮਕੀਆਂ ‘ਆਮ’
ਹਰਿੰਦਰ ਨਿੱਕਾ, ਬਰਨਾਲਾ 16 ਅਪ੍ਰੈਲ 2026
ਜਿਲ੍ਹੇ ਦੇ ਛੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਨਾਲ ਇਲਾਕੇ ਦੇ ਲੋਕਾਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ। ਬੇਸ਼ੱਕ ਈਮੇਲ ਭੇਜਣ ਵਾਲਿਆਂ ਦਾ ਕੋਈ ਥਹੁ ਪਤਾ ਤਾਂ ਨਹੀਂ ਹੈ, ਪਰੰਤੂ ਇਸ ਮੇਲ ਨੇ ਪੂਰੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ। ਭਾਂਵੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ, ਸਭ ਕੁੱਝ ਠੀਕ ਹੋਣ ਦੇ ਦਾਅਵੇ ਕਰਕੇ ਲੋਕਾਂ ਨੂੰ ਬੇਫਿਕਰ ਰਹਿਣ ਲਈ ਕਿਹਾ ਜਾ ਰਿਹਾ ਹੈ। ਪਰੰਤੂ ਹਕੀਕਤ ਇਹ ਹੈ ਕਿ ਟੰਡਨ ਇੰਟਰਨੈਸ਼ਨਲ ਸਕੂਲ, ਵਾਈ.ਐਸ. ਗਰੁੱਪ, ਆਰੀਆਭੱਟ ਸਕੂਲ ਅਤੇ ਸੈਕਰਡ ਹਾਰਟ ਸਕੂਲ ਅ਼ਤੇ ਗੋਬਿੰਦ ਇਟਰਨੈਸ਼ਨਲ ਵਰਗੇ ਅਦਾਰਿਆਂ ਵਿੱਚ ਪੜ੍ਹਦੇ ਬੱਚਿਆਂ / ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦੀ ਜਾਨ ਸੂਲੀ ‘ਤੇ ਟੰਗੀ ਗਈ।

ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਜਦੋਂ ਸਵੇਰੇ ਈ-ਮੇਲ ਖੋਲ੍ਹੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ-ਸਾਹਮਣੇ ਮੌਤ ਦੀ ਧਮਕੀ ਲਿਖੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹੀ ਧਮਕੀ ਵਾਈ.ਐਸ. ਗਰੁੱਪ ਅਤੇ ਆਰੀਆ ਭੱਟਾ ਗਰੁੱਪ ਨੂੰ ਵੀ ਭੇਜੀ ਗਈ ਸੀ, ਪਰ ਤਕਨੀਕੀ ਖ਼ਰਾਬੀ ਕਾਰਨ ਉਹ ਮੇਲ ਉਪਰ ਜਿਕਰਯੋਗ ਸਕੂਲਾਂ ਕੋਲ ਪਹੁੰਚੀ ਹੀ ਨਹੀਂ। ਇਸ ਮੌਕੇ ਐਸਡੀ ਸਭਾ ਰਜਿਸਟਰਡ ਬਰਨਾਲਾ ਦੇ ਚੇਅਰਮੈਨ ਡਾਕਟਰ ਪਿਨਾਂਕ ਮੌਦਗਿੱਲ ਅਤੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਰਿਹਾ।
ਜਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਐਸ.ਪੀ. ਮੁਹੰਮਦ ਸਰਫਰਾਜ ਆਲਮ ਭਾਰੀ ਲਾਮ-ਲਸ਼ਕਰ ਨਾਲ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਪੱਤਰਕਾਰਾਂ ਸਾਹਮਣੇ ਪੁਰਾਣਾ ਰਾਗ ਅਲਾਪਦਿਆਂ ਕਿਹਾ ਕਿ ‘ਕੋਈ ਡਰਨ ਦੀ ਲੋੜ ਨਹੀਂ ਹੈ’ ਅਤੇ ਸਾਈਬਰ ਟੀਮਾਂ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ। ਪਰੰਤੂ ਲੋਕਾਂ ਦੇ ਜ਼ਿਹਨ ਅੰਦਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਪੁਲਿਸ ਦੀਆਂ ਪੈਟਰੋਲਿੰਗ ਅਤੇ ਐਂਟੀ-ਸਾਬੋਤਾਜ਼ ਟੀਮਾਂ ਇੰਨੀਆਂ ਹੀ ਸਰਗਰਮ ਹਨ, ਤਾਂ ਇਹ ਸ਼ਰਾਰਤੀ ਅਨਸਰ ਵਾਰ-ਵਾਰ ਪ੍ਰਸ਼ਾਸਨ ਦੀ ਨੱਕ ਹੇਠ ਅਜਿਹੀਆਂ ਹਰਕਤਾਂ ਕਿਵੇਂ ਕਰ ਜਾਂਦੇ ਹਨ..?
ਮੌਕੇ ‘ਤੇ ਡੀ.ਐਸ.ਪੀ. ਸਿਟੀ ਸਤਵੀਰ ਸਿੰਘ ਬੈਂਸ ਅਤੇ ਥਾਣਾ ਸਿਟੀ-1 ਦੇ ਐਸ.ਐਚ.ਓ. ਇੰਸ: ਲਖਵਿੰਦਰ ਸਿੰਘ ਵੀ ਪੁਲਿਸ ਫੋਰਸ ਨਾਲ ਮੌਜੂਦ ਸਨ, ਪਰ ਪ੍ਰਸ਼ਾਸਨ ਦੀ ‘ਚੈਕਿੰਗ ਅਤੇ ਸੈਨੀਟਾਈਜ਼ੇਸ਼ਨ’ ਦੇ ਭਰੋਸੇ ਤੋਂ ਵੱਧ ਮਾਪਿਆਂ ਤੇ ਡਰ ਭਾਰੀ ਪਿਆ। ਸਹਿਮੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਗੇਟਾਂ ‘ਤੇ ਪਹੁੰਚ ਗਏ, ਜਿਸ ਕਾਰਨ ਮਜਬੂਰਨ ਸਕੂਲ ਪ੍ਰਬੰਧਕਾਂ ਨੂੰ ਛੁੱਟੀ ਕਰਨੀ ਪਈ।
ਸਿਰਫ਼ ਚੈਕਿੰਗ ਜਾਂ ਕੋਈ ਕਾਰਵਾਈ ਵੀ?
ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀਆਂ ਅਦਾਲਤਾਂ ਅਤੇ ਸਕੂਲਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਹਾਲੇ ਕੁਝ ਦਿਨ ਪਹਿਲਾਂ ਬਰਨਾਲਾ ਕੋਰਟ ਕੰਪਲੈਕਸ ਨੂੰ ਉਡਾਉਣ ਦੀ ਧਮਕੀ ਵੀ ਮਿਲੀ ਸੀ। ਪਰ ਅਫਸੋਸ ! ਇਹ ਕਿ ‘ਹਾਈ-ਟੈਕ’ ਪੁਲਿਸ ਅਤੇ ਸਰਕਾਰ ਅਜੇ ਤੱਕ ਇੱਕ ਵੀ ਈ-ਮੇਲ ਭੇਜਣ ਵਾਲੇ ਦਾ ਪਤਾ ਨਹੀਂ ਲਗਾ ਸਕੀ। ਜਦੋਂਕਿ ਸ਼ਰਾਰਤੀ ਅਨਸਰ ਬੇਖੌਫ਼ ਹਨ। ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਸਿਰਫ਼ ਜਾਂਚ ਦੇ ਦਾਅਵਿਆਂ ਵਿੱਚ ਉਲਝੇ ਹੋਏ ਹਨ।
ਜਨਤਾ ਸਵਾਲ ਪੁੱਛ ਰਹੀ ਹੈ- ਕੀ ਪ੍ਰਸ਼ਾਸਨ ਸਿਰਫ਼ ਧਮਾਕਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ..?
ਕਦੋਂ ਤੱਕ ਬਰਨਾਲਾ ਦੇ ਲੋਕ ਅਤੇ ਮਾਸੂਮ ਬੱਚੇ ਅਜਿਹੇ ਸਹਿਮ ਦੇ ਸਾਏ ਹੇਠ ਜੀਣਗੇ..?
ਪ੍ਰਸ਼ਾਸਨ ਦੀ ਇਹ ‘ਡੰਗ ਟਪਾਊ ’ ਕਾਰਵਾਈ ਕੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ?







