ਰਿੰਕੂ ਝਨੇੜੀ,ਸੰਗਰੂਰ: 24 ਮਾਰਚ, 2026
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਮਾਰੇ ਜਾ ਰਹੇ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦੰਮਗਜੇ ਉਸ ਸਮੇਂ ਹਵਾ ਹੁੰਦੇ ਦਿਖਾਈ ਦਿੱਤੇ, ਜਦੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਆਪਣੇ ਹੱਕ ਮੰਗ ਰਹੇ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਨੇ ਕਹਿਰ ਢਾਹਿਆ। ਸ਼ਹੀਦਾਂ ਦੇ ਦਿਹਾੜੇ ਮੌਕੇ, ਜਿੱਥੇ ਸਰਕਾਰ ਇਨਕਲਾਬੀ ਹੋਣ ਦੇ ਦਾਅਵੇ ਕਰ ਰਹੀ ਸੀ, ਉੱਥੇ ਹੀ ਸੜਕਾਂ ‘ਤੇ ਬੇਰੁਜ਼ਗਾਰਾਂ ਦੀਆਂ ਦਸਤਾਰਾਂ ਪੈਰਾਂ ਵਿੱਚ ਰੋਲ਼ੀਆਂ ਗਈਆਂ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰਾਂ ਦੀ ਥਾਂ ਪੁਲਿਸ ਦੀਆਂ ਨਜ਼ਰਬੰਦੀਆਂ ਮਿਲੀਆਂ।
ਖੋਖਲੇ ਨਾਅਰੇ ਤੇ ਕੜਵੀ ਹਕੀਕਤ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਇਸ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਦੇ ‘ਬਦਲਾਅ’ ਵਾਲੇ ਚਿਹਰੇ ਨੂੰ ਬੇਨਕਾਬ ਕੀਤਾ ਹੈ। ਜਥੇਬੰਦੀ ਦੇ ਆਗੂਆਂ ਵਿਕਰਮਦੇਵ ਸਿੰਘ, ਮਹਿੰਦਰ ਕੌੜਿਆਂਵਾਲੀ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ 2022 ਤੋਂ ਸੱਤਾ ਵਿੱਚ ਆਈ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਲਈ ਇੱਕ ਵੀ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ, ਸਗੋਂ ਚੱਲ ਰਹੀਆਂ ਭਰਤੀਆਂ ਨੂੰ ਵੀ ਵੱਖ-ਵੱਖ ਬਹਾਨਿਆਂ ਹੇਠ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।
ਸਕੂਲਾਂ ਵਿੱਚ ਅਧਿਆਪਕ ਨਹੀਂ, ਸਰਕਾਰ ਕੋਲ ਨੀਅਤ ਨਹੀਂ
ਹੈਰਾਨੀਜਨਕ ਹੈ ਕਿ ਇੱਕ ਪਾਸੇ ਹਜ਼ਾਰਾਂ ਨੌਜਵਾਨ ਸੜਕਾਂ ‘ਤੇ ਰੁਲ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਮੰਦਾ ਹੈ:-
-
ਲੈਕਚਰਾਰ ਕਾਡਰ: 8000 ਤੋਂ ਵੱਧ ਅਸਾਮੀਆਂ ਖਾਲੀ ਹਨ, ਕਈ ਸਕੂਲਾਂ ਵਿੱਚ ਇੱਕ ਵੀ ਲੈਕਚਰਾਰ ਨਹੀਂ।
-
ਮਾਸਟਰ ਕਾਡਰ: 15,000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ, ਪਰ ਨਵੀਂ ਭਰਤੀ ਦਾ ਕੋਈ ਨਾਮੋ-ਨਿਸ਼ਾਨ ਨਹੀਂ।
-
ਪ੍ਰਾਇਮਰੀ ਸਕੂਲ: 5994 ਈ.ਟੀ.ਟੀ. ਭਰਤੀ ਦੇ ਆਰਡਰ ਅਜੇ ਵੀ ਲਟਕ ਰਹੇ ਹਨ ਅਤੇ ਖੇਡ ਅਧਿਆਪਕਾਂ ਦੀ ਭਰਤੀ ਨੂੰ ਕਮੇਟੀਆਂ ਦੇ ਜਾਲ ਵਿੱਚ ਉਲਝਾ ਦਿੱਤਾ ਗਿਆ ਹੈ।
ਬੇਰੁਜ਼ਗਾਰਾਂ ਦਾ ਸਵਾਲ:- ਇਹ ਕੈਸਾ ਇਨਕਲਾਬ..?
ਡੀ.ਟੀ.ਐੱਫ. ਦੇ ਆਗੂਆਂ ਅਸ਼ਵਨੀ ਅਵਸਥੀ, ਰਜੀਵ ਬਰਨਾਲਾ ਅਤੇ ਹੋਰਨਾਂ ਨੇ ਸਵਾਲ ਕੀਤਾ ਕਿ ਜੇਕਰ ਸਕੂਲਾਂ ਵਿੱਚ ਵਿਸ਼ਾ ਅਧਿਆਪਕ ਹੀ ਨਹੀਂ ਹੋਣਗੇ ਤਾਂ ਵਿਦਿਆਰਥੀਆਂ ਦਾ ਭਵਿੱਖ ਕਿਵੇਂ ਸਵਰੇਗਾ ? ਸਰਕਾਰ ਨੇ ਨਾ ਤਾਂ 55 ਫੀਸਦੀ ਅੰਕਾਂ ਦੀ ਮਾਰੂ ਸ਼ਰਤ ਹਟਾਈ ਹੈ ਅਤੇ ਨਾ ਹੀ ਓਵਰ-ਏਜ ਹੋ ਰਹੇ ਨੌਜਵਾਨਾਂ ਨੂੰ ਕੋਈ ਰਾਹਤ ਦਿੱਤੀ ਹੈ। ਅਧਿਆਪਕ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਇਹ ‘ਡੰਡਾ ਤੰਤਰ’ ਬੰਦ ਨਾ ਹੋਇਆ ਅਤੇ ਖਾਲੀ ਪੋਸਟਾਂ ‘ਤੇ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਰੂਪ ਧਾਰਨ ਕਰੇਗਾ।







