ਕਰੋੜਾਂ ਦੀ ਠੱਗੀ ਮਾਰਨ ਵਾਲਾ ‘ਜਗਦੀਸ਼ ‘ ਲੋਕਾਂ ਨੇ ਫੜਿਆ: ਛੱਤ ਵੇਚ ਕੇ ਦਿੱਤੇ ਸੀ ਪੈਸੇ, ਹੁਣ ਪੀੜਤਾਂ ਨੇ ਕੈਮਰੇ ਸਾਹਮਣੇ ਬੁਲਾਇਆ ਸੱਚ..!
ਹਰਿੰਦਰ ਨਿੱਕਾ, ਬਰਨਾਲਾ 25 ਫਰਵਰੀ 2026
ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਵਿਅਕਤੀ ਆਖਿਰ ਲੰਘੀ ਕੱਲ੍ਹ ਪੀੜਤ ਲੋਕਾਂ ਨੇ ਖੁਦ ਹੀ ਫੜ੍ਹ ਲਿਆ। ਲੋਕਾਂ ਦੇ ਹੱਥੇ ਚੜ੍ਹੇ ਕਥਿਤ ਦੋਸ਼ੀ ਜਗਦੀਸ਼ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਤੇ ਭੜਕੇ ਲੋਕਾਂ ਨੇ ਚੰਗਾ ਹੱਥ ਹੌਲਾ ਵੀ ਕੀਤਾ। ਪਤਾ ਲੱਗਿਆ ਹੈ ਕਿ ਲੋਕਾਂ ਨੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਵੀ ਕੀਤਾ, ਪਰੰਤੂ ਪੁਲਿਸ ਅਧਿਕਾਰੀ ਇਸ ਦੀ ਕੋਈ ਪੁਸ਼ਟੀ ਕਰਨ ਲਈ ਅੱਗੇ ਨਹੀਂ ਆਇਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਨੁਸਾਰ ਜਗਦੀਸ਼ ਨਾਮ ਦਾ ਵਿਅਕਤੀ ਖੁਦ ਵੀ ਇੰਕਸ਼ਾਫ ਕਰ ਰਿਹਾ ਹੈ ਕਿ ਉਸ ਨੇ 12 ਤੋਂ 14 ਜਣਿਆਂ ਨੂੰ ਹਾਈਕੋਰਟ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ, ਲੱਖਾਂ ਰੁਪਏ ਪ੍ਰਾਪਤ ਕੀਤੇ ਹਨ।
ਪਰੰਤੂ ਕਿਸੇ ਨੂੰ ਵੀ ਨੌਕਰੀ ਨਹੀਂ ਦਿਵਾਈ, ਕਿਉਂਕਿ ਉਸ ਦੀ ਅਜਿਹੀ ਕੋਈ ਪੁਜੀਸ਼ਨ ਹੀ ਨਹੀਂ ਕਿ ਉਹ ਕਿਸੇ ਨੂੰ ਨੌਕਰੀ ਦਿਵਾ ਸਕੇ। ਵੱਡਾ ਸਵਾਲ ਇਹ ਵੀ ਉਭਰਕੇ ਸਾਹਮਣੇ ਆ ਰਿਹਾ ਹੈ ਕਿ ਨੌਕਰੀਆਂ ਦੇ ਨਾਂ ਤੇ ਠੱਗੀ ਮਾਰਨ ਵਾਲਾ, ਪੂਰਾ ਗਿਰੋਹ ਹੋਵੇਗਾ, ਇਕੱਲਾ ਇਕਹਿਰਾ ਵਿਅਕਤੀ ਅਜਿਹਾ ਧੰਦਾ ਨਹੀਂ ਚਲਾ ਸਕਦਾ। ਜੇਕਰ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਜਾਲ੍ਹੀ ਦਸਤਾਵੇਜ ਤਿਆਰ ਕਰਨ ਵਾਲੇ ਹੋਰ ਵਿਅਕਤੀ ਵੀ ਸਾਹਮਣੇ ਆ ਸਕਦੇ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ ਕਥਿਤ ਦੋਸ਼ੀ ਜਗਦੀਸ਼ , ਮਾਨਾ ਪਿੰਡੀ ਧਨੌਲਾ ਵਿਖੇ ਇੱਕ ਔਰਤ ਕੋਲ ਠਹਿਰਿਆ ਹੋਇਆ ਸੀ। ਜਦੋਂ ਇਸ ਦੀ ਭਿਣਕ ਪੀੜਤ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ੳਸ ਨੂੰ ਉੱਥੋਂ ਹੀ ਫੜ੍ਹ ਲਿਆ ਅਤੇ ਟ੍ਰਾਈਡੈਂਟ ਗਰੁੱਪ ਦੇ ਨਜਦੀਕ ਬਣੇ ਇੱਕ ਕੈਟਰਿੰਗ ਦੇ ਦਫਤਰ ਵਿੱਚ ਲੈ ਪਹੁੰਚੇ। ਉੱਥੇ ਉਨਾਂ ਹੱਥ ਹੌਲਾ ਕਰਕੇ, ਜਗਦੀਸ਼ ਤੋਂ ਸਾਰ ਕੁੱਝ ਮਨਵਾ ਕੇ, ਉਸ ਦੀ ਵੀਡੀਓ ਵੀ ਬਣਾ ਲਈ। ਇਸ ਮੌਕੇ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨਾਂ ਨੂੰ ਮਲਕੀਤ ਸਿੰਘ ਅਤੇ ਰਾਹੁਲ ਨੇ ਦੱਸਿਆ ਕਿ ਸੀ ਕਿ
ਜਗਦੀਸ਼ ਨਾਂ ਦਾ ਵਿਅਕਤੀ ਚੰਡੀਗੜ੍ਹ ਕੋਰਟ ਵਿੱਚ ਕਲਰਕ ਦੀ ਨੌਕਰੀ ਦਿਵਾ ਸਕਦਾ ਹੈ। ਜਦੋਂ ਉਨਾਂ ਗੱਲ ਕੀਤੀ ਤਾਂ ਜਗਦੀਸ਼ ਨੇ ਨੌਕਰੀ ਦਿਵਾਉਣ ਬਦਲੇ 8 ਲੱਖ ਰੁਪਏ ਦੀ ਮੰਗ ਕੀਤੀ ਤੇ ਸੌਦਾ 6 ਲੱਖ ਰੁਪਏ ਵਿੱਚ ਤੈਅ ਹੋਇਆ। ਉਨਾਂ ਆਪਣਾ ਘਰ ਵੇਚ ਕੇ, ਜਗਦੀਸ਼ ਨੂੰ 6 ਲੱਖ ਰੁਪਏ ਵੀ ਦੇ ਦਿੱਤੇ। ਪਰੰਤੂ ਕੋਈ ਨੌਕਰੀ ਨਹੀਂ ਦਿਵਾਈ। ਉਨਾਂ ਬਹੁਤ ਹੀ ਭਾਵੁਕ ਲਹਿਜੇ ਵਿੱਚ ਦੱਸਿਆ ਕਿ ਉਸ ਨੇ ਮੁੰਡੇ ਨੂੰ ਨੌਕਰੀ ਤਾਂ ਕੀ ਦਿਵਾਉਣੀ ਸੀ, ਜੁਆਕਾਂ ਦੇ ਸਿਰ ਦੀ ਛੱਤ ਯਾਨੀ ਘਰ ਵੀ ਗੁਆ ਲਿਆ।
ਇਸ ਮੌਕੇ ਤੇ ਵੀਡੀਓ ਵਿੱਚ ਖੜ੍ਹੇ ਦਿਖਾਈ ਦੇ ਰਹੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਆਪਣੇ ਲੜਕੇ ਨੂੰ ਨੌਕਰੀ ਦਿਵਾਉਣ ਲਈ ਲੱਖਾਂ ਰੁਪਏ ਜਗਦੀਸ਼ ਸਿੰਘ ਨੂੰ ਦਿੱਤੇ ਹਨ। ਪਰ ਕੁੱਝ ਵੀ ਪੱਲੇ ਨਹੀਂ ਪਿਆ। ਇਸ ਮੌਕੇ ਲੋਕਾਂ ਦੇ ਝੰਬੇ ਤੇ ਸਹਿਮੇ ਹੋਏ ਜਗਦੀਸ਼ ਸਿੰਘ
ਨੇ ਕਬੂਲ ਕੀਤਾ ਕਿ ਆਹ 7 ਵਿਅਕਤੀ ਤਾਂ ਮੌਕੇ ਤੇ ਹੀ ਖੜ੍ਹੇ ਹਨ, ਜਿੰਨ੍ਹਾਂ ਤੋਂ ਉਸ ਨੇ ਨੌਕਰੀ ਬਦਲੇ ਲੱਖਾਂ ਰੁਪਏ ਲਏ ਹਨ। ਇੱਨ੍ਹਾਂ ਤੋਂ ਇਲਾਵਾ 4/5 ਜਣੇ ਹੋਰ ਵੀ ਹਨ, ਜਿੰਨ੍ਹਾਂ ਤੋਂ ਨੋਕਰੀ ਬਦਲੇ ਰੁਪਏ ਵਸੂਲ ਕੀਤੇ ਹਨ। ਉਹ ਕਹਿ ਰਿਹਾ ਹੈ ਕਿ ਉਸ ਨੂੰ ਰੁਪੱਈਆਂ ਦੀ ਲੋੜ ਸੀ, ਪਰਲ ਕੰਪਨੀ ਅਤੇ ਕਰਾਊਨ ਕੰਪਨੀ ਵਿੱਚ ਰੁਪਏ ਲੁਆਉਣ ਕਰਕੇ, ਘਾਟਾ ਪੈ ਗਿਆ।
ਲੋਕ ਉਸ ਤੋਂ ਰੁਪਏ ਮੰਗ ਰਹੇ ਸਨ, ਇਸ ਕਰਕੇ, ਉਸ ਨੇ ਮਜਬੂਰ ਹੋ ਕੇ, ਇਹ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਹ ਜਾਲ੍ਹੀ ਫਰਜੀ ਦਸਤਾਵੇਜ ਤਿਆਰ ਕਰਕੇ, ਨੌਕਰੀਆਂ ਦੇ ਆਰਡਰ ਤਿਆਰ ਕਰਦਾ ਰਿਹਾ ਹੈ। ਉਸ ਨੇ ਆਪਣਾ ਖੁਦ ਦਾ ਆਈਕਾਰਡ ਵੀ ਜਾਲ੍ਹੀਲ ਹੀ ਤਿਆਰ ਕੀਤਾ ਹੋਇਆ ਹੈ।
ਪੁਲਿਸ ਲਈ ਕੇਸ ਦਰਜ ਕਰਨਾ ਵੀ ਹੋਇਆ ਔਖਾ..!
ਬੇਸ਼ੱਕ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰੰਤੂ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ। ਇਸ ਦਾ ਸਭ ਤੋਂ ੳੱਡਾ ਕਾਨੂੰਨੀ ਪਹਿਲੂ ਇਹ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨਾਲ ਰੁਪਏ ਦਾ ਲੈਣ ਦੇਣ, ਥਾਣਾ ਸਿਟੀ 1 ਬਰਨਾਲਾ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੋਇਆ। ਦੋਸ਼ੀ ਨੂੰ ਫੜ੍ਹਿਆ ਵੀ ਮਾਨਾ ਪਿੰਡੀ, ਇਲਾਕਾ ਜਿਹੜਾ ਥਾਣਾ ਧਨੌਲਾ ਦਾ ਖੇਤਰ ਵਿੱਚ ਪੈਂਦਾ ਹੈ। ਇਸ ਤੋਂ ਇਲਾਵਾ ਇਹ ਵੀ ਅਹਿਮ ਗੱਲ ਹੈ ਕਿ ਦੋਸ਼ੀ ਦੀ ਗ੍ਰਿਫਤਾਰੀ ਦਿਖਾਉਣਾ, ਉਦੋਂ ਵਧੇਰੇ ਮੁਸ਼ਕਿਲ ਹੈ ਜਦੋਂ ਉਸ ਦੇ ਖਿਲਾਫ ਕੋਈ ਐਫਆਈਆਰ ਵੀ ਦਰਜ਼ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ, ਉਨਾਂ ਘਟਨਾਕ੍ਰਮ ਦੀ ਪੁਸ਼ਟੀ ਤਾਂ ਕੀਤੀ, ਪਰ ਇਹ ਵੀ ਕਿਹਾ ਕਿ ਹਾਲੇ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ, ਕੋਈ ਕੇਸ ਦਰਜ ਨਹੀਂ ਹੋਇਆ, ਜਦੋਂ ਕੇਸ ਦਰਜ ਨਹੀਂ ਹੋਇਆ, ਫਿਰ ਉਸ ਦੀ ਗ੍ਰਿਫਤਾਰੀ ਦਾ ਸਵਾਲ ਹੀ ਨਹੀਂ ਉੱਠਦਾ।







