“ਠਾਹ ਸੋਟਾ” “CM ਮਾਨ ਪੰਜਾਬੀ ਦੇ ‘ਠੇਠ’ ਤੇ ਅਫ਼ਸਰ ‘ਆਜੀਵਕਾ’ ਦੇ ਸੇਠ..!”

Advertisement
Spread information

ਮਾਨ ਸਾਬ੍ਹ ! ਥੋਡੀ ‘ਪੰਜਾਬੀ’ ਤਾਂ ਅਫ਼ਸਰਾਂ ਨੇ ‘ਆਜੀਵਕਾ’ ਤੇ ‘ਮਿਸ਼ਨਾਂ’ ‘ਚ ਹੀ ਰੋਲ਼ ਦਿੱਤੀ..?

“ਨਾ ਪੰਜਾਬੀ, ਨਾ ਲੋਕ ‘ਸਖੀ ਸ਼ਕਤੀ’ ਮੇਲੇ ਦੀ ਲਾਜ ਬਚਾਉਣ ਲਈ ਸਕੂਲੀ ਬੱਚਿਆਂ ਨਾਲ ਭਰੀਆਂ ਕੁਰਸੀਆਂ !”

ਹਾਲੇ 3 ਦਿਨ ਪਹਿਲਾਂ ਤਾਂ ਮਾਂ ਬੋਲੀ ਦਿਹਾੜਾ ਮਨਾ ਕੇ ਹਟੇ ਆਂ, ਤੇ ਆਪਣੀ ਮਾਂ ਬੋਲੀ ਨੂੰ ਪੰਜਾਬ ਦੀਆਂ ਸਕੀਮਾਂ ਵਿੱਚ ਵੀ ਨਹੀਂ ਵਰਤਿਆਂ ਜਾ ਰਿਹਾ- ਡਾ. ਟੱਲੇਵਾਲੀਆ

ਹਰਿੰਦਰ ਨਿੱਕਾ,  ਬਰਨਾਲਾ 24 ਫਰਵਰੀ 2026

     ਪੰਜਾਬ ਸਰਕਾਰ ਇੱਕ ਪਾਸੇ ਤਾਂ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਹਰ ਮੰਚ ‘ਤੇ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰੀ ਸਕੀਮਾਂ ਦੇ ਨਾਮ ਹੀ ਪੰਜਾਬੀ ਮਾਂ-ਬੋਲੀ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਬਰਨਾਲਾ ਵਿਖੇ ਕਰਵਾਏ ਗਏ ‘ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ’ ਤਹਿਤ ‘ਪੰਜਾਬ ਸਖੀ ਸ਼ਕਤੀ’ ਮੇਲੇ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੰਜਾਬੀ ਪ੍ਰਤੀ ‘ਮੁਹੱਬਤ’ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੇ ਹੀ ਵੀ ਜਿਕਰ ਕਰਨਾ ਲਾਜਿਮੀ ਹੈ ਕਿ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਿਯੁਕਤੀਆਂ ਦੀਆਂ ਸੂਚੀਆਂ ਤਾਂ ਹੁਣ ਪੰਜਾਬੀ ਅਤੇ ਅੰਗਰੇਜੀ ਵਿੱਚ ਜ਼ਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਦਮ ਦੀ ਚੁਫੇਰਿੳਂਂ ਸਰਾਹਣਾ ਵੀ ਹੋ ਰਹੀ ਹੈ। ਪਰ ਪੰਜਾਬ ਸਰਕਾਰ ਆਪਣੀਆਂ ਯੋਜਨਾਵਾਂ ਜਾਂ ਪ੍ਰੋਗਰਾਮਾਂ ਦੇ ਨਾਂ ਸੁੱਧ ਪੰਜਾਬੀ  ਵਿੱਚ ਲਿਖਣ ਤੋਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਵੱਟ ਰਹੀ ਹੈ।

ਕਿੱਥੇ ਗਈ ‘ਪੇਂਡੂ ਰੋਜ਼ੀ-ਰੋਟੀ ਮੁਹਿੰਮ’?

ਹੈਰਾਨੀ ਦੀ ਗੱਲ ਹੈ ਕਿ ਜਿਸ ਪੰਜਾਬੀ ਭਾਸ਼ਾ ਲਈ ਸਰਕਾਰ ਸਾਈਨ ਬੋਰਡ ਬਦਲਣ ਦੇ ਹੁਕਮ ਦਿੰਦੀ ਹੈ, ਉਸੇ ਸਰਕਾਰ ਦੇ ਪ੍ਰੋਜੈਕਟਾਂ ਵਿੱਚ ‘ਪੇਂਡੂ’ ਦੀ ਥਾਂ ਫਾਰਸੀ ਮੂਲ ਦਾ ‘ਦਿਹਾਤੀ’, ‘ਰੋਜ਼ੀ-ਰੋਟੀ’ ਦੀ ਥਾਂ ਸ਼ੁੱਧ ਹਿੰਦੀ/ਸੰਸਕ੍ਰਿਤ ਦਾ ‘ਆਜੀਵਕਾ’ ਅਤੇ ‘ਮੁਹਿੰਮ’ ਦੀ ਥਾਂ ਅੰਗਰੇਜ਼ੀ ਦਾ ‘ਮਿਸ਼ਨ’ ਸ਼ਬਦ ਵਰਤਿਆ ਗਿਆ ਹੈ। ਇੰਨਾ ਹੀ ਨਹੀਂ, ‘ਸਹੇਲੀ’ ਵਰਗੇ ਮਿੱਠੇ ਪੰਜਾਬੀ ਸ਼ਬਦ ਨੂੰ ਵਿਸਾਰ ਕੇ ‘ਸਖੀ’ ਸ਼ਬਦ ਦਾ ਕੁਹਾੜਾ ਚਲਾਇਆ ਗਿਆ ਹੈ।

 “ਸਾਡਾ ਮੁੱਖ ਮੰਤਰੀ ਤਾਂ ਠੇਠ ਹੈ, ਪਰ ਅਫ਼ਸਰਾਂ ਨੂੰ ਪੰਜਾਬੀ ਨਹੀਂ ਆਉਂਦੀ”

      ਮੇਲਾ ਦੇਖਣ ਪਹੁੰਚੇ ਬਜ਼ੁਰਗ ਜੋਗਿੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਸਰਕਾਰ ‘ਤੇ ਕਰਾਰੀ ਚੋਟ ਕਰਦਿਆਂ ਕਿਹਾ, “ਭਗਵੰਤ ਮਾਨ ਤਾਂ ਪਿੰਡਾਂ ਦਾ ਪਾਲਿਆ ਹੈ, ਉਹ ਤਾਂ ਜਮ੍ਹਾਂ ਠੇਠ ਪੰਜਾਬੀ ਬੋਲਦਾ ਹੈ, ਪਰ ਜਿਨ੍ਹਾਂ ਅਫ਼ਸਰਾਂ ਨੇ ਪੰਜਾਬੀ ਲਾਗੂ ਕਰਨੀ ਹੈ, ਉਨ੍ਹਾਂ ਨੂੰ ਆਪ ਹੀ ਪੰਜਾਬੀ ਨਹੀਂ ਆਉਂਦੀ।” ਸਟਾਲਾਂ ‘ਤੇ ਲਿਖੇ ‘ਸੈਲਫ ਹੈਲਪ ਗਰੁੱਪ’ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿੱਚੋਂ ਇੱਕ ਵੀ ਪੰਜਾਬੀ ਦਾ ਨਹੀਂ। ‘ਸੁਆਦ ਪਿੰਡ ਦਾ’ ਲਿਖ ਕੇ ਸ਼ਹਿਰੀ ਚੀਜ਼ਾਂ ਦੀ ਪ੍ਰਦਰਸ਼ਨੀ ਲਾਉਣਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ।                                                     

ਜਦੋਂ ਮੇਲੇ ਦੀ ‘ਲਾਜ’ ਸਕੂਲੀ ਬੱਚਿਆਂ ਨੇ ਬਚਾਈ

       ਮੇਲੇ ਦੀ ਹਾਲਤ ਇਹ ਸੀ ਕਿ ਸੈਲਫ ਹੈਲਪ ਗਰੁੱਪਾਂ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਬਿਨਾਂ ਆਮ ਜਨਤਾ ਦੀ ਗਿਣਤੀ ਉਂਗਲਾਂ ‘ਤੇ ਗਿਣਨਯੋਗ ਵੀ ਨਹੀਂ ਸੀ। ਖਾਲੀ ਕੁਰਸੀਆਂ ਦਾ ਮੂੰਹ ਚਿੜਾਉਂਦੇ ਮੇਲੇ ਵਿੱਚ ਪ੍ਰਬੰਧਕਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਸੀ.ਬੀ.ਐਸ.ਈ. ਪੈਟਰਨ ਦੇ ਸਕੂਲੀ ਬੱਚਿਆਂ ਨੂੰ ਕੁਰਸੀਆਂ ‘ਤੇ ਬਿਠਾ ਦਿੱਤਾ। ਲੋਕਾਂ ਨੇ ਚਰਚਾ ਕੀਤੀ ਕਿ ਸਰਕਾਰੀ ਸਕੂਲਾਂ ਦੇ ਬੱਚੇ ਤਾਂ ਪੇਪਰਾਂ ਵਿੱਚ ਰੁੱਝੇ ਹਨ, ਪਰ ਮੇਲੇ ਦੀ ਭੀੜ ਦਿਖਾਉਣ ਲਈ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈਣਾ ਪਿਆ।

ਨਾਮ ਬਦਲਿਆ, ਪਰ ਹਾਲਾਤ ਨਹੀਂ

     ਨੌਜਵਾਨ ਸੁਖਜਿੰਦਰ ਸਿੰਘ ਅਨੁਸਾਰ, ਸਰਕਾਰ ਕੋਈ ਨਵਾਂ ਕੰਮ ਨਹੀਂ ਕਰ ਰਹੀ। ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਸਕੀਮਾਂ ਦੇ ਨਾਮ ਬਦਲ ਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਮੇਲੇ ਵਿੱਚ ਪਹੁੰਚੀਆਂ ਔਰਤਾਂ ਨੂੰ ਹੀ ‘ਆਜੀਵਕਾ’ ਅਤੇ ‘ਸਖੀ’ ਸ਼ਬਦ ਦਾ ਮਤਲਬ ਨਹੀਂ ਪਤਾ, ਤਾਂ ਅਜਿਹੇ ਗੁੰਝਲਦਾਰ ਅਤੇ ਗ਼ੈਰ-ਪੰਜਾਬੀ ਨਾਵਾਂ ਵਾਲੇ ਮੇਲਿਆਂ ਦਾ ਆਮ ਲੋਕਾਂ ਨੂੰ ਕੀ ਫਾਇਦਾ?

 ਕੁੱਝ ਤਾਂ ਸ਼ਰਮ ਕਰੋ ….

  ਮਾਲਵਾ ਸਹਿਤ ਸਭਾ ਰਜਿ: ਬਰਨਾਲਾ ਦੇ ਮੀਤ ਪ੍ਰਧਾਨ ਤੇ ਉੱਘੇ ਸਹਿਤਕਾਰ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆਂ ਨੇ ਇਸ ਮੁੱਦੇ ਤੇ ਬੇਬਾਕ ਰਾਇ ਰਖਦਿਆਂ ਕਿਹਾ,  ਹਾਲੇ 3 ਦਿਨ ਪਹਿਲਾਂ 21 ਫਰਵਰੀ ਨੂੰ ਤਾਂ ਅਸੀਂ ਸਾਰੇ ਮਾਂ ਬੋਲੀ ਦਿਹਾੜਾ ਮਨਾ ਕੇ ਹਟੇ ਆਂ, ਤੇ ਆਪਣੀ ਮਾਂ ਬੋਲੀ ਨੂੰ ਪੰਜਾਬ ਦੀਆਂ ਸਕੀਮਾਂ ਵਿੱਚ ਵੀ ਨਹੀਂ ਵਰਤਿਆਂ ਜਾ ਰਿਹਾ। ਇਸ ਤੋਂ ਭੈੜੀ ਗੱਲ ਕੀ ਹੋ ਸਕਦੀ ਹੈ। ਡਾਕਟਰ ਟੱਲੇਵਾਲੀਆ ਨੇ ਕਿਹਾ, ਪੰਜਾਬੀ ਭਾਸ਼ਾ ਦਾ ਮਹਾਨ ਸ਼ਬਦ ਭੰਡਾਰ ਹੈ, ਜਿਹੜਾ ਸ਼ਬਦ ਹੋਰ ਭਾਸ਼ਾਵਾਂ ਵਿੱਚ ਦੋ ਦੋ ਤਿੰਨ ਤਿੰਨ ਸ਼ਬਦਾਂ ਨੂੰ ਜੋੜ ਕੇ ਬਣਦਾ ਹੈ, ਉਹ ਹਰ ਸ਼ਬਦ ਵੀ ਪੰਜਾਬੀ ਵਿੱਚ ਇੱਕੋ ਵਰਤਿਆ ਜਾ ਸਕਦਾ ਹੈ। ਸਾਡੀ ਭਾਸ਼ਾ ਦਪ ਵਿਰਾਸਤ ਤੇ ਖਜ਼ਾਨਾ ਬਹੁਤ ਅਮੀਰ ਹੈ। ਫਿਰ ਵੀ ਜੇਕਰ ਸਰਕਾਰ ਜਾਂ ਅਧਿਕਾਰੀਆਂ ਨੂੰ ਪੰਜਾਬੀ ਦੇ ਸ਼ਬਦਾਂ ਦੀ ਢੁੱਕਵੀਂ ਚੋਣ ਕਰਨ ਵਿੱਚ ਕੋਈ ਔਖਿਆਈ ਮਹਿਸੂਸ ਹੁੰਦੀ ਹੈ, ਉਹ ਹਿੰਦੀ, ਅੰਗਰੇਜੀ ਸ਼ਬਦਾਂ ਦੇ ਬਦਲ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨ ਲਈ ਪੰਜਾਬੀ ਸਹਿਤਕਾਰਾਂ/ ਵਿਦਵਾਨਾਂ ਦੀ ਰਾਇ ਸਲਾਹ ਲੈ ਸਕਦੀ ਹੈ। 

Advertisement
Advertisement
Advertisement
Advertisement
error: Content is protected !!