ਇੰਟੈਲੀਜੈਂਸ ਦਫ਼ਤਰ ‘ਚ ਖਾਲਿਸਤਾਨੀ ਕੇਸ ਦੇ ਨਾਂ ‘ਤੇ ਵਸੂਲੀ? ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਭ੍ਰਿਸ਼ਟ ਅਫ਼ਸਰ!
ਹਰਿੰਦਰ ਨਿੱਕਾ, ਪਟਿਆਲਾ 25 ਮਾਰਚ 2026
ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅੱਜ ਪਟਿਆਲਾ ਵਿਖੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਟਿਆਲਾ ਦੇ ਕਾਊਂਟਰ ਇੰਟੈਲੀਜੈਂਸ ਦਫ਼ਤਰ ਵਿੱਚ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ASI) ਵੱਲੋਂ ‘ਖਾਲਿਸਤਾਨੀ ਲਹਿਰ’ ਦੇ ਨਾਂ ਦਾ ਹਊਆ ਖੜ੍ਹਾ ਕਰਕੇ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਵਿਜੀਲੈਂਸ ਬਿਊਰੋ ਨੇ ਮੌਕੇ ‘ਤੇ ਪਹੁੰਚ ਕੇ ਇਸ ‘ਗੰਦੀ ਖੇਡ’ ਦਾ ਪਰਦਾਫਾਸ਼ ਕਰ ਦਿੱਤਾ।

ਭੈਅ ਤੋਂ ਭ੍ਰਿਸ਼ਟਾਚਾਰ ਤੱਕ,,,
ਮਿਲੀ ਜਾਣਕਾਰੀ ਮੁਤਾਬਕ, ਨਾਭਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ASI ਹਰਪਾਲ ਸਿੰਘ ਉਸ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਦੋਸ਼ੀ ਅਫ਼ਸਰ ਨੇ ਸ਼ਿਕਾਇਤਕਰਤਾ ਨੂੰ ਦਫ਼ਤਰ ਬੁਲਾ ਕੇ ਡਰਾਇਆ ਕਿ ਉਸਦਾ ਸਬੰਧ ਸਾਲ 2023 ਦੀ ਇੱਕ ਖਾਲਿਸਤਾਨੀ ਜਾਂਚ ਨਾਲ ਜੁੜਿਆ ਹੋਇਆ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ASI ਨੇ ਸ਼ਿਕਾਇਤਕਰਤਾ ਦੀ ਵਿਦੇਸ਼ ਜਾਣ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹਿਆ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ 20,000 ਰੁਪਏ ਰਿਸ਼ਵਤ ਨਾ ਦਿੱਤੀ ਗਈ, ਤਾਂ ਉਹ ਉਸਦੇ ਖਿਲਾਫ਼ ਅਜਿਹੀ ਰਿਪੋਰਟ ਤਿਆਰ ਕਰੇਗਾ ਕਿ ਉਹ ਕਦੇ ਵਿਦੇਸ਼ ਨਹੀਂ ਜਾ ਸਕੇਗਾ।
ਵਿਜੀਲੈਂਸ ਨੇ ਵਿਛਾਇਆ ਜਾਲ
ਸ਼ਿਕਾਇਤਕਰਤਾ ਨੇ ਭ੍ਰਿਸ਼ਟ ਅਫ਼ਸਰ ਅੱਗੇ ਝੁਕਣ ਦੀ ਬਜਾਏ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨਾਲ ਸੰਪਰਕ ਕੀਤਾ। ਵਿਜੀਲੈਂਸ ਨੇ ਤੁਰੰਤ ਜਾਲ ਵਿਛਾਇਆ ਅਤੇ ਜਿਵੇਂ ਹੀ ASI ਹਰਪਾਲ ਸਿੰਘ ਨੇ ਰਿਸ਼ਵਤ ਦੇ 20,000 ਰੁਪਏ ਫੜੇ, ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਟੀਮ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ।
ਵੱਡੀ ਕਾਰਵਾਈ, ਪੜਤਾਲ ਜਾਰੀ
ਵਿਜੀਲੈਂਸ ਬਿਊਰੋ ਨੇ ਦੋਸ਼ੀ ASI ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਹੁਣ ਜਾਂਚ ਇਸ ਗੱਲ ਦੀ ਹੋ ਰਹੀ ਹੈ ਕਿ ਕੀ ਇਹ ਅਫ਼ਸਰ ਪਹਿਲਾਂ ਵੀ ਇਸੇ ਤਰ੍ਹਾਂ ‘ਖਾਲਿਸਤਾਨੀ ਕਨੈਕਸ਼ਨ’ ਦਾ ਡਰ ਦਿਖਾ ਕੇ ਹੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ?







