Police ਦੇ ਨੱਕ ਹੇਠ ਲੁਟੇਰਿਆਂ ਦੀ ‘ਪਿਕਨਿਕ’: ਪੁਲਿਸ ਲੱਭਦੀ ਰਹੀ ਪੈੜਾਂ, ਲੁਟੇਰੇ ਵੰਡਦੇ ਰਹੇ ਦਹਿਸ਼ਤ!

Advertisement
Spread information

ਨਾਕਿਆਂ ਤੇ ਸੁੰਨ ਪਸਰੀ, ਆਦਮ ਬੋ-ਆਦਮ ਬੋ’ ਕਰਦੇ ਰਹੇ ਲੁਟੇਰੇ….!

ਹਰਿੰਦਰ ਨਿੱਕਾ, ਬਰਨਾਲਾ 12 ਅਪ੍ਰੈਲ 2026
     ਜ਼ਿਲ੍ਹਾ ਬਰਨਾਲਾ ਵਿੱਚ ਬੀਤੀ ਰਾਤ ਕਾਨੂੰਨ ਦੇ ਰਖਵਾਲਿਆਂ ਦੀ ਕਾਰਜਪ੍ਰਣਾਲੀ ਉਸ ਵੇਲੇ ਮਜ਼ਾਕ ਬਣ ਕੇ ਰਹਿ ਗਈ, ਜਦੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਪੂਰਾ ਇੱਕ ਘੰਟਾ ਜ਼ਿਲ੍ਹੇ ਦੀਆਂ ਸੜਕਾਂ ‘ਤੇ ਮੌਤ ਦਾ ਤਾਂਡਵ ਮਚਾਇਆ। ਪੁਲਿਸ ਦੀ ਸੁਸਤੀ ਦਾ ਆਲਮ ਇਹ ਰਿਹਾ ਕਿ ਪੁਲਿਸ ਦੀ ਕਾਗਜੀ ਮੁਸਤੈਦੀ, ਅੱਗੇ ਲੁਟੇਰੇ **”ਤੁਸੀਂ ਡਾਲ-ਡਾਲ, ਅਸੀਂ ਪਾਤ-ਪਾਤ”** ਵਾਲੀ ਖੇਡ ਖੇਡਦੇ ਰਹੇ ।

**ਪੁਲਿਸ ਪਿੱਛੇ-ਪਿੱਛੇ, ਲੁਟੇਰੇ ਅੱਗੇ-ਅੱਗੇ**
    ਲੁਟੇਰਿਆਂ ਨੇ ਸ਼ਾਇਦ ਪੁਲਿਸ ਦੀ ਸਪੀਡ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ। ਜਦੋਂ ਪੁਲਿਸ ਇੱਕ ਵਾਰਦਾਤ ਵਾਲੀ ਥਾਂ ਪਹੁੰਚਦੀ, ਤਾਂ ਲੁਟੇਰੇ ਸ਼ਰੇਆਮ ਚੁਣੌਤੀ ਦਿੰਦੇ ਹੋਏ ਅਗਲੇ ਠੇਕੇ ‘ਤੇ ਪਹੁੰਚ ਜਾਂਦੇ। ਬਰਨਾਲਾ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਇੱਕੋ ਮੋਟਰਸਾਈਕਲ ‘ਤੇ ਸਵਾਰ ਤਿੰਨ ਬੰਦੇ ਪੂਰੇ ਜ਼ਿਲ੍ਹੇ ਦੀ ਪੁਲਿਸ ਨੂੰ ਉਂਗਲਾਂ ‘ਤੇ ਨਚਾਉਂਦੇ ਰਹੇ। ਨਾ ਕਿਤੇ ਨਾਕਾਬੰਦੀ ਨਜ਼ਰ ਆਈ ਅਤੇ ਨਾ ਹੀ ਲੁਟੇਰਿਆਂ ਦੇ ਰਾਹ ਵਿੱਚ ਕੋਈ ਰੁਕਾਵਟ।
**ਵਾਰਦਾਤਾਂ ਦਾ ਸਿਲਸਿਲਾ: ਢਿੱਲਵਾਂ ਤੋਂ ਬਡਬਰ ਤੱਕ ਦਹਿਸ਼ਤ**
    ਲੁਟੇਰਿਆਂ ਨੇ ਆਪਣੇ ਖ਼ੂਨੀ ਇਰਾਦਿਆਂ ਦੀ ਸ਼ੁਰੂਆਤ ਲੰਘੀ ਕੱਲ੍ਹ ਸ਼ਾਮ ਕਰੀਬ ਸਾਢੇ ਸੱਤ ਵਜੇ **ਤਪਾ-ਢਿੱਲਵਾਂ ਰੋਡ** ‘ਤੇ ਸਥਿਤ **ਢਿੱਲਵਾਂ ਠੇਕੇ** ਤੋਂ ਕੀਤੀ। ਜਦੋਂ ਇੱਥੇ ਸੇਲਜ਼ਮੈਨ ਬੁੱਧ ਵਿਲਾਸ ਹੱਥ ਨਾ ਆਇਆ ਤਾਂ ਉਹਨਾਂ ਨੇ **ਸੁਖਪੁਰਾ ਮੌੜ** ਦੇ ਠੇਕੇ ‘ਤੇ ਧਾਵਾ ਬੋਲ ਕੇ 25 ਹਜ਼ਾਰ ਦੀ ਨਕਦੀ ਅਤੇ ਪੁਲਿਸ ਦੇ ਅਕਸ ਨੂੰ ਲੀਰੋ-ਲੀਰ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਲੁਟੇਰਿਆਂ ਨੇ **ਬਰਨਾਲਾ-ਬਾਜਾਖਾਨਾ ਰੋਡ** ‘ਤੇ ਸਥਿਤ **ਜੇਲ੍ਹ ਰੋਡ** ਦੇ ਠੇਕੇ ਨੂੰ ਨਿਸ਼ਾਨਾ ਬਣਾ ਕੇ 35-40 ਹਜ਼ਾਰ ਰੁਪਏ ਲੁੱਟ ਲਏ। ਸ਼ਾਇਦ ਲੁਟੇਰੇ ਇਹ ਦੱਸਣਾ ਚਾਹੁੰਦੇ ਸਨ ਕਿ ਜੇਲ੍ਹ ਰੋਡ ‘ਤੇ ਵੀ ਉਹਨਾਂ ਨੂੰ ਫੜਨ ਵਾਲਾ ਕੋਈ ਨਹੀਂ।

 **ਸੇਲਜ਼ਮੈਨ ਦੀ ਦਲੇਰੀ ਨੇ ਖੋਲ੍ਹੀ ਪੁਲਿਸ ਦੀ ਪੋਲ**
     ਜਿੱਥੇ ਪੂਰੇ ਜ਼ਿਲ੍ਹੇ ਦੀ ਪੁਲਿਸ ਲੁਟੇਰਿਆਂ ਦਾ ਰਾਹ ਰੋਕਣ ਵਿੱਚ ਨਾਕਾਮ ਰਹੀ, ਉੱਥੇ **ਬਰਨਾਲਾ-ਸੰਗਰੂਰ ਰੋਡ** ‘ਤੇ ਸਥਿਤ **ਬਡਬਰ ਠੇਕੇ** ਦੇ ਸੇਲਜ਼ਮੈਨ ਰੋਹਿਤ ਚੌਹਾਨ ਨੇ ਉਹ ਕਰ ਦਿਖਾਇਆ ਜੋ ਹਥਿਆਰਬੰਦ ਪੁਲਿਸ ਨਾ ਕਰ ਸਕੀ। ਜਦੋਂ ਲੁਟੇਰਿਆਂ ਨੇ ਘਣ ਅਤੇ ਰਾਡਾਂ ਨਾਲ ਹਮਲਾ ਕੀਤਾ, ਤਾਂ ਸੇਲਜ਼ਮੈਨ ਨੇ ਸ਼ਰਾਬ ਦੀਆਂ ਬੋਤਲਾਂ ਨੂੰ ਹੀ ਹਥਿਆਰ ਬਣਾ ਲਿਆ। ਸੇਲਜ਼ਮੈਨ ਦੀ ਬੋਤਲਬਾਰੀ ਅੱਗੇ ਪਿਸਤੌਲਧਾਰੀ ਲੁਟੇਰੇ ਵੀ ਦੁੰਮ ਦਬਾ ਕੇ ਭੱਜਣ ਲਈ ਮਜਬੂਰ ਹੋ ਗਏ।
 ** ਸਵਾਲ ਇਹ ਵੀ ਤਾਂ ਬਣਦਾ ਹੈ**
    ਲੋਕਾਂ ਵਿੱਚ ਚਰਚਾ ਹੈ ਕਿ ਜੇਕਰ ਇੱਕ ਸੇਲਜ਼ਮੈਨ ਬੋਤਲਾਂ ਨਾਲ ਲੁਟੇਰਿਆਂ ਨੂੰ ਭਜਾ ਸਕਦਾ ਹੈ, ਤਾਂ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਪੁਲਿਸ ਫੋਰਸ ਇੱਕ ਘੰਟੇ ਤੱਕ ਨਾਕਾਬੰਦੀ ਕਿਉਂ ਨਹੀਂ ਕਰ ਸਕੀ? ਕੀ ਪੁਲਿਸ ਸਿਰਫ਼ ਚਲਾਨ ਕੱਟਣ ਲਈ ਹੈ ਜਾਂ ਫਿਰ ਲੁਟੇਰਿਆਂ ਨੂੰ “ਸੇਫ਼ ਪੈਸੇਜ” ਦੇਣ ਲਈ? ਖ਼ੈਰ, ਲੁਟੇਰੇ ਤਾਂ ਫ਼ਰਾਰ ਹਨ, ਪਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਲੱਗਿਆ ਦਾਗ਼ ਹੁਣ ਜਲਦੀ ਧੋਣ ਵਾਲਾ ਨਹੀਂ।

Advertisement
Advertisement
Advertisement
Advertisement
error: Content is protected !!