ਬਰਨਾਲਾ ਸ਼ਹਿਰ ਨੂੰ ਨਗਰ ਨਿਗਮ ਦਾ ਦਰਜਾ – ਇਕ ਇਤਿਹਾਸਕ ਫ਼ੈਸਲਾ – ਸ਼ਿਵ ਸਿੰਗਲਾ
ਬਰਨਾਲਾ ਸ਼ਹਿਰ ਦੀਆਂ ਸੰਸਥਾਵਾਂ ਨੇ ਕੀਤਾ ਮੀਤ ਹੇਅਰ ਦਾ ਸਨਮਾਨ
ਰਘਬੀਰ ਹੈਪੀ, ਬਰਨਾਲਾ 7 ਦਸੰਬਰ 2025
ਬਰਨਾਲਾ ਸ਼ਹਿਰ ਦੀ ਪ੍ਰਸਿੱਧ ਸੰਸਥਾ ਐੱਸ ਐੱਸ ਡੀ ਕਾਲਜ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਨਮਾਨ ਸਮਾਰੋਹ ਐਸਐਸਡੀ ਕਾਲਜ ਅਤੇ ਬਰਨਾਲਾ ਵੈਲਫੇਅਰ ਕਲੱਬ ਬਰਨਾਲਾ ਵਲੋਂ ਕਰਵਾਇਆ ਗਿਆ। ਜਿਸ ਵਿੱਚ ਖਾਸ ਤੌਰ ‘ਤੇ ਮੰਨੀ ਹੋਈ ਸ਼ਖ਼ਸੀਅਤ ਮੈਂਬਰ ਪਾਰਲੀਮੈਂਟ ਸ.ਮੀਤ ਹੇਅਰ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਕਾਲਜ ਪ੍ਰਬੰਧਕੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਸਕੂਲ ਬੈਂਡ ਨਾਲ ਸਵਾਗਤ ਕੀਤਾ। 
ਇਹ ਵਿਸ਼ੇਸ਼ ਸਨਮਾਨ ਬਰਨਾਲਾ ਸ਼ਹਿਰ ਨੂੰ ਨਗਰ ਨਿਗਮ ਦਾ ਦਰਜਾ ਦਿਵਾਉਣ ਲਈ ਉਨ੍ਹਾਂ ਦੇ ਅਹਿਮ ਯੋਗਦਾਨ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ। ਮੈਂਬਰ ਪਾਰਲੀਮੈਂਟ ਸ.ਮੀਤ ਹੇਅਰ ਨੇ ਲੋਕ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਨਾਲਾ ਲਈ ਲੰਮੇ ਸਮੇਂ ਤੋਂ ਕੀਤੀ ਮੰਗ ਨੂੰ ਪੂਰਾ ਕਰਵਾਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਕੋਸ਼ਿਸ਼ਾਂ ਨਾਲ ਬਰਨਾਲਾ ਸ਼ਹਿਰ ਦੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੇ ਜਨਮ ਲਿਆ ਹੈ, ਜਿਸ ਨਾਲ ਖੇਤਰ ਦੇ ਨਿਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। 
ਇਸ ਸਨਮਾਨ ਸਮਾਰੋਹ ਵਿੱਚ ਐੱਸ ਐੱਸ ਡੀ ਸਭਾ ਬਰਨਾਲਾ ,ਅਗਗਵਾਲ ਸਭਾ ,ਬਰਨਾਲਾ ਵੈਲਫੇਅਰ ਕਲੱਬ ,ਵਿਸ਼ਵ ਜਾਗ੍ਰਤੀ ਮੰਚ ,ਲਾਇਨਜ ਕਲੱਬ ,ਆਸਥਾ ਵੈਲਫੇਅਰ ਸੁਸਾਇਟੀ , ਲਾਇਨਜ ਕਲੱਬ ਬਰਨਾਲਾ ਸੁਪਰੀਮ , ਅਰੋੜਾ ਵੰਸ਼ ਸਭਾ , ਸ਼੍ਰੀ ਮਹਾ ਸ਼ਕਤੀ ਕਲਾ ਮੰਦਰ ,ਬਰਨਾਲਾ ਜਿਲ੍ਹਾ ਇੰਡਸਟਰੀ ਚੈਂਬਰ ,ਬ੍ਰਾਹਮਣ ਸਭਾ ,ਰਾਮਰਾਜਿਆ ਵੈਲਫੇਅਰ ਸੁਸਾਇਟੀ, ਰਾਇਸ਼ ਮਿਲਰਜ ਐਸੋਸੀਏਸ਼ਨ ਬਰਨਾਲਾ ਆਦਿ ਸੰਸਥਾ ਵਲੋਂ ਸ.ਮੀਤ ਹੇਅਰ ਦਾ ਸਨਮਾਨ ਕੀਤਾ ਗਿਆ। 
ਵਿਵੇਕ ਸਿੰਧਵਾਨੀ ਨੇ ਕਿਹਾ ਕਿ ਸ.ਮੀਤ ਹੇਅਰ ਦੀ ਅਗਵਾਈ ਹੇਠ ਬਰਨਾਲਾ ਲਈ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲੇ ਹਨ—ਚਾਹੇ ਸ਼ਹਿਰੀ ਸੁਵਿਧਾਵਾਂ ਹੋਣ, ਚੰਗੀ ਯੋਜਨਾਬੰਦੀ ਹੋਵੇ, ਜਾਂ ਲੋਕਾਂ ਦੇ ਸੁਖ–ਸਹੂਲਤਾਂ ਲਈ ਲਏ ਗਏ ਵੱਡੇ ਫੈਸਲੇ। 
ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਜਿੰਦਲ ਨੇ ਕਿਹਾ ਕਿ ਸ.ਮੀਤ ਹੇਅਰ ਵਰਗੇ ਨੇਤਾ ਮਿਲਣਾ ਖੇਤਰ ਲਈ ਇੱਕ ਵੱਡਮੁੱਲੀ ਦਾਤ ਵਰਗਾ ਹੈ। ਇਨ੍ਹਾਂ ਦੀ ਨਿਮਰਤਾ, ਸਹਿਚਾਰ, ਦਿਲਦਾਰੀ ਅਤੇ ਅਗਾਂਹ ਦੀ ਸੋਚ ਨੇ ਹਮੇਸ਼ਾਂ ਲੋਕਾਂ ਦੇ ਦਿਲ ਜਿਤੇ ਹਨ।
ਵਿਜੇ ਭਦੌੜ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਸ. ਸਿੰਘ ਇਵੇਂ ਹੀ ਅੱਗੇ ਵੀ ਤਰੱਕੀ ਦੇ ਰਾਹ ਤੇ ਬਰਨਾਲਾ ਨੂੰ ਹੋਰ ਉੱਚਾਈਆਂ ‘ਤੇ ਲੈ ਕੇ ਜਾਣ। ਸਾਡੀਆਂ ਸ਼ੁਭਕਾਮਨਾਵਾਂ, ਸਾਡਾ ਸਨਮਾਨ ਅਤੇ ਸਾਡੀ ਸ਼ਰਧਾ ਹਮੇਸ਼ਾਂ ਉਨ੍ਹਾਂ ਨਾਲ ਰਹੇਗੀ।
ਸ.ਮੀਤ ਹੇਅਰ ਨੇ ਵੀ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਬਰਨਾਲਾ ਸ਼ਹਿਰ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ, ਅਤੇ ਉਹ ਭਵਿੱਖ ਵਿੱਚ ਵੀ ਇਸ ਖੇਤਰ ਨੂੰ ਅੱਗੇ ਲੈ ਜਾਣ ਲਈ ਵਚਨਬੱਧ ਹਨ। ਉਨ੍ਹਾਂ ਨੇ ਦੱਸਿਆ ਕਿ ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਮਿਲਣਾ ਸਿਰਫ਼ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਘਟਾਉਣ ਵਾਸਤੇ ਨਹੀਂ, ਸਗੋਂ ਭਵਿੱਖ ਦੇ ਵਿਕਾਸ ਦੇ ਦਰਵਾਜ਼ੇ ਖੋਲਣ ਵਾਲਾ ਕਦਮ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਖੇਤਰ ਵਿੱਚ ਨਵੀਆਂ ਸੜਕਾਂ, ਸਫ਼ਾਈ ਪ੍ਰਣਾਲੀ, ਨਵਾਂ ਹਸਪਤਾਲ ਪ੍ਰਸਤਾਵਿਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਤਿਆਰ ਕਰਨ ਲਈ ਵੀ ਵਿਸ਼ੇਸ਼ ਯੋਜਨਾਵਾਂ ‘ਤੇ ਕੰਮ ਜਾਰੀ ਹੈ। ਸ.ਮੀਤ ਹੇਅਰ ਜੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਹਰ ਪ੍ਰੋਜੈਕਟ ਪੂਰੀ ਪਾਰਦਰਸ਼ਤਾ ਅਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਹਿਯੋਗ ਅਤੇ ਪਿਆਰ ਨੇ ਹੀ ਉਨ੍ਹਾਂ ਨੂੰ ਖੇਤਰ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਆਖ਼ਿਰ ਵਿੱਚ ਸ.ਮੀਤ ਹੇਅਰ ਜੀ ਨੇ ਭਰੋਸਾ ਦਵਾਇਆ ਕਿ ਬਰਨਾਲਾ ਦਾ ਹਰ ਨਾਗਰਿਕ ਉਹਨਾਂ ਦੇ ਦਿਲ ਦੇ ਕਰੀਬ ਹੈ ਅਤੇ ਉਹ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਤਤਪਰ ਰਹਿਣਗੇ।
ਐੱਸ ਐੱਸ ਡੀ ਸਭਾ ਦੇ ਜਰਨਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਅੱਜ ਦੇ ਇਸ ਗੌਰਵਮਈ ਸਮਾਰੋਹ ਵਿੱਚ, ਮੈਂ ਐੱਸ ਐੱਸ ਡੀ ਪਰਿਵਾਰ ਦੀ ਵੱਲੋਂ ਸ.ਮੀਤ ਹੇਅਰ ਲਈ ਆਪਣੇ ਦਿਲੋਂ ਆਭਾਰ ਅਤੇ ਤਾਰੀਫ਼ ਦੇ ਸ਼ਬਦ ਪ੍ਰਗਟ ਕਰਨਾ ਆਪਣੀ ਸਭ ਤੋਂ ਵੱਡੀ ਖੁਸ਼ਕਿਸਮਤੀ ਸਮਝਦਾ ਹਾਂ। ਸ. ਸਿੰਘ ਜੀ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਪੂਰੇ ਖੇਤਰ ਦੇ ਵਿਕਾਸ ਦੀ ਨਵੀਂ ਰਾਹ ਬਣਾਈ ਹੈ।
ਸ.ਮੀਤ ਹੇਅਰ ਦੀ ਦੂਰਅੰਦੇਸ਼ ਲੀਡਰਸ਼ਿਪ, ਲੋਕਾਂ ਨਾਲ ਮਿੱਠੀ ਜੁੜਾਵਟ ਅਤੇ ਹਰ ਵਾਰ ਲੋਕ ਹਿਤ ਨੂੰ ਸਭ ਤੋਂ ਉਪਰ ਰੱਖਣ ਦੀ ਸੋਚ ਨੇ ਸਾਨੂੰ ਹਮੇਸ਼ਾਂ ਪ੍ਰੇਰਿਤ ਕੀਤਾ ਹੈ। ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਮਿਲਣਾ ਕੋਈ ਆਮ ਉਪਲਬਧੀ ਨਹੀਂ—ਇਹ ਉਹ ਇਤਿਹਾਸਕ ਫ਼ੈਸਲਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸਰਕਾਰਕ ਢੰਗ ਨਾਲ ਪ੍ਰਭਾਵਿਤ ਕਰੇਗਾ।
ਸ.ਮੀਤ ਹੇਅਰ ਨੇ ਇਹ ਸਾਬਤ ਕੀਤਾ ਹੈ ਕਿ ਜਿੱਥੇ ਇਰਾਦੇ ਪੱਕੇ ਹੋਣ ਤੇ ਜਨ ਸੇਵਾ ਦਾ ਜਜ਼ਬਾ ਸੱਚਾ ਹੋਵੇ, ਉੱਥੇ ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਅੱਜ ਬਰਨਾਲਾ ਸ਼ਹਿਰ ਦੀ ਵਿਕਾਸਯਾਤਰਾ ਜਿੱਥੇ ਖੜੀ ਹੈ, ਉਸ ਵਿੱਚ ਸਭ ਤੋਂ ਵੱਡਾ ਹਿੱਸਾ ਸ.ਮੀਤ ਹੇਅਰ ਜੀ ਦੀ ਲਗਾਤਾਰ ਮਿਹਨਤ, ਜ਼ਿੰਮੇਵਾਰੀ ਅਤੇ ਲੋਕਾਂ ਲਈ ਨਿਭਾਏ ਫ਼ਰਜ਼ ਦਾ ਹੈ।
ਸਮਾਰੋਹ ਦੇ ਅੰਤ ‘ਤੇ ਉਨ੍ਹਾਂ ਨੂੰ ਸਨਮਾਨ ਪੱਤਰ, ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਉਹਨਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਰੋਹ ਨੇ ਇੱਕ ਪ੍ਰੇਰਣਾਦਾਇਕ ਅਤੇ ਗੁਰੂਰ ਨਾਲ ਭਰਿਆ ਮਹੌਲ ਪੈਦਾ ਕੀਤਾ। ਇਸ ਮੌਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ,ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਓ ਐਸ ਡੀ ਹਸਨਪ੍ਰੀਤ ਭਾਰਦਵਾਜ, ਬਰਨਾਲਾ ਕਲੱਬ ਦੇ ਸੈਕਟਰੀ ਅਤੇ ਆਪ ਆਗੂ ਇਸ਼ਵਿੰਦਰ ਸਿੰਘ ਜੰਡੂ, ਰੀਅਲ ਅਸਟੇਟ ਕਾਰੋਬਾਰੀ ਆਸਥਾ ਕਲੋਨੀ ਦੇ ਐਮ ਡੀ ਦੀਪਕ ਬਾਂਸਲ ਸੋਨੀ, ਵਪਾਰੀ ਆਗੂ ਤੇ ਕਲੋਨਾਈਜਰ ਪਿਆਰਾ ਲਾਲ ਰਾਏਸਰੀਆ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।







