ਖ਼ੌਫ਼ਨਾਕ ਰਾਤ: ਭਾਦਸੋਂ ‘ਚ ਗੈਂਗਸਟਰ ਸਟਾਈਲ ਵਾਰਦਾਤ: ਪਿੱਛਾ ਕਰਕੇ ਗੱਡੀ ‘ਤੇ ਦਾਗੀਆਂ ਗੋਲੀਆਂ!
ਹਰਿੰਦਰ ਨਿੱਕਾ, ਪਟਿਆਲਾ 30 ਮਾਰਚ 2026
ਭਾਦਸੋਂ ਇਲਾਕੇ ਵਿੱਚ ਕਾਨੂੰਨ ਦੇ ਰਾਜ ਨੂੰ ਪੈਰਾਂ ਹੇਠ ਲਤਾੜਦਿਆਂ ਬੇਖ਼ੌਫ਼ ਹਮਲਾਵਰਾਂ ਨੇ ਅੱਧੀ ਰਾਤ ਨੂੰ ਮੌਤ ਦਾ ਉਹ ਨੰਗਾ ਨਾਚ ਨੱਚਿਆ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਾਲੀਬਾਲ ਦਾ ਮੈਚ ਦੇਖ ਕੇ ਪਰਤ ਰਹੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਲਈ ਹਮਲਾਵਰਾਂ ਨੇ ਕਿਸੇ ਖ਼ੁੰਖਾਰ ਗੈਂਗਸਟਰ ਵਾਂਗ ਗੱਡੀ ਪਿੱਛੇ ਲਗਾ ਲਈ ਅਤੇ ਪਿਸਤੌਲ ਦੇ ਮੂੰਹ ਖੋਲ੍ਹ ਕੇ ਸਿੱਧੀਆਂ ਗੋਲੀਆਂ ਦਾਗ ਦਿੱਤੀਆਂ। ਇਹ ਕੋਈ ਫਿਲਮੀ ਕਹਾਣੀ ਨਹੀਂ, ਸਗੋਂ ਭਾਦਸੋਂ ਦੀਆਂ ਸੜਕਾਂ ‘ਤੇ ਵਾਪਰਿਆ ਉਹ ਖ਼ੂਨੀ ਮੰਜ਼ਰ ਹੈ, ਜਿੱਥੇ ਮੌਤ ਪੀੜਤਾਂ ਦਾ ਪਿੱਛਾ ਕਰ ਰਹੀ ਸੀ।
ਗਾਲੀਆਂ ਤੋਂ ਸ਼ੁਰੂ ਹੋਇਆ ਮੌਤ ਦਾ ਸਫ਼ਰ!
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਪ੍ਰਵਿੰਦਰ ਸਿੰਘ (ਪੁੱਤਰ ਗੁਰਚਰਨ ਸਿੰਘ, ਵਾਸੀ ਪਿੰਡ ਅਗੇਤੀ, ਨਾਭਾ) ਆਪਣੇ ਦੋਸਤਾਂ ਗੁਰਦਰਸ਼ਨ ਸਿੰਘ ਅਤੇ ਹਰਪ੍ਰੀਤ ਸਿੰਘ ਨਾਲ ਪਿੰਡ ਪੰਡਤਾਂ ਖੇੜੀ ਰਾਜਪੁਰਾ ਤੋਂ ਵਾਲੀਬਾਲ ਟੂਰਨਾਮੈਂਟ ਦੇਖ ਕੇ ਪਰਤ ਰਿਹਾ ਸੀ। ਜਦੋਂ ਉਹ ਪਿੰਡ ਡਕਾਲਾ ਪਹੁੰਚੇ ਤਾਂ ਉੱਥੇ ਮੌਜੂਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਦੇਖ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨਾਂ ਨੇ ਸ਼ਰਾਫ਼ਤ ਦਿਖਾਉਂਦਿਆਂ ਉੱਥੋਂ ਨਿਕਲਣਾ ਬਿਹਤਰ ਸਮਝਿਆ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹਮਲਾਵਰ ਗੱਡੀ ਵਿੱਚ ਪਿਸਤੌਲ ਲੋਡ ਕਰੀ ਬੈਠੇ ਸਨ।
ਹਾਈਵੇਅ ‘ਤੇ ਫਿਲਮੀ ਚੇਜ਼: ਕਾਰ ਰੋਕੀ , ਤਾਣੀ ਪਿਸਤੌਲ
ਮੁਲਜ਼ਮਾਂ ਨੇ ਆਪਣੀ ਕਾਰ (HR-26VX-2599) ਪੀੜਤਾਂ ਦੀ ਗੱਡੀ ਪਿੱਛੇ ਲਗਾ ਦਿੱਤੀ। ਅਨਾਜ ਮੰਡੀ ਭਾਦਸੋਂ ਦੇ ਕੋਲ ਪਹੁੰਚਦਿਆਂ ਹੀ ਹਮਲਾਵਰਾਂ ਨੇ ਆਪਣੀ ਗੱਡੀ ਪੀੜਤਾਂ ਦੀ ਕਾਰ ਅੱਗੇ ਅੜਾ ਕੇ ਰਸਤਾ ਰੋਕ ਲਿਆ। ਇਸ ਦੌਰਾਨ ਮੁਲਜ਼ਮ ਹਰਮਨ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪਿਸਤੌਲ ਕੱਢ ਲਈ। ਪੀੜਤਾਂ ਨੇ ਮੌਤ ਨੂੰ ਸਾਹਮਣੇ ਦੇਖ ਕੇ ਗੱਡੀ ਅਮਲੋਹ ਵੱਲ ਭਜਾ ਲਈ, ਪਰ ਹਮਲਾਵਰਾਂ ਨੇ ਪਿੱਛਾ ਨਹੀਂ ਛੱਡਿਆ।
ਖ਼ੂਨੀ ਫਾਇਰਿੰਗ: ਖਿੜਕੀ ਚੀਰ ਕੇ ਲੰਘੀ ਮੌਤ
ਪਿੰਡ ਰਾਮਗੜ੍ਹ ਦੇ ਕੋਲ ਹਮਲਾਵਰਾਂ ਨੇ ਆਪਣੀ ਗੱਡੀ ਪੀੜਤਾਂ ਦੇ ਬਰਾਬਰ ਲਗਾਈ ਅਤੇ ਨਾਮਜ਼ਦ ਦੋਸ਼ੀ ਹਰਮਨ ਸਿੰਘ ਨੇ ਸਿੱਧੀ ਗੋਲੀ ਦਾਗ ਦਿੱਤੀ। ਗੋਲੀ ਦੀ ਆਵਾਜ਼ ਨਾਲ ਇਲਾਕਾ ਗੂੰਜ ਉੱਠਿਆ ਅਤੇ ਗੋਲੀ ਡਰਾਈਵਰ ਸੀਟ ਦੇ ਪਿੱਛੇ ਵਾਲੀ ਖਿੜਕੀ ਦੇ ਸ਼ੀਸ਼ੇ ਚੀਰਦੀ ਹੋਈ ਨਿਕਲ ਗਈ। ਪਰੰਤੂ ਚੌਕਸ ਹੋਣ ਕਾਰਨ ਨੌਜਵਾਨਾਂ ਦੀ ਜਾਨ ਬਚ ਗਈ।
ਪੁਲਿਸ ਨੇ ਪੀੜਤ ਦੇ ਬਿਆਨ ਪਰ, ਹਰਮਨ ਸਿੰਘ: ਪੁੱਤਰ ਦਲਜੀਤ ਸਿੰਘ, ਵਾਸੀ ਪਿੰਡ ਰਾਇਮਲ ਮਾਜਰੀ, ਸੁਭਮ ਵਾਸੀ ਭਾਦਸੋਂ ਅਤੇ ਪ੍ਰਭਜੋਤ ਸਿੰਘ ਪੁੱਤਰ ਲਖਵੀਰ ਸਿੰਘ, ਵਾਸੀ ਪਿੰਡ ਸਕਰਾਲੀ, ਥਾਣਾ ਭਾਦਸੋਂ ਅਤੇ ਹੋਰ ਅਣਪਛਾਤਿਆਂ ਖ਼ਿਲਾਫ਼ ਸੰਗੀਨ ਜੁਰਮਾਂ ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਕਾਨੂੰਨ ਦਾ ਸ਼ਿਕੰਜਾ
ਪੁਲਿਸ ਨੇ FIR ਨੰਬਰ 34 ਤਹਿਤ BNS ਦੀਆਂ ਧਾਰਾਵਾਂ 109, 126(2), 3(5) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27/54/59 ਦੇ ਤਹਿਤ ਸੰਗੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਹਮਲਾਵਰਾਂ ਨੂੰ ਦਬੋਚਣ ਲਈ ਛਾਪੇਮਾਰੀ ਕਰ ਰਹੀ ਹੈ, ਪਰ ਸਵਾਲ ਇਹ ਹੈ ਕਿ ਇਨ੍ਹਾਂ ਗੁੰਡਾ ਅਨਸਰਾਂ ਕੋਲ ਅਸਲਾ ਕਿੱਥੋਂ ਆਇਆ ਅਤੇ ਇਹ ਬਿਨਾਂ ਕਿਸੇ ਡਰ ਦੇ ਸੜਕਾਂ ‘ਤੇ ਮੌਤ ਕਿਉਂ ਵੰਡ ਰਹੇ ਹਨ?
ਸਾਡਾ ਸਵਾਲ: ਕੀ ਅੱਜ ਦੀਆਂ ਸੜਕਾਂ ਆਮ ਨਾਗਰਿਕ ਲਈ ਸੁਰੱਖਿਅਤ ਹਨ? ਪੁਲਿਸ ਦੀ ਢਿੱਲੀ ਕਾਰਵਾਈ ਕਦੋਂ ਤੱਕ ਇਨ੍ਹਾਂ ਗੁੰਡਿਆਂ ਦੇ ਹੌਸਲੇ ਬੁਲੰਦ ਕਰਦੀ ਰਹੇਗੀ?







