..ਤੇ ਠੇਕੇਦਾਰ’ ਟੰਗਿਆ ਗਿਆ, ਪਰ ‘ਮਾਵਾਂ ਦੇ ਪੁੱਤ’ ਕੌਣ ਮੋੜੇਗਾ..?

Advertisement
Spread information

ਠੇਕੇਦਾਰ ‘ਤੇ FIR ਤਾਂ ਹੋ ਗਈ, ਪਰ ਸਿਸਟਮ ਦੀ ‘ਅੰਨ੍ਹੀ ਅੱਖ’ ਦਾ ਕੀ ਬਣੂੰ..?

ਕੀ ਤਿੰਨ ਮਜ਼ਦੂਰਾਂ ਦੀ ਮੌਤ ਲਈ ਸਿਰਫ਼ ਠੇਕੇਦਾਰ ਹੀ ਦੋਸ਼ੀ..?

ਹਰਿੰਦਰ ਨਿੱਕਾ, ਬਰਨਾਲਾ 29 ਮਾਰਚ 2026

      ਪਿੰਡ ਫਰਵਾਹੀ ਵਿੱਚ ਵਾਪਰਿਆ ਦਰਦਨਾਕ ਹਾਦਸਾ, ਜਿੱਥੇ ਮਕਾਨ ਦੇ ਮਲਬੇ ਹੇਠ ਦੱਬ ਕੇ ਤਿੰਨ ਮਜ਼ਦੂਰਾਂ ਦੀ ਜਾਨ ਚਲੀ ਗਈ, ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਡੇ ਸਿਸਟਮ ਵਿੱਚ ਮਨੁੱਖੀ ਜਾਨ ਦੀ ਕੀਮਤ ਕੌਡੀਆਂ ਦੇ ਬਰਾਬਰ ਹੀ ਹੈ। ਬੇਸ਼ੱਕ ਪ੍ਰਸ਼ਾਸਨ ਨੇ ਠੇਕੇਦਾਰ ਰਣਜੀਤ ਸਿੰਘ ‘ਤੇ ਧਾਰਾ 106 (1) ਤਹਿਤ ਕੇਸ ਦਰਜ ਕਰਕੇ ਆਪਣਾ ਪੱਲਾ ਤਾਂ ਝਾੜ ਲਿਆ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਿਰਫ਼ ਇੱਕ ਠੇਕੇਦਾਰ ਨੂੰ ਬਲੀ ਦਾ ਬੱਕਰਾ ਬਣਾ ਕੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦਾ ਹੈ?

ਕਟਿਹਰੇ ਵਿੱਚ ਪ੍ਰਸ਼ਾਸਨ: ‘ਹਾਦਸੇ ਦਾ ਇੰਤਜ਼ਾਰ’ ਕਿਉਂ?

​    ਕਿਰਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਮੇਸ਼ਾ ਹਾਦਸਾ ਵਾਪਰਨ ਤੋਂ ਬਾਅਦ ਹੀ ਮੌਕੇ ‘ਤੇ ਪਹੁੰਚ ਕੇ ‘ਚਲਾਨ’ ਅਤੇ ‘ਨੋਟਿਸ’ ਦੀ ਖੇਡ ਖੇਡਦੇ ਹਨ। ਜਦੋਂ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਸ਼ਾਸ਼ਨਿਕ ਅਮਲੇ ਫੈਲੇ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਇਲਾਕੇ ਅੰਦਰ ਕਿਰਤ ਕਾਨੂੰਨਾਂ ਅਤੇ ਤੈਅ ਮਾਪਦੰਡਾਂ ਦੀਆਂ ਉੱਡ ਰਹੀਆਂ ਧੱਜੀਆਂ ਤੇ ਪੈਨੀ ਨਜ਼ਰ ਰੱਖਕੇ, ਉਨ੍ਹਾਂ ਖਿਲਾਫ ਸਮੇਂ ਸਮੇਂ ਕਾਨੂੰਨੀ ਕਾਰਵਾਈ ਕਰਨਾ ਵੀ ਹੁੰਦਾ ਹੈ। 

  • 1. ​ਸਵਾਲ: ਜਦੋਂ ਮਕਾਨ ਚੁੱਕਣ ਵਰਗਾ ਜੋਖ਼ਮ ਭਰਿਆ ਕੰਮ ਚੱਲ ਰਿਹਾ ਸੀ, ਤਾਂ ਕੀ ਕਿਸੇ ਅਧਿਕਾਰੀ ਨੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਕੀਤੀ?
  • ​2. ਸਵਾਲ: ਕੀ ਲੇਬਰ ਵਿਭਾਗ ਨੂੰ ਇਹ ਇਲਮ ਨਹੀਂ ਸੀ ਕਿ ਮਜ਼ਦੂਰਾਂ ਨੂੰ ਮੌਤ ਦੇ ਸਾਏ ਹੇਠ ਸੁਆਇਆ ਜਾ ਰਿਹਾ ਹੈ?
  • ​3. ਸਵਾਲ: ਕੀ ਠੇਕੇਦਾਰਾਂ ਦੀ ਇਹ ਮਨਮਾਨੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਜਾਂ ਗੂੜ੍ਹੀ ਨੀਂਦ ਦਾ ਨਤੀਜਾ ਨਹੀਂ ਹੈ?

ਪ੍ਰਸ਼ਾਸ਼ਨਿਕ ਲਾਪਰਵਾਹੀ ਲਈ ਜ਼ਿੰਮੇਵਾਰ ਕੌਣ..?         

     ਵਰਿੰਦਰ, ਰਜਨੀਸ਼ ਅਤੇ ਪ੍ਰਿੰਸ ਇਹ ਸਿਰਫ਼ ਨਾਮ ਨਹੀਂ ਸਨ, ਸਗੋਂ ਆਪਣੇ ਪਰਿਵਾਰਾਂ ਦੀਆਂ ਉਮੀਦਾਂ ਸਨ। ਠੇਕੇਦਾਰ ਦੀ ਲਾਪਰਵਾਹੀ ਨੇ ਉਨ੍ਹਾਂ ਨੂੰ ਮਲਬੇ ਹੇਠ ਦਫ਼ਨ ਕਰ ਦਿੱਤਾ, ਪਰ ਪ੍ਰਸ਼ਾਸਨਿਕ ਲਾਪਰਵਾਹੀ ਨੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਉਜਾੜ ਦਿੱਤਾ। ਠੇਕੇਦਾਰ ਨੂੰ ਜੇਲ੍ਹ ਭੇਜਣਾ ਇੱਕ ਕਾਨੂੰਨੀ ਪ੍ਰਕਿਰਿਆ ਤਾਂ ਹੈ, ਪਰ ਕੀ ਉਹਨਾਂ ਅਧਿਕਾਰੀਆਂ ‘ਤੇ ਵੀ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਅੱਖਾਂ ਮੀਟ ਕੇ ਇਸ ਖ਼ਤਰਨਾਕ ਖੇਡ ਨੂੰ ਚੱਲਣ ਦਿੱਤਾ..?

ਕੌੜਾ ਸੱਚ”’ ਇਹ ਵੀ ਤਾਂ ਹੈ,,

ਜੇਕਰ ਅੱਜ ਸਿਰਫ਼ ਠੇਕੇਦਾਰ ਨੂੰ ਦੋਸ਼ੀ ਮੰਨ ਕੇ ਫਾਈਲ ਬੰਦ ਕਰ ਦਿੱਤੀ ਗਈ, ਤਾਂ ਸਮਝ ਲੈਣਾ ਕਿ ਅਗਲੇ ਕਿਸੇ ਹਾਦਸੇ ਲਈ ਪ੍ਰਸ਼ਾਸਨ ਨੇ ਅੱਜ ਹੀ ਰਸਤਾ ਸਾਫ਼ ਕਰ ਦਿੱਤਾ ਹੈ। ਜਦੋਂ ਤੱਕ ਨਿਗਰਾਨੀ ਕਰਨ ਵਾਲੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ, ਮਜ਼ਦੂਰਾਂ ਦੀਆਂ ਲਾਸ਼ਾਂ ‘ਤੇ ਵਿਕਾਸ ਦੀਆਂ ਇਮਾਰਤਾਂ ਇਵੇਂ ਹੀ ਬਣਦੀਆਂ ਰਹਿਣਗੀਆਂ।

ਵਿਧਾਇਕ ਕਾਲਾ ਢਿੱਲੋਂ ਅਤੇ ਹਲਕਾ ਇੰਚਾਰਜ ਧਾਲੀਵਾਲ ਵੀ ਪਹੁੰਚੇ..

   ਜਿਲ੍ਹੇ ਦੇ ਪਿੰਡ ਫਰਵਾਹੀ ਵਿਚ ਰੂਹ ਨੂੰ ਕੰਬਾ ਦੇਣ ਵਾਲੀ ਵਾਪਰੀ ਘਟਨਾ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਦਾ ਪਤਾ ਲੱਗਦਿਆਂ ਹੀ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਆਪ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੀ                         ਆਪਣੀ ਟੀਮ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ। ਦੋਵਾਂ ਆਗੂਆਂ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਬੇਹੱਦ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਤੋਂ ਇਲਾਵਾ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਵਿੱਚ ਵੀ ਉਹ ਕੋਈ ਕਸਰ ਨਹੀਂ ਛੱਡਣਗੇ। 

Advertisement
Advertisement
Advertisement
Advertisement
error: Content is protected !!