ਬਰਨਾਲਾ ‘ਚ ਕਹਿਰ: ਨੀਂਦ ‘ਚ ਹੀ ਮੌਤ ਨੇ ਪਾਇਆ ਘੇਰਾ, ਮਿੱਟੀ ਦੇ ਢੇਰ ‘ਚ ਤਬਦੀਲ ਹੋਈ ਜ਼ਿੰਦਗੀ..!

Advertisement
Spread information

ਮੌਤ ਦਾ ਮਕਾਨ: ਮੋਗਾ ਦੇ 3 ਨੌਜਵਾਨਾਂ ਲਈ ਕਾਲ ਬਣੀਆਂ ਕੰਧਾਂ, ਮਲਬੇ ਹੇਠ ਦਬ ਕੇ ਨਿਕਲੀਆਂ ਚੀਕਾਂ!

ਕੇਵਲ ਸਿੰਘ ਢਿੱਲੋਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਕੀਤੀ ਡੀਸੀ ਨਾਲ ਗੱਲਬਾਤ 

ਹਰਿੰਦਰ ਨਿੱਕਾ, ਬਰਨਾਲਾ 29 ਮਾਰਚ 2026

     ਜਿਲ੍ਹੇ ਦੇ ਪਿੰਡ ਫਰਵਾਹੀ ਵਿੱਚ ਅੱਜ ਤੜਕੇ ਇੱਕ ਅਜਿਹਾ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਕੰਬਾ ਕੇ ਰੱਖ ਦਿੱਤਾ ਹੈ। ਮੋਗਾ ਤੋਂ ਰੋਜ਼ੀ-ਰੋਟੀ ਕਮਾਉਣ ਆਏ ਚਾਰ ਨੌਜਵਾਨਾਂ ਨੂੰ ਕੀ ਪਤਾ ਸੀ ਕਿ ਜਿਸ ਮਕਾਨ ਦੀਆਂ ਕੰਧਾਂ ਨੂੰ ਉਹ ਸਹਾਰਾ ਦੇਣ ਆਏ ਹਨ, ਉਹੀ ਕੰਧਾਂ ਉਨ੍ਹਾਂ ਦੀ ਕਬਰ ਬਣ ਜਾਣਗੀਆਂ। ਉੱਧਰ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ, ਘਟਨਾ ਤੇ ਗਹਿਰਾ ਦੁੱਖ ਕੀਤਾ ਹੈ।

ਭਾਜਪਾ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ

     ਉਨ੍ਹਾਂ ਦੱਸਿਆ ਕਿ ਮੈਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਕੇ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਡੀਸੀ ਸਾਬ੍ਹ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਐਸਡੀਐਮ ਬਰਨਾਲਾ ਨੂੰ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ,ਇਸ ਘਟਨਾ ਸਬੰਧੀ ਰਿਪੋਰਟ ਦੇਣ ਲਈ ਕਹਿ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਡੀਸੀ ਸਾਬ੍ਹ ਨੂੰ ਇਹ ਵੀ ਕਿਹਾ ਹੈ ਕਿ ਉਹ ਅਸੀਸਟੈਂਟ ਲੇਬਰ ਕਮਿਸ਼ਨਰ ਦੀ ਵੀ ਜ਼ਿੰਮੇਵਾਰੀ ਲਾਉਣ ਕਿ ਲੇਬਰ ਬਾਈਲਾਜ ਦੇ ਮੁਤਾਬਿਕ ਪੀੜਤ ਪਰਿਵਾਰਾਂ ਨੂੰ ਸਾਰੀਆਂ ਸਹੂਲਤਾਂ ਦਿਵਾਈਆਂ ਜਾਣ। ਢਿੱਲੋਂ ਨੇ ਕਿਹਾ  ਕਿ ਬੇਸ਼ੱਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰੰਤੂ ਫਿਰ ਵੀ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਮੁੱਹਈਆ ਕਰਵਾਈ ਆਰਥਿਕ ਮੱਦਦ ਦੁੱਖ ਨੂੰ ਥੋੜ੍ਹਾ ਘੱਟ ਜ਼ਰੂਰ ਕਰਦੀ ਹੈ। 

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਮੌਕੇ ਤੇ ਪਹੁੰਚ ਕੇ ਪੀੜਤਾਂ ਨੂੰ ਢਾਰਸ ਦਿੰਦੇ ਹੋਏ

ਨੀਂਦ ਵਿੱਚ ਹੀ ਟੁੱਟਿਆ ਕਹਿਰ

   ਪ੍ਰਾਪਤ ਜਾਣਕਾਰੀ ਅਨੁਸਾਰ, ਵਿਸ਼ਾਲ ਪੁੱਤਰ ਜੀਵਨ ਕੁਮਾਰ ਵਾਸੀ ਫਰਵਾਹੀ ਦੇ ਮਕਾਨ ਦੀਆਂ ਕੰਧਾਂ ਸੀਵਰੇਜ ਦੇ ਰਿਸਦੇ ਪਾਣੀ ਕਾਰਨ ਕਮਜ਼ੋਰ ਹੋ ਕੇ ਬੈਠ ਗਈਆਂ ਸਨ। ਮੋਗਾ ਦੇ ਠੇਕੇਦਾਰ ਰਣਜੀਤ ਵੱਲੋਂ ਮਕਾਨ ਨੂੰ ਉੱਪਰ ਚੁੱਕਣ (ਜੈਕ ਲਗਾਉਣ) ਦਾ ਕੰਮ ਚੱਲ ਰਿਹਾ ਸੀ। ਰਾਤ ਸਮੇਂ ਚਾਰ ਨੌਜਵਾਨ ਮਜ਼ਦੂਰ ਬੋਬੀ ਸਿੰਘ, ਪ੍ਰਿੰਸ, ਗੁਰਜੀਤ ਸਿੰਘ ਅਤੇ ਇੱਕ ਹੋਰ ਅਣਪਛਾਤਾ ਮਜ਼ਦੂਰ ਮਕਾਨ ਦੇ ਅੰਦਰ ਹੀ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਸਨ। ਅਚਾਨਕ ਸਵੇਰੇ ਕਰੀਬ ਸਵਾ ਚਾਰ ਵਜੇ ਮਕਾਨ ਦੀ ਇੱਕ ਕੰਧ ਦਾ ਸੰਤੁਲਨ ਵਿਗੜ ਗਿਆ ਅਤੇ ਪੂਰੀ ਇਮਾਰਤ ਜ਼ੋਰਦਾਰ ਧਮਾਕੇ ਨਾਲ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਈ।

ਮਲਬੇ ਹੇਠ ਦਫ਼ਨ ਹੋਈਆਂ ਜ਼ਿੰਦਗੀਆਂ

    ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ। ਮੌਕੇ ‘ਤੇ ਪਹੁੰਚੇ ਥਾਣਾ ਸਦਰ ਬਰਨਾਲਾ ਦੇ ਐਸ.ਐਚ.ਓ. ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ। ਭਾਰੀ ਮਲਬੇ ਨੂੰ ਹਟਾ ਕੇ ਤਿੰਨ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਾਰੇ ਪਾਸੇ ਚੀਕ-ਚਿਹਾੜਾ, ਇੱਕ ਦੀ ਭਾਲ ਜਾਰੀ

     ਘਟਨਾ ਸਥਾਨ ‘ਤੇ ਪਸਰਿਆ ਖੂਨ ਅਤੇ ਮਲਬਾ ਚੀਕ-ਚੀਕ ਕੇ ਤਬਾਹੀ ਦੀ ਕਹਾਣੀ ਬਿਆਨ ਕਰ ਰਿਹਾ ਹੈ। ਜਿੱਥੇ ਤਿੰਨ ਮਾਵਾਂ ਦੇ ਪੁੱਤ ਸਦਾ ਦੀ ਨੀਂਦ ਸੌਂ ਗਏ ਹਨ, ਉੱਥੇ ਹੀ ਰਹੱਸਮਈ ਹਾਲਾਤ ਵਿਚ ਉੱਥੋਂ ਲਾਪਤਾ ਹੋਏ ਚੌਥੇ ਨੌਜਵਾਨ ਦੇ ਆਉਣ ਦੀ ਪੁਲਿਸ ਉਡੀਕ ਕਰ ਰਹੀ ਹੈ।

ਥਾਣਾ ਸਦਰ ਬਰਨਾਲਾ ਦੇ ਐਸ ਐਚ ਓ ਇੰਸਪੈਕਟਰ ਜਗਜੀਤ ਸਿੰਘ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ

            ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਚੋਥਾ ਮਜ਼ਦੂਰ ਆਪਣੇ ਪਿੰਡ ਪਹੁੰਚ ਗਿਆ ਸੀ, ਉਸ ਨਾਲ ਸੰਪਰਕ ਹੋ ਗਿਆ ਹੈ, ਉਹ ਵੀ ਮੌਕਾ ਪਰ ਪਹੁੰਚ ਰਿਹਾ ਹੈ। ਐਸ ਐਚ ਓ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਨੇ ਮਕਾਨਾਂ ਦੀ ਮੁਰੰਮਤ ਦੌਰਾਨ ਵਰਤੀ ਜਾਣ ਵਾਲੀ ਲਾਪਰਵਾਹੀ ‘ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੀ ਘਟਨਾ ਸਥਾਨ ਤੇ ਪਹੁੰਚ ਗਏ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਦੁਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। 

Advertisement
Advertisement
Advertisement
Advertisement
error: Content is protected !!