ਹਵਸ ਦੀ ਭੇਟ ਚੜ੍ਹਿਆ ‘ਵਿਆਹ ਦਾ ਸੁਪਨਾ’: ਗਰਭਵਤੀ ਹੋਈ ਮੁਟਿਆਰ ਤਾਂ ਮੁੰਡੇ ਦੀ ਮਾਂ ਨੇ ਖੇਡੀ ਖ਼ੌਫ਼ਨਾਕ ਚਾਲ..!
ਹੋਟਲ ਦੇ ਕਮਰਿਆਂ ਤੋਂ ਹਸਪਤਾਲ ਦੇ ਬੈੱਡ ਤੱਕ: 23 ਸਾਲਾ ਕੁੜੀ ਦੀ ਦਰਦਨਾਕ ਦਾਸਤਾਨ…!
ਹਰਿੰਦਰ ਨਿੱਕਾ, ਪਟਿਆਲਾ 25 ਮਾਰਚ 2026
23 ਕੁ ਵਰ੍ਹਿਆਂ ਦੀ ਇੱਕ ਕੁੜੀ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਇਨਸਾਨ ਨੂੰ ਉਹ ਆਪਣਾ ਜੀਵਨ ਸਾਥੀ ਮੰਨ ਰਹੀ ਹੈ, ਉਹੀ ਉਸ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦੇਵੇਗਾ। ਮੋਗਾ ਜਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਸਲਾਮਪੁਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਨਵੰਬਰ 2023 ਵਿੱਚ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਮੌਕੇ ਪੀੜਤ ਮੁਟਿਆਰ ਨਾਲ ਦੋਸਤੀ ਬਣਾ ਲਈ। ਦੋਵਾਂ ਦਰਮਿਆਨ ਵਿਆਹ ‘ਚ ਇਕੱਠੇ ਹੋਣ ਤੋਂ ਸ਼ੁਰੂ ਹੋਈ ਗੱਲਬਾਤ ਦਾ ਸਿਲਸਿਲਾ ਕੁੱਝ ਹੀ ਸਮੇਂ ਵਿੱਚ ਕਾਫੀ ਨੇੜਲੇ ਰਿਸ਼ਤੇ ਵਿੱਚ ਬਦਲ ਗਿਆ। ਅਰਸ਼ਦੀਪ ਸਿੰਘ ਨੇ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਪਟਿਆਲਾ ਦੇ ਵੱਖ-ਵੱਖ ਹੋਟਲਾਂ ਵਿੱਚ ਲਿਜਾ ਕੇ ਉਸ ਦੀ ਇੱਜ਼ਤ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਜ੍ਹਾਲੀ ਪਿਆਰ ਦੇ ਮਿੱਠੇ ਜਾਲ ਵਿੱਚ ਫਸੀ ਮੁਟਿਆਰ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਇਹ ਰਿਸ਼ਤਾ ਸਿਰਫ਼ ਇੱਕ ਸਰੀਰਕ ਸ਼ੋਸ਼ਣ ਦਾ ਜ਼ਰੀਆ ਸੀ।

‘ਤੇ ਖੁੱਲ੍ਹ ਗਈ ਅਸਲੀਅਤ ਦੀ ਪਰਤ
ਜਦੋਂ ਪੀੜਤ ਮੁਟਿਆਰ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਸ ਨੇ ਅਰਸ਼ਦੀਪ ‘ਤੇ ਵਿਆਹ ਦਾ ਦਬਾਅ ਬਣਾਇਆ। ਪਰ ਇੱਥੇ ਹੀ ਅਰਸ਼ਦੀਪ ਦਾ ਅਸਲੀ ਚਿਹਰਾ ਸਾਹਮਣੇ ਆਇਆ। ਵਿਆਹ ਦੀ ਗੱਲ ਸੁਣਦਿਆਂ ਹੀ ਉਹ ਮੁੱਕਰ ਗਿਆ ਅਤੇ ਉਸ ਨੂੰ ਛੱਡ ਕੇ ਚਲਾ ਗਿਆ। ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਜਦੋਂ ਪੰਚਾਇਤੀ ਤੌਰ ‘ਤੇ ਸਮਝੌਤੇ ਦੀ ਕੋਸ਼ਿਸ਼ ਹੋਈ, ਤਾਂ ਅਰਸ਼ਦੀਪ ਦੇ ਪਰਿਵਾਰ ਨੇ ਵੀ ਅਣਮਨੁੱਖੀ ਵਤੀਰਾ ਅਪਣਾਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਅਰਸ਼ਦੀਪ ਦੀ ਮਾਤਾ ਨੇ ਪੀੜਤਾ ਨੂੰ ਰੇਲਵੇ ਸਟੇਸ਼ਨ ਪਟਿਆਲਾ ਵਿਖੇ ਬੁਲਾ ਕੇ ਜਬਰਦਸਤੀ ਗਰਭਪਾਤ ਕਰਵਾਉਣ ਲਈ ਦਵਾਈ ਦੇਣ ਦਾ ਯਤਨ ਵੀ ਕੀਤਾ। ਜਿਸ ਕਾਰਨ ਮੁਟਿਆਰ ਦੀ ਜਾਨ ‘ਤੇ ਬਣ ਆਈ।
ਇਨਸਾਫ਼ ਦੀ ਗੁਹਾਰ: ਪੁਲਿਸ ਦੀ ਕਾਰਵਾਈ
ਅਖੀਰ ਮੁਟਿਆਰ ਕੋਲ ਜਦੋਂ ਕੋਈ ਹੋਰ ਹੀਲਾ ਨਾ ਬਚਿਆ ਤਾਂ ਉਸ ਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਖਿਲਾਫ ਥਾਣਾ ਲਹੌਰੀ ਗੇਟ ਪਟਿਆਲਾ ਵਿਖੇ ਅਧੀਨ ਜੁਰਮ 69 ਅਤੇ 351(2) BNS ਤਹਿਤ FIR ਦਰਜ ਕਰ ਲਈ ਹੈ। ਪਤਾ ਲੱਗਿਆ ਹੈ ਕਿ ਬੇਸ਼ੱਕ ਪੁਲਿਸ ਨੇ ਫਿਲਹਾਲ ਅਰਸ਼ਦੀਪ ਸਿੰਘ ਦੇ ਖਿਲਾਫ ਹੀ ਕੇਸ ਦਰਜ ਕੀਤਾ ਹੈ, ਪਰੰਤੂ ਪੁਲਿਸ ਕੇਸ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਹੋਰ ਦੋਸ਼ੀਆਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਸਕਦੀ ਹੈ। ਜਾਂਚ ਅਧਿਕਾਰੀ ਮੁਤਾਬਕ ਦੋਸ਼ੀ ਅਜੇ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਇੱਕ ਮਾਸੂਮ ਜਾਨ (ਅਣਜੰਮੇ ਬੱਚੇ) ਅਤੇ ਇੱਕ ਮੁਟਿਆਰ ਦੀ ਇੱਜ਼ਤ ਨਾਲ ਹੋਏ ਇਸ ਖਿਲਵਾੜ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।







