ਉਦਮੀ ਔਰਤਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਖੀ ਸ਼ਕਤੀ ਮੇਲਾ ਵੱਡਾ ਉਪਰਾਲਾ-ਮੀਤ ਹੇਅਰ

Advertisement
Spread information

ਸਾਜੋ-ਸਮਾਨ, ਮਨੋਰੰਜਨ, ਲਜ਼ੀਜ਼ ਖਾਣਿਆਂ ਦੇ ਸਟਾਲ ਬਣੇ ਖਿੱਚ ਦਾ ਕੇਂਦਰ

ਰਘਵੀਰ ਹੈਪੀ, ਬਰਨਾਲਾ 24 ਫਰਵਰੀ 2026
       ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਗਰੁੱਪਾਂ ਖਾਸ ਕਰਕੇ ਉੱਦਮੀ ਔਰਤਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਮੰਚ ਮੁਹਈਆ ਕਰਾਉਣ ਲਈ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦਾ ਆਗਾਜ਼ ਅੱਜ ਇੱਥੋਂ ਦੀ ਅਨਾਜ ਮੰਡੀ ਵਿੱਚ ਕੀਤਾ ਗਿਆ ਜਿਸ ਦਾ ਉਦਘਾਟਨ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। 
   ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾ ਉੱਦਮੀਆਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਖੀ ਸ਼ਕਤੀ ਮੇਲੇ ਦਾ ਸ਼ਾਨਦਾਰ ਆਗਾਜ਼ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੇਲੇ ਕਰਵਾਏ ਜਾ ਰਹੇ ਹਨ। 
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਅਤੇ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਇਹ ਮੇਲਾ 26 ਫਰਵਰੀ ਤੱਕ ਜਾਰੀ ਰਹੇਗਾ ਜੋ ਕਿ ਬਰਨਾਲਾ ਵਿੱਚ ਕੀਤੀ ਇੱਕ ਵੱਖਰੀ ਅਤੇ ਅਹਿਮ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਉੱਦਮੀ ਗਰੁੱਪ ਆਪਣੇ ਉਤਪਾਦ ਲੈ ਕੇ ਪੁੱਜੇ ਹਨ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾਂ ਪ੍ਰਾਪਤ ਗਰੁੱਪਾਂ ਵੱਲੋਂ ਬਣਾਈਆਂ ਵਸਤਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਸਟਾਲਾਂ ਦਾ ਦੌਰਾ ਕੀਤਾ।
   ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਸ ਮੇਲੇ ਵਿੱਚ ਸੈਲਫ਼ ਹੈਲਪ ਗਰੁੱਪਾਂ ਨੂੰ ਮੁਫਤ ਸਟਾਲਾਂ ਮੁਹਈਆ ਕਰਾਈਆਂ ਗਈਆਂ ਹਨ ਤਾਂ ਜੋ ਕਿ ਉਹ ਆਪਣੇ ਉਤਪਾਦਾਂ ਦੀ ਵਿਕਰੀ ਕਰ ਸਕਣ।
ਓਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਹੱਥੀਂ ਬਣੇ ਉਤਪਾਦਾਂ, ਪੇਂਡੂ ਅਤੇ ਸਭਿਆਚਾਰਕ ਸਮਾਨ, ਖਾਣ ਪੀਣ ਦੇ ਸਟਾਲ ਲਗਾਏ ਗਏ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਸ਼ਾਮ ਨੂੰ ਕਲਾਕਾਰ ਆਪਣੀ ਕਲਾ ਦੀ ਮੁਜ਼ਾਹਰਾ ਕਰਨਗੇ ਅਤੇ ਰੋਜ਼ਾਨਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਪੇਸ਼ਕਾਰੀਆਂ ਦੇਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਪਰਿਵਾਰਾਂ ਸਮੇਤ ਪੁੱਜ ਆਨੰਦ ਮਾਨਣ, ਮੇਲੇ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੈ।                                                 
   ਜ਼ਿਕਰਯੋਗ ਹੈ ਕਿ ਇਸ ਮੇਲੇ ‘ਚ ਸਜੀਆਂ ਕਰੀਬ 35 ਵੱਖ-ਵੱਖ ਸ਼ਿਲਪਕਾਰੀ ਵਸਤਾਂ ਅਤੇ ਖਾਣ ਪੀਣ ਦੀਆਂ ਸਟਾਲਾਂ ‘ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਖ਼ਰੀਦੋ-ਫ਼ਰੋਖਤ ਕੀਤੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ, ਵਿਦਿਆਰਥੀ ਮੌਜੂਦ ਸਨ।
Advertisement
Advertisement
Advertisement
Advertisement
error: Content is protected !!