ਬਰਬਾਦੀ ਦੀ ਦਸਤਕ- ਤਾਅਣਿਆਂ ਦੀ ਪੰਡ ‘ਤੇ ਇੱਕ ਅਣਖੁੱਲੀ ਗੰਢ…!

Advertisement
Spread information

ਧੀਆਂ ਅਤੇ ਧੂੜ ‘ਚੋਂ (Daughters and Dust)

ਅਗਿਆਤ ਸੰਧੂ ਦੀ ਪਲੇਠੀ ਕਹਾਣੀ,,

     ਕੁਦਰਤ ਨੇ ਨਾਰੀ ਦੇ ਵਜੂਦ ਵਿੱਚ ਸਿਰਜਣਾ ਅਤੇ ਵਿਨਾਸ਼ ਦੋਵੇਂ ਸ਼ਕਤੀਆਂ ਭਰੀਆਂ ਨੇ। ਜੇ ਉਹ ਸਬਰ ਸੰਤੋਖ ਨਾਲ ਤੁਰੇ ਤਾਂ ਘਰ ਨੂੰ ਮੰਦਰ ਬਣਾ ਦਿੰਦੀ ਹੈ, ਪਰ ਜੇ ਕਿਤੇ ਉਸ ਦੀ ਮੱਤ ‘ਤੇ ਜਵਾਨੀ ਦਾ ਅੰਨ੍ਹਾ ਹੜ੍ਹ ਆ ਜਾਵੇ, ਤਾਂ ਉਹ ਹੱਸਦੇ-ਵਸਦੇ ਪਰਿਵਾਰਾਂ ਦੀ ਇੱਜ਼ਤ ਨੂੰ ਪੈਰਾਂ ਹੇਠ ਰੋਲ ਕੇ ਸ਼ਮਸ਼ਾਨਾਂ ਵਰਗੀ ਚੁੱਪ ਵਰਤਾ ਦਿੰਦੀ ਹੈ। ਅਣਵੰਡੇ ਪੰਜਾਬ ਦੇ ਇੱਕ ਪਿੰਡ ਦੀ ਤੇਜਿੰਦਰ ਕੌਰ ਉਰਫ਼ ‘ਤੇਜੋ’ ਵੀ ਇੱਕ ਅਜਿਹੀ ਹੀ ਚੰਦਰੀ ਹਵਾ ਦਾ ਨਾਮ ਸੀ, ਜਿਸਨੇ ਆਪਣੀ ਹਵਸ ਦੀ ਹਨੇਰੀ ਵਿੱਚ ਪੇਕੇ ਅਤੇ ਸਹੁਰੇ, ਦੋਵਾਂ ਘਰਾਂ ਦੀ ਪੱਤ ਨੂੰ ਡੱਕੇ-ਡੌਲਿਆਂ ਵਾਂਗ ਖਿਲਾਰ ਦਿੱਤਾ।                       

ਭੂਆ ਦਾ ਵਿਹੜਾ ਅਤੇ ਅੱਲ੍ਹੜ ਜਵਾਨੀ
    ਚਾਰ ਭੈਣਾਂ ਅਤੇ ਦੋ ਭਰਾਵਾਂ ਦੀ ਭੀੜ ਵਿੱਚੋਂ ਨਿੱਕਲੀ ਤੇਜੋ ਦੀ ਤਾਸੀਰ ਸ਼ੁਰੂ ਤੋਂ ਹੀ ਵੱਖਰੀ ਸੀ। ਮਾਪਿਆਂ ਦੀ ਗੁਰਬਤ ਕਹੋ ਜਾਂ ਲੇਖਾਂ ਦੀ ਲਿਖਤ, ਉਹ ਬਚਪਨ ਤੋਂ ਹੀ ਆਪਣੇ ਭੂਆ- ਫੁੱਫੜ ਦੇ ਘਰ ਪਲ ਰਹੀ ਸੀ। ਬਖਤੌਰੇ ਫੁੱਫੜ ਅਤੇ ਭੂਆ ਲੱਛੀ ਦੇ ਵਿਹੜੇ ਵਿੱਚ ਕੋਈ ਬਾਲ ਨਹੀਂ ਸੀ ਖੇਡਿਆ, ਸੋ ਭੂਆ ਲੱਛੀ ਨੇ ਤੇਜੋ ਨੂੰ ਹਿੱਕ ਨਾਲ ਲਾ ਕੇ ਪਾਲਿਆ। ਲਾਡਾਂ ਨੇ ਉਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਸੀ।

   ਉਮਰ ਦੇ ਵਿਹੜੇ ਵਿੱਚ ਆਣ ਖੜ੍ਹਾ ਕੋਈ ਚਾਨਣ, ਜਿਹਦੇ ਸਾਹਾਂ ‘ਚੋਂ ਉੱਡਦੀ ਜ਼ਹਿਰ ਦੀ ਖ਼ੁਸ਼ਬੋ। ਰੂਪ ਦਾ ਦਰਿਆ ਕਿਨਾਰੇ ਟੱਪਿਆ, ਹੁਣ ਕੌਣ ਸਾਂਭੇ ਤੇਜੋ! ਤੈਨੂੰ ਤੂੰ?

ਉਸ ਦੇ ਨੈਣਾਂ ‘ਚ ਕੋਈ ਕਾਲੀ ਰਾਤ ਜਾਗੀ, ਕੋਈ ਜ਼ਹਿਰੀਲਾ ਸੱਪ ਜਿਉਂ ਫਨ ਚੁੱਕਦਾ। ਸ਼ਰਮ ਦਾ ਪਰਦਾ ਉੱਥੋਂ ਪਾਟ ਗਿਆ, ਹੁਸਨ ਦਾ ਦੀਵਾ ਹੁਣ ਭੈੜੇ ਰਾਹ ਮੁੱਕਦਾ।

ਬੇਗਮਪੁਰ ਦੀ ਹਵਾ ਵਿੱਚ ਗੱਲ ਘੁਲੇ, ਏਸ ਹੁਸਨ ਦੀ ਕਥਾ ਅਜੀਬ ਹੋਈ। ਜਿਸਮ ਦੀ ਚਾਂਦੀ ‘ਚੋਂ ਛਣਕਦੀ ਬੇਹਯਾਈ, ਕੌਣ ਕਹੇ ਇਸ ਦੀ ਤਕਦੀਰ ਗ਼ਰੀਬ ਹੋਈ।

ਤੇਜੋ, ਤੇਰੇ ਅੰਦਰ ਕਿਸ ਮਨਹੂਸ ਨੇ ਪੈਰ ਧਰਿਆ? ਤੇਰੀ ਰੂਹ ‘ਤੇ ਕਾਹਦਾ ਠੀਕਰਾ ਮਾਰਿਆ ਗਿਆ?

    ਸਮਾਂ ਖੰਭ ਲਾ ਕੇ ਉੱਡਿਆ। ਜਦੋਂ ਤੇਜੋ ਨੇ ਮੁਟਿਆਰ ਹੋ ਕੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਿਆ, ਤਾਂ ਉਸ ਦੇ ਰੂਪ ਦੀ ਚਰਚਾ ਹੁਸਨਪੁਰ ਦੀਆਂ ਸੱਥਾਂ ਵਿੱਚ ਹੋਣ ਲੱਗੀ। ਹੁਸਨ ਦਾ ਗਰੂਰ ਅਤੇ ਚੜ੍ਹਦੀ ਉਮਰ ਦੇ ਤੂਫ਼ਾਨ ਨੇ ਤੇਜੋ ਦੀ ਅਕਲ ਤੇ ਠੀਕਰਾ ਜੇਹਾ ਮੂਧਾ ਮਾਰ ਦਿੱਤਾ। ਉਸ ਦੀਆਂ ਅੱਖਾਂ ਵਿੱਚ ਸ਼ਰਮ ਦੀ ਥਾਂ ਬੇਹਯਾਈ ਨੇ ਲੈ ਲਈ।         

   ਭੂਆ ਲੱਛੀ ਤੇ ਫੁੱਫੜ ਬਖਤੌਰਾ ਜੋ ਦੁਨੀਆਦਾਰੀ ਦੀ ਧੁੱਪ-ਛਾਂ ਹੰਢਾ ਚੁੱਕੀ ਸਨ, ਤੇਜੋ ਦੇ ਹਰ ਦਿਨ ਬਦਲਦੇ ਲੱਛਣ ਦੇਖ-ਦੇਖ ਕੇ ਅੰਦਰੋਂ ਅੰਦਰੀ ਝੂਰਦੇ ਰਹਿੰਦੇ। ਉਹ ਅਕਸਰ ਸਮਝਾਉਂਦੇ, “ਧੀਏ! ਇੱਜ਼ਤ ਕੱਚ ਦਾ ਭਾਂਡਾ ਹੁੰਦੀ ਹੈ, ਜੇ ਇੱਕ ਵਾਰ ਤਿੜਕਿਆਂ ਮੁੜ ਨਹੀਂ ਜੁੜਦੀ। ਤੂੰ ਸਾਡੀ ਧੀ ਬਣ ਕੇ ਰਹਿ, ਜੇ ਪਿੰਡ ਵਿੱਚ ਗੱਲ ਉੱਡ ਗਈ ਤਾਂ ਅਸੀਂ ਤੇਰੇ ਮਾਪਿਆਂ ਨੂੰ ਕਿਹੜਾ ਮੂੰਹ ਦਿਖਾਵਾਂਗੇ ?” ਪਰ ਤੇਜੋ ‘ਤੇ ਇਸ਼ਕ ਦਾ ਅਜਿਹਾ ਭੂਤ ਸਵਾਰ ਸੀ ਕਿ ਉਸ ਨੇ ਭੂਆ ਲੱਛੀ ਦੇ ਬੋਲਾਂ ਨੂੰ ਪੈਰਾਂ ਦੀ ਜੁੱਤੀ ਹੀ ਸਮਝਿਆ। ਉਹ ਆਪਣੀ ਮਰਜ਼ੀ ਦੀ ਮਾਲਕ ਬਣ ਬੈਠੀ ਸੀ।

    ਹੁਸਨ ਚੜ੍ਹਿਆ, ਕਹਿਰ ਦੀ ਧੁੱਪ ਬਣ ਕੇ, ਨੈਣ ਤਿੱਖੇ, ਜਿਉਂ ਫੌਲਾਦੀ ਛੁਰੀ ਹੋਵੇ। ਪਿੰਡ ਦੀਆਂ ਸੱਥਾਂ ਵਿੱਚ ਨਿੱਤ ਗੱਲ ਉੱਡੇ, ਹੁਣ ਕੌਣ ਬੰਨ੍ਹੂ ਜਵਾਨੀ ਦੀ ਝੜੀ ਹੋਵੇ।

   ਲੱਛੀ ਭੂਆ ਆਖੇ, “ਨੀਂ ਧੀਏ ਤੇਜੋ, ਕਾਹਤੋਂ ਖੇਡਾਂ, ਤੂੰ ਪੱਤ ਨਾਲ ਖੇਡਦੀ ਏਂ। ਸਾਨੂੰ ਮਾਰੂ ਏਹ ਹੁਸਨਪੁਰ ਵਾਲਾ ਗਰੂਰ, ਜਿਹੜੀ ਹੱਥੀਂ ਤੂੰ ਹੱਥੋਂ ਇੱਜ਼ਤ ਵੇਚਦੀ ਏਂ।”

ਬਾਪੂ ਦੀ ਆਮਦ ਅਤੇ ਅਣਦਿਸਦਾ ਤੂਫ਼ਾਨ
    ਜਦੋਂ ਪਾਣੀ ਸਿਰ ਉੱਤੋਂ ਲੰਘਣ ਲੱਗਿਆ ਤਾਂ ਹਾਰ ਕੇ ਬਖਤੌਰੇ ਫੁੱਫੜ ਨੇ ਤੇਜੋ ਦੇ ਪਿਤਾ ਫ਼ਕੀਰ ਸਿੰਘ ਨੂੰ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਤੋਂ ਪਿੰਡ ਸੱਦ ਲਿਆ। ਮਾਹੌਲ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਸੀ। ਫੁੱਫੜ ਨੇ ਨੀਵੀਂ ਪਾ ਕੇ ਕਿਹਾ, “ਭਾਈ ਸਾਹਿਬ! ਸਮਾਂ ਬੜਾ ਭੈੜਾ ਏ, ਹੁਣ ਤੇਜੋ ਦੇ ਹੱਥ ਪੀਲੇ ਕਰ ਦੇਣੇ ਚਾਹੀਦੇ ਨੇ।”

     ਪਿਤਾ, ਜੋ ਅਹਿਮਦਾਬਾਦ ਦੀ ਕਮਾਈ ਵਿੱਚ ਰੁੱਝਿਆ ਹੋਇਆ ਸੀ, ਨੇ ਬੜੀ ਹੈਰਾਨਗੀ ਨਾਲ ਪੁੱਛਿਆ, “ਪਰ ਕਿਉਂ ? ਅਜੇ ਤਾਂ ਤੇਜੋ ਦੀ ਉਮਰ ਹੀ ਬਾਈ-ਤੇਈ ਸਾਲ ਹੈ। ਚੰਗਾ ਵਰ ਟੋਲ ਕੇ ਫੇਰ ਸੋਚਾਂਗੇ।” ਭੂਆ ਲੱਛੀ ਦੇ ਚਿਹਰੇ ‘ਤੇ ਡਰ ਸਾਫ਼ ਝਲਕਦਾ ਸੀ, ਬੋਲੀ, “ਵੀਰ, ਤੁਸੀਂ ਪਰਦੇਸਾਂ ਵਿੱਚ ਬੈਠੇ ਹੋ, ਤੁਹਾਨੂੰ ਹੁਸਨਪੁਰ ਦੀ ਹਵਾ ਦਾ ਨਹੀਂ ਪਤਾ। ਬਸ ਇੰਨਾ ਸਮਝ ਲਵੋ ਕਿ ਧੀ ਨੂੰ ਸਾਂਭਣਾ ਹੁਣ ਸਾਡੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ।” ਭੂਆ ਲੱਛੀ ਨੇ ਲਿਹਾਜ਼ ਰੱਖਦਿਆਂ ਗੱਲ ਤੇ ਫਿਰ ਵੀ ਪਰਦਾ ਪਾਈ ਰੱਖਿਆ, ਪਰ ਸਿਆਣੇ ਕਹਿੰਦੇ ਨੇ ਕਿ ਇਸ਼ਕ ਅਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ।

    ਪਰਦੇਸੀ ਆਇਆ ਬੋਝ ਲੈ ਕੇ ਸਿਰਾਂ ‘ਤੇ, ਗੱਲ ਨੈਣਾਂ ਵਿੱਚ, ਨਾ ਜ਼ੁਬਾਨੋਂ ਹੋਈ। ਅਹਿਮਦਾਬਾਦ ਦੀ ਕਮਾਈ ਸੋਚਦਾ ਸੀ, ਅੰਦਰ ਪਿੰਡ ਦੀ ਪੱਤ ਧੂੜੋਂ-ਧੂਲ ਧੋਈ।

    ਕਮਰੇ ਦੀ ਕੰਧ ਵੀ ਡਰਦੀ ਕੰਬੇ, ਕੀ ਪੁੱਛੇਗਾ, ਤੇ ਕੀ ਜਵਾਬ ਮਿਲੇ। ਤੇਜੋ ਦੀ ਜਵਾਨੀ ਦੀ ਬੇਹਯਾਈ ਦਾ, ਕਿਸ ਮਿੱਟੀ ਵਿੱਚੋਂ ਪਿਤਾ ਨੂੰ ਹਿਸਾਬ ਮਿਲੇ?

‘ਤੇ ਉਹ ਕੁਲੈਹਣੀ ਕਹਿਰ ਦੀ ਰਾਤ
    ਪਿਉ ਫ਼ਕੀਰ ਸਿਓਂ ਅਜੇ ਸੋਚਾਂ ਦੇ ਵਹਿਣ ਵਿੱਚ ਹੀ ਸਨ ਕਿ ਹੋਣੀ ਨੇ ਆਪਣਾ ਜਾਲ ਵਿਛਾ ਦਿੱਤਾ। ਪੋਹ-ਮਾਘ ਦੀਆਂ ਰਾਤਾਂ, ਜਦੋਂ ਧੁੰਦ ਹੱਥ ਨੂੰ ਹੱਥ ਨਹੀਂ ਦਿਖਾਉਂਦੀ, ਪਿੰਡ ਦੀਆਂ ਗਲੀਆਂ ਸੁੰਨੀਆਂ ਸਨ। ਰਾਤ ਦਾ ਪਹਿਲਾ ਪਹਿਰ ਬੀਤ ਚੁੱਕਾ ਸੀ। ਸਾਰਾ ਘਰ ਗੂੜ੍ਹੀ ਨੀਂਦ ਵਿੱਚ ਸੀ। ਉਸੇ ਸੰਘਣੀ ਚੁੱਪ ਵਿੱਚ, ਤੇਜੋ ਦਾ ਇੱਕ ਆਸ਼ਿਕ, ਚੋਰਾਂ ਵਾਂਗ ਕੰਧ ਟੱਪ ਕੇ ਵਿਹੜੇ ਵਿੱਚ ਆ ਉੱਤਰਿਆ।

     ਕੁਦਰਤ ਦਾ ਭਾਣਾ ਵੇਖੋ, ਪਿਓ ਦੀ ਅੱਖ ਵੀ ਝੱਟ ਦੇਣੇ ਖੁੱਲ੍ਹ ਗਈ। ਜਦੋਂ ਉਹ ਉੱਠ ਕੇ ਬਾਹਰ ਆਇਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਧਰਤੀ ਵਿਹਲ ਨਾ ਦੇਵੇ। ਉਸ ਦੀ ਆਪਣੀ ਧੀ, ਜਿਸ ਨੂੰ ਉਹ ਫੁੱਲਾਂ ਵਾਂਗ ਸਮਝਦਾ ਸੀ, ਇੱਕ ਓਪਰੇ ਮਰਦ ਦੇ ਗਲ ਬਾਹਾਂ ਪਾਈ ਖੜ੍ਹੀ ਸੀ। ਇੱਕ ਪਿਓ ਦੀ ਅਣਖ ਨੂੰ ਇਸ ਤੋਂ ਵੱਡੀ ਸੱਟ ਹੋਰ ਕੀ ਵੱਜ ਸਕਦੀ ਸੀ ? ਖ਼ੂਨ ਉੱਬਲ ਪਿਆ। ਸ਼ਰਮ ਹਯਾ ਦੀ ਥਾਂ ਕ੍ਰੋਧ ਦੀ ਜਵਾਲਾ ਭੜਕ ਉੱਠੀ। ਪਿਤਾ ਨੇ ਝਪਟ ਮਾਰ ਕੇ ਉਸ ਆਸ਼ਿਕ ਨੂੰ ਦਬੋਚ ਲਿਆ। ਜੱਟ ਦੀ ਪਕੜ ਸੀ, ਛੁੱਟਣੀ ਔਖੀ ਸੀ। ਉਨ੍ਹਾਂ ਨੇ ਉਸ ਮੁੰਡੇ ਨੂੰ ਘਰ ਦੇ ਵਰਾਂਡੇ ਵਿੱਚ ਲੱਗੇ ਥੰਮਲੇ ਨਾਲ ਰੱਸਾ ਪਾ ਕੇ ਬੰਨ੍ਹ ਦਿੱਤਾ।

   ਰਾਤ ਕਹਿਰੀ, ਠੰਢੀ ਧੁੰਦ ਵਰਗੀ, ਥੰਮ੍ਹ ਨਾਲ ਬੰਨ੍ਹਿਆ ਜਵਾਨ ਵੇਖਿਆ। ਪਿਉ ਨੇ ਵੇਖਿਆ ਧੀ ਦੀ ਗੱਦਾਰੀ, ਕ੍ਰੋਧ ਦੀ ਅੱਗ ਦਾ ਤੂਫ਼ਾਨ ਵੇਖਿਆ।

   ਡਾਂਗ ਮਾਰੀ, ਹੱਡੀਆਂ ਟੁੱਟਣ ਦੀ ਆਵਾਜ਼, ਧਰਤੀ ਰੋਈ, ਅਸਮਾਨ ਵੇਖਿਆ। ਅਣਖ ਪੁੱਛੇ, “ਕਿਸਮਤ ਦੇ ਮਾਰੇ ਪਿਤਾ, ਧੀ ਨੇ ਤੇਰਾ ਕੀ ਇਹ ਇਮਤਿਹਾਨ ਵੇਖਿਆ?”

ਖੂਨੀ ਖੇਡ ਅਤੇ ਧੀ ਦੀ ਗੱਦਾਰੀ
       ਵਿਹੜੇ ਵਿੱਚ ਚੀਕ-ਚਿਹਾੜਾ ਮੱਚ ਗਿਆ। ਪਿਉ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਸੀ। ਹੱਥ ਵਿੱਚ ਡਾਂਗ ਫੜੀ ਤੇ ਵਰ੍ਹ ਪਿਆ ਉਸ ਮੁੰਡੇ ‘ਤੇ। ਅਣਖ ਦੀ ਸੱਟ ਸੀ, ਉਨ੍ਹਾਂ ਨੇ ਮਾਰ-ਮਾਰ ਕੇ ਉਸ ਦੀਆਂ ਲੱਤਾਂ ਭੰਨ ਦਿੱਤੀਆਂ। ਹੱਡੀਆਂ ਟੁੱਟਣ ਦੀ ਆਵਾਜ਼ ਨਾਲ ਰਾਤ ਦੀ ਚੁੱਪ ਚੀਰੀ ਗਈ।

   ਪਰ ਇੱਥੇ ਤੇਜੋ ਨੇ ਜੋ ਚੰਦ ਚਾੜ੍ਹਿਆ, ਉਹ ਕਲਯੁਗ ਦੀ ਇੰਤਹਾ ਸੀ। ਆਪਣੀ ਕਰਤੂਤ ‘ਤੇ ਸ਼ਰਮਿੰਦਾ ਹੋਣ ਅਤੇ ਪਿਓ ਦੇ ਪੈਰੀਂ ਪੈਣ ਦੀ ਬਜਾਏ, ਉਹ ਸ਼ੇਰਨੀ ਵਾਂਗ ਦਹਾੜਦੀ, ਭੱਜ ਕੇ ਗਲੀ ਵਿੱਚ ਜਾ ਵੜੀ। ਉਸਨੇ ਰੌਲਾ ਪਾ ਦਿੱਤਾ, ਜਿਵੇਂ ਕੋਈ ਧਾੜਵੀ ਆ ਪਿਆ ਹੋਵੇ। “ਮਾਰਤਾ… ਮਾਰਤਾ… ਬਚਾ ਲਓ ਬਚਾ ਲਓ ਵੇ ਲੋਕੋ!”

     ਉਸ ਦੀ ਆਵਾਜ਼ ਸੁਣ ਕੇ ਗੁਆਂਢੀ ਅਤੇ ਉਸ ਆਸ਼ਿਕ ਮੁੰਡੇ ਦੇ ਘਰਦੇ ਇਕੱਠੇ ਹੋ ਗਏ। ਵੇਖਦਿਆਂ ਹੀ ਵੇਖਦਿਆਂ ਘਰ ਦਾ ਵਿਹੜਾ ਜੰਗ ਦਾ ਮੈਦਾਨ ਬਣ ਗਿਆ। ਪਿਤਾ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਹੋਇਆ ਸੀ, ਉਹ ਉਸ ਮੁੰਡੇ ਦੀ ਜਾਨ ਲੈਣ ‘ਤੇ ਉਤਾਰੂ ਹੋਇਆ ਪਿਆ ਸੀ। ਪਰ ਪਿੰਡ ਦੀ ਭੀੜ ਅੱਗੇ ਉਹ ਇਕੱਲਾ ਪੈ ਗਿਆ। ਮੁੰਡੇ ਦੇ ਵਾਰਸਾਂ ਨੇ ਬੜੀ ਮੁਸ਼ਕਿਲ ਨਾਲ ਉਸ ਅੱਧਮੋਏ ਸਰੀਰ ਦੀਆਂ ਰੱਸੀਆਂ ਵੱਢੀਆਂ ਅਤੇ ਉਸ ਨੂੰ ਮੌਤ ਦੇ ਮੂੰਹੋਂ ਕੱਢ ਕੇ ਲੈ ਗਏ।

   ਉਸ ਕਾਲੀ ਰਾਤ ਨੇ ਸਿਰਫ਼ ਹੱਡੀਆਂ ਹੀ ਨਹੀਂ ਤੋੜੀਆਂ ਸਨ, ਸਗੋਂ ਪਿਓ-ਧੀ ਦੇ ਰਿਸ਼ਤੇ ਦੀ ਮਰਿਆਦਾ ਨੂੰ ਵੀ ਚਕਨਾਚੂਰ ਕਰ ਦਿੱਤਾ ਸੀ।

ਵੇਖੇ ਦੁਨੀਆਂ,ਤੇਜੋ ਨੇ ਕੀ ਚੰਦ ਚਾੜ੍ਹਿਆ,

ਪਿਉ ਨੂੰ ਦੱਸਿਆ, ‘ਧਾੜਵੀ ਆ ਗਏ ਨੇ!

‘ ਰੌਲਾ ਪਾ ਕੇ ਇੱਜ਼ਤ ਦਾ ਕੱਜਣ ਪਾੜਿਆ,

ਜਿਨ੍ਹਾਂ ਘਰ ਸਾੜਿਆ, ਉਹੀ ਛਾ ਗਏ ਨੇ।

ਮਰਿਆਦਾ ਟੁੱਟੀ, ਰਿਸ਼ਤਾ ਹੋਇਆ ਖ਼ੂਨ,

ਏਸ ਕੁੜੀ ਨੇ ਨੀਂ ਕਹਿਰ ਕਮਾ ਲਿਆ।

ਬਰਬਾਦੀ ਹੱਸੇ, ਪਾ ਕੇ ਅਣਸੁਲਝੀ ਗੰਢ,

ਤੂਫ਼ਾਨ ਹੁਣੇ ਤਾਂ ਆਉਣਾ ਸ਼ੁਰੂ ਲਾ ਲਿਆ।

(ਚੱਲਦਾ…)

Advertisement
Advertisement
Advertisement
Advertisement
error: Content is protected !!