ਇਹ ਮਹਾਮਾਰੀ ਨਵੀਂ ਦੁਨੀਆ ਵਿਚ ਕਦਮ ਰੱਖਣ ਦਾ ਮੌਕਾ ਹੈ
ਅਰੰਧੁਤੀ ਰਾਏ
ਅਨੁਵਾਦ : ਕਮਲ ਦੁਸਾਂਝ
(‘ਦੀ ਵਾਇਰ’ ਵਿਚ ਛਪੇ ਹਿੰਦੀ ਲੇਖ ਦਾ ਅਨੁਵਾਦ ਕਮਲ ਦੁਸਾਂਝ ਵਲੋਂ ਕੀਤਾ ਗਿਆ ਹੈ)
ਮਹਾਂਮਾਰੀਆਂ ਨੇ ਹਮੇਸ਼ਾ ਹੀ ਇਨਸਾਨ ਨੂੰ ਅਤੀਤ ਨਾਲੋਂ ਨਾਤਾ ਤੋੜ ਕੇ ਨਵੇਂ ਭਵਿੱਖ ਦੀ ਕਲਪਨਾ ਕਰਨ ਲਈ ਮਜਬੂਰ ਕੀਤਾ ਹੈ। ਇਹ ਮਹਾਮਾਰੀ ਵੀ ਨਵੇਂ ਅਤੇ ਪੁਰਾਣੇ ਵਿਚਕਾਰ ਦਾ ਦਰਵਾਜ਼ਾ ਹੈ ਅਤੇ ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਪੱਖਪਾਤ, ਨਫ਼ਰਤ, ਲਾਲਚ ਆਦਿ ਕੇ ਪਿੰਜਰ ਢੋਂਹਦੇ ਹੋਏ ਅੱਗੇ ਵਧੀਏ ਜਾਂ ਬਿਨਾਂ ਅਜਿਹੇ ਬੋਝਾਂ ਦੇ ਇਕ ਨਵੀਂ ਅਤੇ ਬਿਹਤਰ ਦੁਨੀਆ ਦੀ ਕਲਪਨਾ ਦੇ ਨਾਲ ਅੱਗੇ ਨਿਕਲੀਏ।
ਦਰਵਾਜ਼ੇ ਦੇ ਕਿਸੇ ਹੈਂਡਲ, ਗੱਤੇ ਦੇ ਕਿਸੇ ਡੱਬੇ ਜਾਂ ਸਬਜ਼ੀ ਦੇ ਕਿਸੇ ਥੈਲੇ ਨੂੰ ਬਿਨਾਂ ਇਹ ਕਲਪਨਾ ਕੋਈ ਕਿਵੇਂ ਦੇਖ ਸਕਦਾ ਹੈ ਕਿ ਇਸ ‘ਤੇ ਮੌਜੂਦ ਅਦਿਖ, ਜੀਵਤ ਜਾਂ ਮੁਰਦਾ ਬੂੰਦਾਂ ਵਿਚ ਕੁਝ ਅਜਿਹਾ ਵੀ ਹੋ ਸਕਦਾ ਹੈ ਜੋ ਸਾਡੇ ਫੇਫੜਿਆਂ ਨੂੰ ਜਕੜਨ ਦਾ ਇੰਤਜ਼ਾਰ ਕਰ ਰਿਹਾ ਹੈ।
ਕੋਈ ਵੀ ਵਿਅਕਤੀ ਅੱਜ ਬਿਨਾਂ ਕਿਸੇ ਡਰ ਦੇ ਕਿਸੇ ਅਜਨਬੀ ਨੂੰ ਗਲਵਕੜੀ ਪਾਉਣ, ਕਿਸੀ ਬੱਸ ‘ਤੇ ਭੱਜ ਕੇ ਚੜ੍ਹਨ ਜਾ ਫੇਰ ਆਪਣੇ ਬੱਚੇ ਨੂੰ ਸਕੂਲ ਭੇਜਣ ਦੀ ਕਲਪਨਾ ਕਿਵੇਂ ਕਰ ਸਕਦਾ ਹੈ? ਕੌਣ ਹੋਵੇਗਾ ਜੋ ਛੋਟੀਆਂ ਛੋਟੀਆਂ ਖ਼ੁਸ਼ੀਆਂ ਹਾਸਲ ਕਰਨ ਦੀ ਤਾਂ ਸੋਚੇਗਾ ਪਰ ਉਸ ਨਾਲ ਜੁੜੇ ਖ਼ਤਰਿਆਂ ਬਾਰੇ ਨਹੀਂ? ਸਾਡੇ ਵਿਚੋਂ ਅੱਜ ਕੌਣ ਕੋਈ ਨੀਮ-ਹਕੀਮ, ਮਹਾਮਾਰੀ ਮਾਹਰਾਂ, ਵਾਇਰਸ-ਮਾਹਰਾਂ, ਸਹੀ ਅੰਕੜੇ ਦੱਸਣ ਵਾਲਾ ਜਾਂ ਪੈਗੰਬਰ ਨਹੀਂ ਬਣਿਆ ਹੈ?
ਕਿਹੜਾ ਅਜਿਹਾ ਵਿਗਿਆਨੀ ਅਤੇ ਡਾਕਟਰ ਹੈ ਜੋ ਅੱਜ ਕਿਸੇ ਤਰ੍ਹਾਂ ਦੇ ਚਮਤਕਾਰ ਦੀ ਕਲਪਨਾ ਨਹੀਂ ਕਰ ਰਿਹਾ? ਕਿਹੜਾ ਅਜਿਹਾ ਪੰਡਤ-ਪੁਰੋਹਿਤ ਹੈ ਜੋ ਅੱਜ ਲੁਕ-ਛੁਪ ਕੇ ਹੀ ਸਹੀ, ਵਿਗਿਆਨ ਵੱਲ ਨਹੀਂ ਦੇਖ ਰਿਹਾ?
ਅਤੇ ਹੁਣ ਜਦੋਂ ਵਾਇਰਸ ਹਰ ਜਗ੍ਹਾ ਫੈਲ ਰਿਹਾ ਹੈ ਤਾਂ ਕੌਣ ਹੋਵੇਗਾ ਜੋ ਸ਼ਹਿਰਾਂ ਵਿਚ ਪੰਛੀਆਂ ਦੀ ਚਹਿਕ ਸੁਣ ਕੇ, ਸੜਕਾਂ ‘ਤੇ ਮੋਰਾਂ ਨੂੰ ਨੱਚਦੇ ਦੇਖ ਕੇ, ਆਸਮਾਨ ਦੀਆਂ ਖਮੋਸ਼ੀਆਂ ਸੁਣ ਕੇ ਰੁਮਾਂਚਿਤ ਨਹੀਂ ਹੋ ਰਿਹਾ ਹੋਵੇਗਾ?
ਦੁਨੀਆ ਭਰ ਵਿਚ ਵਾਇਰਸ ਦੇ ਸ਼ਿਕਾਰ ਲੋਕਾਂ ਦੀ ਸੰਖਿਆ ਲਗਭਗ 10 ਲੱਖ ਤੱਕ ਪਹੁੰਚ ਗਈ ਹੈ। 50,000 ਤੋਂ ਵੱਧ ਲੋਕ ਮਰ ਚੁੱਕੇ ਹਨ। ਅਜਿਹਾ ਖ਼ਦਸ਼ਾ ਹੈ ਕਿ ਇਹ ਸੰਖਿਆ ਹਜ਼ਾਰਾਂ ਲੱਖਾਂ ਤੱਕ ਜਾ ਸਕਦੀ ਹੈ। ਇਹ ਵਾਇਰਸ ਬੜੀ ਬੇਫ਼ਿਕਰੀ ਨਾਲ ਦੁਨੀਆ ਭਰ ਵਿਚ ਜਾ ਰਿਹਾ ਹੈ ਅਤੇ ਇਸ ਨੇ ਪੂਰੀ ਮਾਨਵ ਜਾਤੀ ਨੂੰ ਆਪਣੇ ਦੇਸ਼ਾਂ, ਸ਼ਹਿਰਾਂ ਅਤੇ ਘਰਾਂ ਵਿਚ ਕੈਦ ਕਰ ਦਿੱਤਾ ਹੈ।
ਇਸ ਵਾਇਰਸ ਦਾ ਫੈਲਣਾ ਪੂੰਜੀ ਦੇ ਫੈਲਣ ਨਾਲੋਂ ਥੋੜ੍ਹਾ ਵੱਖਰੀ ਕਿਸਮ ਦਾ ਹੈ। ਇਸ ਵਾਇਰਸ ਦੀ ਚਾਹਤ ਮੁਨਾਫ਼ਾ ਨਹੀਂ ਪ੍ਰਸਾਰ ਹੈ ਤੇ ਬੇਸ਼ੱਕ ਅਣਜਾਣੇ ਵਿਚ ਹੀ ਸਹੀ, ਇਸ ਨੇ ਪੂੰਜੀ ਦੇ ਪ੍ਰਸਾਰ ਦੇ ਪਹੀਏ ਨੂੰ ਪਲਟ ਕੇ ਰੱਖ ਦਿੱਤਾ ਹੈ।
ਇਹ ਵਾਇਰਸ ਇੰਮੀਗਰੇਸ਼ਨ ਕੰਟਰੋਲ, ਬਾਇਓਮੀਟ੍ਰਿਕਸ, ਡਿਜੀਟਲ ਨਿਗਰਾਨੀ ਅਤੇ ਕਿਸੇ ਵੀ ਤਰ੍ਹਾਂ ਦੇ ਡੈਟਾ ਵਿਸ਼ਲੇਸ਼ਣ ਦਾ ਲਗਾਤਾਰ ਮਜ਼ਾਕ ਉਡਾ ਰਿਹਾ ਹੈ। ਅਤੇ ਹੁਣ ਤੱਕ ਦੁਨੀਆ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ਾਂ ‘ਤੇ ਇਸ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ, ਜਿੱਥੇ ਇਸ ਨੇ ਪੂੰਜੀਵਾਦ ਦੇ ਇੰਜਣ ਨੂੰ ਜਾਮ ਕਰ ਦਿੱਤਾ ਹੈ।
ਸ਼ਾਇਦ ਅਸਥਾਈ ਤੌਰ ‘ਤੇ ਹੀ ਅਜਿਹਾ ਹੋਵੇ, ਪਰ ਇਹ ਸਾਡੇ ਸਾਰਿਆਂ ਤੋਂ ਇਹ ਉਮੀਦ ਤਾਂ ਕਰ ਹੀ ਰਿਹਾ ਹੈ ਕਿ ਅਸੀਂ ਇਸ ਇੰਜਣ ਦੇ ਸਾਰੇ ਹਿੱਸਿਆਂ ਦੀ ਜਾਂਚ ਕਰੀਏ, ਉਨ੍ਹਾਂ ਦਾ ਆਂਕਲਣ ਕਰੀਏ ਅਤੇ ਫ਼ੈਸਲਾ ਕਰੀਏ ਕਿ ਕੀ ਅਸੀਂ ਇਸ ਇੰਜਣ ਨੂੰ ਠੀਕ ਕਰਨਾ ਚਾਹੁੰਦੇ ਹਾਂ ਜਾਂ ਫੇਰ ਸਾਨੂੰ ਕਿਸੇ ਬਿਹਤਰ ਇੰਜਣ ਦੀ ਲੋੜ ਹੈ। ਇਸ ਮਹਾਮਾਰੀ ਦੇ ਪ੍ਰਬੰਧਨ ਵਿਚ ਜੁਟੇ ਦੁਨੀਆ ਦੇ ਹਾਕਮਾਂ ਨੂੰ ਯੁੱਧ ਦੀਆਂ ਗੱਲਾਂ ਕਰਨ ਦਾ ਬਹੁਤ ਸ਼ੌਕ ਹੈ। ਉਹ ਇਸ ਸ਼ਬਦ ਦਾ ਪ੍ਰਯੋਗ ਕਿਸੇ ਰੂਪਕ ਦੇ ਤੌਰ ‘ਤੇ ਨਹੀਂ, ਉਸ ਦੇ ਸ਼ਾਬਦਿਕ ਅਰਥਾਂ ਵਿਚ ਕਰਦੇ ਹਨ। ਪਰ ਜੇਕਰ ਇਹ ਸਚਮੁੱਚ ਹੀ ਯੁੱਧ ਹੁੰਦਾ ਤਾਂ ਅਮਰੀਕਾ ਨਾਲੋਂ ਜ਼ਿਆਦਾ ਮੁਸਤੈਦ ਭਲਾ ਕੌਣ ਹੁੰਦਾ? ਜੇਕਰ ਮਾਸਕ ਅਤੇ ਦਸਤਾਨਿਆਂ ਦੀ ਬਜਾਏ ਮੂਹਰਲੀ ਕਤਾਰ ਦੇ ਫ਼ੌਜੀਆਂ ਨੂੰ ਲੜਨ ਲਈ ਬੰਦੂਕਾਂ, ਸਮਾਰਟ ਬੰਬਾਂ, ਬੰਕਰਾਂ ਨੂੰ ਤਬਾਹ ਕਰਨ ਵਾਲੇ ਹਥਿਆਰਾਂ, ਪਣਡੁੱਬੀਆਂ, ਫਾਈਟਰ ਜਹਾਜ਼ਾਂ ਅਤੇ ਪਰਮਾਣੂ ਬੰਬਾਂ ਦੀ ਜ਼ਰੂਰਤ ਹੁੰਦੀ ਤਾਂ ਭਲਾ ਇਨ੍ਹਾਂ ਦੀ ਉਸ ਕੋਲ ਕੀ ਕਮੀ ਸੀ?
ਪਿਛਲੇ ਕੁਝ ਦਿਨਾਂ ਤੋਂ ਰੋਜ਼ ਰਾਤ ਨੂੰ ਦੁਨੀਆ ਦੇ ਦੂਸਰੇ ਸਿਰੇ ‘ਤੇ ਬੈਠੇ ਸਾਡੇ ਵਿਚੋਂ ਕੁਝ ਲੋਕ ਨਿਊ ਯਾਰਕ ਦੇ ਗਵਰਨਰ ਦੀ ਪ੍ਰੈੱਸ ਬ੍ਰੀਫਿੰਗ ਨੂੰ ਨਾਕਾਬਲ-ਬਿਆਨ ਨੂੰ ਮੰਤਰ-ਮੁਗਧ ਹੋ ਕੇ ਦੇਖਦੇ ਹਨ, ਉਨ੍ਹਾਂ ਦੇ ਦਿੱਤੇ ਗਏ ਅੰਕੜਿਆਂ ‘ਤੇ ਯਕੀਨ ਕਰਦੇ ਹਨ। ਇਸ ਦੇ ਨਾਲ ਹੀ ਅਸੀਂ ਸੁਣਦੇ ਹਾਂ, ਅਮਰੀਕਾ ਦੇ ਹਸਪਤਾਲਾਂ ਤੋਂ ਦਿਨ-ਬ-ਦਿਨ ਆ ਰਹੀਆਂ ਖ਼ਬਰਾਂ ਬਾਰੇ। ਇਨ੍ਹਾਂ ਖ਼ਬਰਾਂ ਵਿਚ ਹੁੰਦੀ ਹੈ ਬੇਹੱਦ ਘੱਟ ਮਜ਼ਦੂਰੀ ‘ਤੇ, ਬੇਹੱਦ ਜ਼ਿਆਦਾ ਕੰਮ ਕਰਨ ਵਾਲੀਆਂ ਨਰਸਾਂ, ਜੋ ਕੂੜੇ ਦੇ ਡੱਬਿਆਂ ‘ਤੇ ਇਸਤੇਮਾਲ ਕੀਤੇ ਜਾਣ ਵਾਲੇ ਅਸਤਰ ਅਤੇ ਪੁਰਾਣੇ ਰੇਨਕੋਟ ਨਾਲ ਬਣੇ ਮਾਸਕ ਪਾ ਕੇ, ਹਰ ਤਰ੍ਹਾਂ ਦਾ ਖ਼ਤਰਾ ਮੁੱਲ ਲੈ ਰਹੀਆਂ ਹਨ ਤਾਂ ਕਿ ਬਿਮਾਰਾਂ ਨੂੰ ਕੁਝ ਰਾਹਤ ਮਿਲ ਸਕੇ।
ਵੈਂਟੀਲੇਟਰ ਲੈਣ ਲਈ ਅਮਰੀਕਾ ਦਾ ਇਕ ਸੂਬਾ ਦੂਜੇ ਸੂਬੇ ਨਾਲੋਂ ਜ਼ਿਆਦਾ ਬੋਲੀ ਲਗਾਉਣ ਲਈ ਮਜਬੂਰ ਹੈ ਤੇ ਉਥੋਂ ਦੇ ਡਾਕਟਰ ਇਸ ਧਰਮ ਸੰਕਟ ਵਿਚ ਹਨ ਕਿ ਕਿਸ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਜਾਵੇ ਅਤੇ ਕਿਸ ਨੂੰ ਮਰਨ ਲਈ ਛੱਡ ਦਿੱਤਾ ਜਾਵੇ। ਅਜਿਹੇ ਦ੍ਰਿਸ਼ ਦੇਖ ਕੇ ਸਿਰਫ਼ ਇਹੀ ਖਿਆਲ ਆਉਂਦਾ ਹੈ ਕਿ, ‘ਹਾਏ ਰੱਬਾ! ਇਹ ਅਮਰੀਕਾ ਹੀ ਹੈ!”
ਤੇਜ਼ੀ ਨਾਲ ਫੈਲ ਰਹੀ ਇਹ ਤਰਾਸਦੀ ਸਚਮੁੱਚ ਹੀ ਬਹੁਤ ਵੱਡੀ ਅਤੇ ਭਿਆਨਕ ਹੈ ਜੋ ਸਾਡੇ ਸਾਹਮਣੇ ਵਾਪਰ ਰਹੀ ਹੈ। ਪਰ ਇਹ ਤਰਾਸਦੀ ਨਵੀਂ ਵੀ ਨਹੀਂ ਹੈ। ਇਹ ਉਸ ਰੇਲਗੱਡੀ ਵਾਂਗ ਹੈ ਜੋ ਵਰ੍ਹਿਆਂ ਤੋਂ ਪਟੜੀਆਂ ਤੋਂ ਉੱਤਰ ਕੇ ਟਕਰਾਉਣ ਲਈ ਅੱਗੇ ਵੱਧ ਰਹੀ ਸੀ। ‘ਪੇਸ਼ੇਂਟ ਡੰਪਿੰਗ’ ਦੇ ਵੀਡੀਓ ਭਲਾ ਕਿਸ ਨੂੰ ਚੇਤੇ ਨਹੀਂ ਹੋਣਗੇ? ਇਨ੍ਹਾਂ ਵੀਡੀਓ ਵਿਚ ਹਸਪਤਾਲ ਦੇ ਕਪੜਿਆਂ ਵਿਚ ਲਿਪਟੇ ਅੱਧ-ਨੰਗੇ ਮਰੀਜ਼ ਕਿਸੇ ਕੂੜੇ ਦੇ ਢੇਰ ਵਾਂਗ ਸੜਕ ਦੇ ਕਿਸੇ ਕੋਨੇ ਵਿਚ ਪਏ ਨਜ਼ਰ ਆਉਂਦੇ ਹਨ। ਕੁਝ ਬਦਨਸੀਬਾਂ ਲਈ ਅਮਰੀਕਾ ਦੇ ਹਸਪਤਾਲਾਂ ਦੇ ਦਰਵਾਜ਼ੇ ਅਕਸਰ ਬੰਦ ਕੀਤੇ ਜਾਂਦੇ ਰਹੇ ਹਨ।
ਇਸ ਗੱਲ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨੀ ਤਕਲੀਫ ਵਿਚ ਹਨ ਜਾਂ ਕਿੰਨੇ ਬਿਮਾਰ ਹਨ। ਹਾਲੇ ਤੱਕ ਤਾਂ ਬਿਲਕੁਲ ਨਹੀਂ- ਕਿਉਂਕਿ ਵਾਇਰਸ ਦੇ ਇਸ ਯੁੱਗ ਵਿਚ ਇਕ ਗ਼ਰੀਬ ਆਦਮੀ ਦੀ ਬਿਮਾਰੀ, ਅਮੀਰ ਸਮਾਜ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਅੱਜ ਬਰਨੀ ਸਾਂਡਰਸ ਵਰਗੇ ਸੈਨੇਟਰ, ਜੋ ਸਾਰਿਆਂ ਲਈ ਸਿਹਤ ਸਹੂਲਤਾਂ ਵਰਗੀ ਮੁਹਿੰਮ ਵਿਚ ਲਗਾਤਾਰ ਜੁਟੇ ਰਹੇ ਹਨ, ਵ੍ਹਾਇਟ ਹਾਊਸ ਵਿਚ ਪਹੁੰਚਣ ਦੀਆਂ ਆਪਣੀਆਂ ਕੋਸ਼ਿਸ਼ਾਂ ਦਰਮਿਆਨ, ਆਪਣੀ ਹੀ ਪਾਰਟੀ ਵਿਚ ਗ਼ੈਰ ਹੋ ਗਏ ਹਨ।
ਅਤੇ ਸਾਡੇ ਗ਼ਰੀਬ-ਅਮੀਰ ਦੇਸ਼, ਜਿਸ ‘ਤੇ ਧੁਰ ਸੱਜੇਪੱਖੀ ਹਿੰਦੂ ਰਾਸ਼ਟਰਵਾਦੀਆਂ ਦੀ ਸੱਤਾ ਹੈ ਅਤੇ ਜੋ ਦੇਸ਼ ਸਾਮੰਤਵਾਦ ਅਤੇ ਧਾਰਮਕ ਕੱਟੜਤਾ, ਜਾਤੀਵਾਦ ਅਤੇ ਪੂੰਜੀਵਾਦ ਵਿਚਾਲੇ ਲਟਕਿਆ ਹੈ, ਉਸ ਦੀ ਕੀ ਗੱਲ ਕਰਨਾ?
ਦਸੰਬਰ ਵਿਚ ਜਦੋਂ ਚੀਨ, ਵੁਹਾਨ ਵਿਚ ਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਸੀ, ਉਸ ਸਮੇਂ ਭਾਰਤ ਸਰਕਾਰ, ਸੰਸਦ ਵਿਚ ਪਾਸ ਭੇਦ-ਭਾਵਪੂਰਨ ਅਤੇ ਮੁਸਲਿਮ ਵਿਰੋਧੀ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਦੇਸ਼ ਭਰ ਵਿਚ ਲੱਖਾਂ ਲੋਕਾਂ ਵਲੋਂ ਚਲਾਏ ਜਾ ਰਹੇ ਜਨ-ਅੰਦੋਲਨਾਂ ਨਾਲ ਨਜਿੱਠ ਰਹੀ ਸੀ।
ਭਾਰਤ ਵਿਚ ਕੋਵਿਡ-19 ਦਾ ਪਹਿਲਾ ਕੇਸ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ, ਅਮੇਜਨ ਦੇ ਜੰਗਲਾਂ ਨੂੰ ਨਿਗਲਣ ਅਤੇ ਕੋਵਿਡ ਨੂੰ ਨਕਾਰਨ ਵਾਲੇ, ਜੇਰ ਬੋਲਸੋਨਾਰੋ ਦੀ ਦਿੱਲੀ ਤੋਂ ਵਿਦਾਈ ਦੇ ਕੁਝ ਹੀ ਦਿਨਾਂ ਬਾਅਦ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਫਰਵਰੀ ਵਿਚ ਇਸ ਵਾਇਰਸ ਨਾਲ ਨਜਿੱਠਣ ਦੀ ਬਜਾਏ ਸੱਤਾਧਾਰੀ ਪਾਰਟੀ ਕੋਲ ਕਰਨ ਲਈ ਹੋਰ ਬੇਹੱਦ ਜ਼ਰੂਰੀ ਕੰਮ ਸਨ। ਮਹੀਨੇ ਦੇ ਅਖ਼ੀਰ ਵਿਚ ਰਾਸ਼ਟਰਪਤੀ ਟਰੰਪ ਦੀ ਅਧਿਕਾਰਤ ਯਾਤਰਾ ਤੈਅ ਸੀ। ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਸਵਾਗਤ ਲਈ ਗੁਜਰਾਤ ਦੇ ਇਕ ਖੇਡ ਸਟੇਡੀਅਮ ਵਿਚ ਦਸ ਲੱਖ ਲੋਕ ਜੁਟਣਗੇ। ਇਸ ਪ੍ਰੋਗਰਾਮ ‘ਤੇ ਬੇਤਹਾਸ਼ਾ ਪੈਸਾ ਅਤੇ ਸਮਾਂ ਖ਼ਰਚ ਹੋਇਆ। ਉਸ ਤੋਂ ਬਾਅਦ ਆਈਆਂ ਦਿੱਲੀ ਵਿਧਾਨ ਸਭਾ ਚੋਣਾਂ। ਭਾਰਤੀ ਜਨਤਾ ਪਾਰਟੀ ਨੇ ਕਿਸੇ ਵੀ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਹਾਰ ਤੋਂ ਬਚਣ ਲਈ ਆਪਣੀ ਅਸਲੀ ਖੇਡ ਖੇਡਣੀ ਸੀ ਤੇ ਉਸ ਨੇ ਖੇਡੀ ਵੀ।
ਭਾਜਪਾ ਦਾ ਸ਼ਾਤਰਾਨਾ ਅਤੇ ਬੇਰੋਕ-ਟੋਕ ਹਿੰਦੂ ਰਾਸ਼ਟਰਵਾਦ ਚੋਣ ਮੁਹਿੰਮ, ਸਰੀਰਕ ਹਿੰਸਾ ਦੀਆਂ ਧਮਕੀਆਂ ਅਤੇ ‘ਗ਼ਦਾਰਾਂ’ ਨੂੰ ਗੋਲੀ ਮਾਰ ਦੇਣ ਦੇ ਨਾਅਰਿਆਂ ਅਤੇ ਭਾਸ਼ਣਾਂ ਨਾਲ ਲੈਸ ਸੀ। ਬਾਵਜੂਦ ਇਸ ਦੇ, ਭਾਜਪਾ ਇਹ ਚੋਣ ਬੁਰੀ ਤਰ੍ਹਾਂ ਹਾਰ ਗਈ। ਅਤੇ ਹੁਣ ਵਾਰੀ ਸੀ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ। ਹਾਰ ਦੇ ਅਪਮਾਣ ਦਾ ਠੀਕਰਾ ਮੁਸਲਮਾਨਾਂ ਦੇ ਸਿਰ ਭੰਨ ਦਿੱਤਾ ਗਿਆ।
ਪੁਲੀਸ ਦੀ ਮਦਦ ਨਾਲ ਹਿੰਦੂ ਰੱਖਿਅਕਾਂ ਦੀ ਹਥਿਆਰਬੰਦ ਭੀੜ ਨੇ ਉਤਰ ਪੂਰਬੀ ਦਿੱਲੀ ਦੇ ਇਲਾਕਿਆਂ ਵਿਚ ਸਾਧਾਰਨ ਕਾਮੇ ਮੁਸਲਮਾਨਾਂ ਦੀਆਂ ਬਸਤੀਆਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਘਰਾਂ, ਦੁਕਾਨਾਂ, ਮਸਜਿਦਾਂ ਅਤੇ ਸਕੂਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਹਮਲਿਆਂ ਤੋਂ ਬੁਖਲਾਏ ਮੁਸਲਮਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
50 ਤੋਂ ਜ਼ਿਆਦਾ ਲੋਕ, ਜਿਨ੍ਹਾਂ ਵਿਚ ਮੁਸਲਮਾਨ ਅਤੇ ਕੁਝ ਹਿੰਦੂ ਵੀ ਸਨ, ਇਸ ਹਿੰਸਾ ਵਿਚ ਮਾਰੇ ਗਏ। ਹਜ਼ਾਰਾਂ ਮੁਸਲਮਾਨਾਂ ਨੂੰ ਸਥਾਨਕ ਕਬਰਿਸਤਾਨ ਵਿਚ ਬਣੇ ਸ਼ਰਨਾਰਥੀ ਕੈਂਪਾਂ ਵਿਚ ਪਨਾਹ ਲੈਣੀ ਪਈ। ਜਦੋਂ ਸਰਕਾਰੀ ਅਧਿਕਾਰੀਆਂ ਨੇ ਕੋਵਿਡ-19 ‘ਤੇ ਆਪਣੀ ਪਹਿਲੀ ਮੀਟਿੰਗ ਕੀਤੀ, ਉਸ ਸਮੇਂ ਤੱਕ ਗੰਦਗੀ ਨਾਲ ਭਰੇ ਨਾਲਿਆਂ ‘ਚੋਂ ਗਲੀਆਂ-ਸੜੀਆਂ ਲਾਸ਼ਾਂ ਬਾਹਰ ਕੱਢੀਆਂ ਜਾ ਰਹੀਆਂ ਸਨ। ਬਹੁਤ ਸਾਰੇ ਭਾਰਤੀਆਂ ਨੇ ਉਦੋਂ ਪਹਿਲੀ ਵਾਰ ਸੁਣਿਆ ਹੀ ਸੀ ਕਿ ‘ਹੈਂਡ ਸੈਨੇਟਾਈਜ਼ਰ’ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ।
ਮਾਰਚ ਵਿਚ ਵੀ ਕਾਫ਼ੀ ਰੁਝੇਵੇਂ ਸਨ। ਪਹਿਲੇ ਦੋ ਹਫ਼ਤੇ ਤਾਂ ਮੱਧ ਪ੍ਰਦੇਸ਼ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੇਗਣ ਅਤੇ ਭਾਜਪਾ ਸਰਕਾਰ ਕਾਇਮ ਕਰਨ ਵਿਚ ਨਿਕਲ ਗਏ। 11 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਨੂੰ ਮਹਾਮਾਰੀ ਐਲਾਨ ਦਿੱਤਾ। ਇਸ ਦੇ ਦੋ ਦਿਨ ਬਾਅਦ 13 ਮਾਰਚ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਸਿਹਤ ਸਬੰਧੀ ਐਮਰਜੈਂਸੀ ਵਾਲੀ ਸਥਿਤੀ ਨਹੀਂ ਹੈ।
ਆਖ਼ਰਕਾਰ, 19 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਲਈ ਉਨ੍ਹਾਂ ਨੇ ਕੋਈ ਵਿਸ਼ੇਸ਼ ਤਿਆਰੀ ਨਹੀਂ ਕੀਤੀ ਸੀ। ਉਨ੍ਹਾਂ ਨੇ ਇਟਲੀ ਅਤੇ ਫਰਾਂਸ ਤੋਂ ਥੋੜ੍ਹਾ ਜਿਹਾ ‘ਗਿਆਨ’ ਉਧਾਰ ਲਿਆ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ‘ਸੋਸ਼ਲ ਡਿਸਟੈਨਸਿੰਗ’ ਕਿਉਂ ਜ਼ਰੂਰੀ ਹੈ। (ਜਾਤੀਆਂ ਦੇ ਜੰਜਾਲ ਵਿਚ ਫਸੇ ਸਮਾਜ ਲਈ ਇਸ ਸ਼ਬਦ ਨੂੰ ਸਮਝਣਾ ਬੇਹੱਦ ਆਸਾਨ ਹੈ।)
ਇਸ ਦੇ ਨਾਲ ਹੀ ਉਨ੍ਹਾਂ ਨੇ 22 ਮਾਰਚ ਨੂੰ ਦੇਸ਼ ਵਿਚ ਜਨਤਾ ਕਰਫਿਊ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਜਿਹਾ ਕੁਝ ਨਹੀਂ ਦੱਸਿਆ ਕਿ ਇਸ ਸੰਕਟ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਦੀ ਕੀ ਯੋਜਨਾ ਹੈ।
ਹਾਂ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਸਾਰੇ ਲੋਕ ਆਪਣੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਤਾਲੀਆਂ, ਥਾਲੀਆਂ ਅਤੇ ਘੰਟੀਆਂ ਵਜਾ ਕੇ ਸਿਹਤ ਕਾਮਿਆਂ ਨੂੰ ਧੰਨਵਾਦ ਕਰਨ ਅਤੇ ਉਨ੍ਹਾਂ ਨੂੰ ਸਲਾਮ ਕਰਨ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਠੀਕ ਉਸੀ ਸਮੇਂ ਤੱਕ ਭਾਰਤ ਸੁਰੱਖਿਆ ਉਪਕਰਨਾਂ ਅਤੇ ਸਾਹ ਲੈਣ ਸਬੰਧੀ ਉਪਕਰਨਾਂ ਨੂੰ ਆਪਣੇ ਸਿਹਤ ਕਾਮਿਆਂ ਅਤੇ ਹਸਪਤਾਲਾਂ ਲਈ ਸੁਰੱਖਿਅਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਬਰਾਮਦ ਕਰ ਰਿਹਾ ਸੀ।
ਇਸ ਵਿਚ ਹੈਰਾਨੀ ਦੀ ਗੱਲ ਨਹੀਂ ਕਿ ਨਰਿੰਦਰ ਮੋਦੀ ਦੀ ਅਪੀਲ ਦਾ ਬੇਹੱਦ ਉਤਸਾਹ ਨਾਲਪਾਲਣ ਕੀਤਾ ਗਿਆ। ਤਾਲੀਆਂ ਵਜਾਉਂਦੇ ਹੋਏ ਸਮੂਹਕ ਨਾਚ ਕੀਤੇ ਗਏ, ਜਲਸੇ-ਜੁਲੂਸ ਕੱਢੇ ਗਏ। ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਨਸਿੰਗ ਨਹੀਂ ਸੀ। ਉਸ ਤੋਂ ਬਾਅਦ ਬਹੁਤ ਲੋਕ ਗਾਂ ਦੇ ‘ਪਵਿੱਤਰ ਗੋਹੇ’ ਨਾਲ ਭਰੀ ਹੌਦ ਵਿਚ ਡੁੱਬਕੀ ਲਾਉਣ ਲੱਗੇ। ਭਾਜਪਾ ਸਮਰਥਕਾਂ ਵਲੋਂ ਗਊਮੂਤਰ ਪਾਰਟੀਆਂ ਕੀਤੀਆਂ ਗਈਆਂ। ਕਿਤੇ ਅਸੀਂ ਪਿਛੇ ਨਾ ਰਹਿ ਜਾਈਏ, ਇਹ ਸੋਚ ਕੇ ਕਈ ਮੁਸਲਿਮ ਸੰਗਠਨਾਂ ਨੇ ਐਲਾਨ ਕਰ ਦਿੱਤਾ ਕਿ ਇਸ ਵਾਇਰਸ ਦਾ ਜਵਾਬ ਸਿਰਫ਼ ਖ਼ੁਦਾ ਕੋਲ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਮਸਜਿਦਾਂ ਵਿਚ ਇਕੱਠਆ ਹੋਣ ਦਾ ਸੱਦਾ ਦਿੱਤਾ। 24 ਮਾਰਚ ਦੀ ਰਾਤ 8 ਵਜੇ ਮੋਦੀ ਇਕ ਵਾਰ ਫੇਰ ਟੈਲੀਵਿਜ਼ਨ ‘ਤੇ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਰਾਤ 12 ਵਜੇ ਤੋਂ ਪੂਰੇ ਭਾਰਤ ਵਿਚ ਲੌਕਡਾਊਨ ਲਾਗੂ ਹੋ ਜਾਵੇਗਾ। ਬਾਜ਼ਾਰ ਬੰਦ ਰਹਿਣਗੇ। ਨਿੱਜੀ ਹੋਵੇ ਜਾਂ ਜਨਤਕ, ਆਵਾਜਾਈ ਦੇ ਕੋਈ ਵੀ ਸਾਧਨ ਸੜਕਾਂ ‘ਤੇ ਨਹੀਂ ਉਤਰਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਹ ਫ਼ੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ, ਸਗੋਂ ਪਰਿਵਾਰ ਦੇ ਮੁਖੀਆ ਦੇ ਤੌਰ ‘ਤੇ ਲੈ ਰਹੇ ਹਨ। ਸੂਬਾਈ ਸਰਕਾਰਾਂ ਨਾਲ ਕੋਈ ਚਰਚਾ ਕੀਤੇ ਬਿਨਾਂ, ਜਿਨ੍ਹਾਂ ਨੇ ਇਸ ਫ਼ੈਸਲੇ ਨੂੰ ਦਰਅਸਲ ਝਲਣਾ ਸੀ, 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਬਿਨਾਂ ਕਿਸੇ ਤਿਆਰੀ ਅਤੇ ਸਿਰਫ਼ ਚਾਰ ਘੰਟੇ ਦੇ ਨੋਟਿਸ ‘ਤੇ ਲੌਕਡਾਊਨ ਕਰ ਦੇਣ ਦਾ ਫ਼ੈਸਲਾ, ਉਨ੍ਹਾਂ ਤੋਂ ਇਲਾਵਾ ਭਲਾ ਹੋਰ ਕੌਣ ਕਰ ਸਕਦਾ ਸੀ। ਪ੍ਰਧਾਨ ਮੰਤਰੀ ਦੇ ਤੌਰ-ਤਰੀਕਿਆਂ ਨੂੰ ਦੇਖ ਕੇ ਕਈ ਵਾਰ ਇੰਜ ਲਗਦਾ ਹੈ ਜਿਵੇਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੁਸ਼ਮਣ ਸਮਝਦੇ ਹੋਣ, ਜਿਨ੍ਹਾਂ ‘ਤੇ ਅਚਾਨਕ ਨਿਸ਼ਾਨਾ ਲਾਉਣਾ ਹੈ ਤੇ ਉਨ੍ਹਾਂ ‘ਤੇ ਭਰੋਸਾ ਨਹੀਂ ਕਰਨਾ।
ਅਸੀਂ ਆਪਣੇ ਘਰਾਂ ਵਿਚ ਬੰਦ ਹਾਂ। ਕੁਝ ਸਿਹਤ ਮਾਹਰਾਂ ਅਤੇ ਮਹਾਮਾਰੀ ਮਾਹਰਾਂ ਨੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਹੈ। ਸਿਧਾਂਤਕ ਤੌਰ ‘ਤੇ ਉਹ ਸ਼ਾਇਦ ਠੀਕ ਵੀ ਹਨ। ਪਰ ਇਸ ਗੱਲ ਨਾਲ ਕੋਈ ਵੀ ਸਹਿਮਤ ਨਹੀਂ ਹੋਵੇਗਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੌਕਡਾਊਨ ਨੂੰ ਬਿਨਾਂ ਕਿਸੇ ਯੋਜਨਾ ਅਤੇ ਤਿਆਰੀ ਦੇ ਲਾਗੂ ਕਰ ਦਿੱਤਾ ਗਿਆ? ਇਸ ਦਾ ਜੋ ਅਸਲੀ ਉਦੇਸ਼ ਸੀ, ਜ਼ਮੀਨ ‘ਤੇ ਉਸ ਦੇ ਉਲਟ ਹੀ ਹੋਇਆ।
ਇਕ ਤਮਾਸ਼ਾ-ਪਸੰਦ ਵਿਅਕਤੀ ਨੇ ਦੁਨੀਆ ਦਾ ਸਭ ਤੋਂ ਵੱਡਾ ਤਮਾਸ਼ਾ ਰਚਿਆ। ਪੂਰੀ ਦੁਨੀਆ ਹੈਰਾਨ ਹੋ ਕੇ ਤਮਾਸ਼ਾ ਦੇਖ ਰਹੀ ਸੀ ਜਦੋਂ ਭਾਰਤ ਪੂਰੀ ਬੇਸ਼ਰਮੀ ਨਾਲ ਆਪਣੀ ਬੇਰਹਿਮ, ਬੁਨਿਆਦੀ, ਸਮਾਜਕ ਅਤੇ ਆਰਥਕ ਗੈਰਬਰਾਬਰੀ ਤੇ ਪੀੜਾ ਪ੍ਰਤੀ ਆਪਣੇ ਕਠੋਰ ਰਵੱਈਏ ਦੀ ਨੁਮਾਇਸ਼ ਕਰ ਰਿਹਾ ਸੀ।
ਲੌਕਡਾਊਨ ਨੇ ਇਕ ਅਜਿਹੇ ਰਾਸਾਇਣਕ ਪ੍ਰਯੋਗ ਵਾਂਗ ਕੰਮ ਕੀਤਾ ਜਿਸ ਦੇ ਸਿੱਟੇ ਵਜੋਂ ਅਚਾਨਕ ਲੁਕੀਆਂ ਚੀਜ਼ਾਂ ਹੌਲੀ ਹੌਲੀ ਬਾਹਰ ਆਉਣ ਲੱਗੀਆਂ। ਜਿਵੇਂ ਹੀ ਦੁਕਾਨਾਂ, ਰੇਸਤਰਾਵਾਂ, ਕਾਰਖਾਨੇ ਅਤੇ ਨਿਰਮਾਣ ਉਦਯੋਗ ਬੰਦ ਹੋਏ ਅਤੇ ਜਦੋਂ ਅਮੀਰ ਅਤੇ ਮੱਧ ਵਰਗ ਨੇ ਆਪਣੀਆਂ ਕਾਲੋਨੀਆਂ ਦੇ ਫਾਟਕ ਬੰਦ ਕਰ ਦਿੱਤੇ, ਸਾਡੇ ਨਗਰਾਂ ਅਤੇ ਮਹਾਨਗਰਾਂ ਨੇ ਕਾਮਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਪਰਵਾਸੀ ਮਜ਼ਦੂਰਾਂ ਦੀ ਮੌਜੂਦਗੀ ਹੁਣ ਪੂਰੀ ਤਰ੍ਹਾਂ ਬੇਲੋੜੀ ਸੀ। ਬਹੁਤਿਆਂ ਨੂੰ ਉਨ੍ਹਾਂ ਦੇ ਮਾਲਕਾਂ ਅਤੇ ਮਕਾਨ ਮਾਲਕਾਂ ਨੇ ਬਾਹਰ ਕੱਢ ਕੇ ਮਾਰਿਆ। ਲੱਖਾਂ ਗ਼ਰੀਬ, ਭੁੱਖੇ-ਪਿਆਸ, ਜਵਾਨ ਅਤੇ ਬੁੱਢੇ ਆਦਮੀ, ਔਰਤਾਂ, ਬੱਚੇ, ਬਿਮਾਰ, ਨੇਤਰਹੀਣ, ਅਪਾਹਜ ਲੋਕ ਕਿੱਥੇ ਜਾਂਦੇ? ਆਵਾਜਾਈ ਦਾ ਕੋਈ ਸਾਧਨ ਸੜਕ ‘ਤੇ ਨਹੀਂ ਸੀ ਤੇ ਉਹ ਸਾਰੇ ਪੈਦਲ ਹੀ ਆਪਣੇ ਦੂਰ-ਦੁਰਾਡੇ ਪਿੰਡਾਂ ਵੱਲ ਚੱਲ ਪਏ।
ਕਈ ਦਿਨਾਂ ਤੱਕ ਸੈਂਕੜੇ ਕਿਲੋਮੀਟਰ ਦੂਰ, ਬਦਾਯੂੰ, ਆਗਰਾ, ਆਜ਼ਮਗੜ੍ਹ, ਅਲੀਗੜ੍ਹ, ਲਖਨਊ ਅਤੇ ਗੋਰਖਪੁਰ ਵੱਲ ਲਗਾਤਾਰ ਚਲਦੇ ਰਹੇ। ਕੁਝ ਨੇ ਤਾਂ ਰਸਤੇ ਵੀ ਹੀ ਦਮ ਤੋੜ ਦਿੱਤਾ। ਉਹ ਜਾਣਦੇ ਸਨ ਕਿ ਉਹ ਰਸਤੇ ਵਿਚ ਭੁੱਖ ਦਾ ਸ਼ਿਕਾਰ ਹੋ ਸਕਦੇ ਹਨ। ਸ਼ਾਇਦ ਉਹ ਇਹ ਵੀ ਜਾਣਦੇ ਸਨ ਕਿ ਹੋ ਸਕਦਾ ਹੈ ਕਿ ਉਹ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹੋਣ ਅਤੇ ਘਰ ਵਿਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਮਾਂ-ਬਾਪ, ਦਾਦਾ-ਦਾਦੀ ਵੀ ਉਨ੍ਹਾਂ ਨਾਲ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ, ਪਰ ਉਨ੍ਹਾਂ ਨੂੰ ਉਸ ਸਮੇਂ ਸਭ ਤੋਂ ਜ਼ਰੂਰੀ ਲੱਗ ਰਿਹਾ ਸੀ, ਪਿਆਰ ਨਾ ਸਹੀ ਪਰ ਥੋੜ੍ਹਾ ਜਿਹਾ ਅਪਣਾਪਣ, ਸਿਰ ‘ਤੇ ਛਤ, ਆਤਮ-ਸਨਮਾਨ ਅਤੇ ਬਿਨਾਂ ਸ਼ੱਕ ਭੋਜਨ ਵੀ।
ਜਦੋਂ ਉਹ ਪਰਤ ਰਹੇ ਸਨ ਤਾਂ ਕਾਫੀ ਲੋਕਾਂ ਨੂੰ ਪੁਲੀਸ ਨੇ ਕੁੱਟਿਆ ਅਤੇ ਤੰਗ-ਪ੍ਰੇਸ਼ਾਨ ਕੀਤਾ। ਪੁਲੀਸ ਜਿਵੇਂ ਪੂਰੀ ਤਰ੍ਹਾਂ ਕਰਫਿਊ ਲਾਗੂ ਕਰਵਾਉਣ ਵਿਚ ਜੁਟੀ ਸੀ। ਨੌਜਵਾਨਾਂ ਨੂੰ ਸੜਕਾਂ ‘ਤੇ ਕਿਤੇ ਮੁਰਗਾ ਬਣਾਇਆ ਗਿਆ ਤਾਂ ਕਿਤੇ ਉਨ੍ਹਾਂ ਨੂੰ ਡੱਡੂ ਵਾਂਗ ਕੁੱਦ ਕੇ ਚਲਵਾਇਆ ਗਿਆ।
ਬਰੇਲੀ ਸ਼ਹਿਰ ਦੀ ਸਰਹੱਦ ‘ਤੇ ਅਜਿਹੇ ਹੀ ਇਕ ਸਮੂਹ ਨੂੰ ਇਕੱਤਰ ਕਰਕੇ ਉਨ੍ਹਾਂ ‘ਤੇ ਰਾਸਾਇਣਕ ਛਿੜਕਾਅ ਕੀਤਾ ਗਿਆ। ਕੁਝ ਦਿਨ ਬਾਅਦ ਸਰਕਾਰ ਨੂੰ ਚਿੰਤਾ ਹੋਈ ਕਿ ਪੈਦਲ ਜਾ ਰਹੀ ਏਨੀ ਵੱਡੀ ਆਬਾਦੀ ਆਪਣੇ ਪਿੰਡਾਂ ਵਿਚ ਵਾਇਰਸ ਫੈਲਾ ਸਕਦੀ ਹੈ, ਇਸ ਲਈ ਪੈਦਲ ਯਾਤਰੀਆਂ ਲਈ ਸੂਬਿਆਂ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ।
ਪੈਦਲ ਯਾਤਰੀਆਂ ਨੂੰ ਉਨ੍ਹਾਂ ਸ਼ਹਿਰਾਂ ਵਿਚ ਹੀ ਬਣੇ ਕੈਂਪਾਂ ਵਿਚ ਭੇਜ ਦਿੱਤਾ ਗਿਆ, ਜਿਨ੍ਹਾਂ ਸ਼ਹਿਰਾਂ ਨੇ ਉਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ ਸੀ।
ਬਜ਼ੁਰਗਾਂ ਦੇ ਜ਼ਹਿਨ ਵਿਚ 1947 ਦੀ ਭਾਰਤ ਵੰਡ ਦੀ ਆਬਾਦੀ ਦੇ ਤਬਾਦਲੇ ਵਾਲੀਆਂ ਤਸਵੀਰਾਂ ਉਭਰਨ ਲੱਗੀਆਂ। ਫ਼ਰਕ ਸਿਰਫ਼ ਏਨਾ ਸੀ ਕਿ ਲੋਕਾਂ ਦੀ ਉਹ ਆਵਾਜਾਈ ਧਰਮ ਦੇ ਆਧਾਰ ‘ਤੇ ਹੋਈ ਸੀ ਅਤੇ ਇੱਥੇ ਅਜਿਹਾ ਵਰਗ ਦੇ ਆਧਾਰ ‘ਤੇ ਹੋ ਰਿਹਾ ਸੀ। ਪਰ ਇਹ ਲੋਕ ਭਾਰਤ ਦੇ ਸਭ ਤੋਂ ਗ਼ਰੀਬ ਲੋਕ ਨਹੀਂ ਸਨ। ਇਹ ਉਹ ਲੋਕ ਸਨ ਜਿਨ੍ਹਾਂ ਕੋਲ ਸ਼ਹਿਰ ਵਿਚ ਕੰਮ ਸੀ ਅਤੇ ਕੰਮ ਤੋਂ ਪਰਤਣ ਮਗਰੋਂ ਇਕ ਘਰ। ਬੇਰੁਜ਼ਗਾਰ, ਬੇਘਰ ਅਤੇ ਨਾਉਮੀਦ ਲੋਕ ਜਿੱਥੇ ਸਨ, ਉਥੇ ਹੀ ਰਹਿ ਗਏ, ਭਾਵੇਂ ਸ਼ਹਿਰਾਂ ਵਿਚ ਜਾਂ ਪਿੰਡਾਂ ਵਿਚ ਅਤੇ ਇਹ ਸੰਕਟ ਇਸ ਤਰਾਸਦੀ ਤੋਂ ਬਹੁਤ ਪਹਿਲਾਂ ਹੀ ਵੱਧ ਰਿਹਾ ਸੀ। ਇਨ੍ਹਾਂ ਸਾਰੇ ਔਖੇ ਦਿਨਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਨਜ਼ਰ ਨਹੀਂ ਆਏ।
ਜਦੋਂ ਦਿੱਲੀ ਤੋਂ ਪੈਦਲ ਯਾਤਰਾ ਸ਼ੁਰੂ ਹੋਈ ਤਾਂ ਇਕ ਮੈਗਜ਼ੀਨ, ਜਿਸ ਲਈ ਮੈਂ ਅਕਸਰ ਲਿਖਦੀ ਹਾਂ, ਦਾ ਪ੍ਰੈੱਸ ਪਾਸ ਲੈ ਕੇ ਮੈਂ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਗਾਜ਼ੀਪੁਰ ਗਈ ਸੀ। ਸਾਹਮਣੇ ਜਿਵੇਂ ਬਾਈਬਲ ਦਾ ਦ੍ਰਿਸ਼ ਸੀ। ਜਾਂ ਸ਼ਾਇਦ ਨਹੀਂ। ਬਾਈਬਲ ਨੂੰ ਵੀ ਸ਼ਾਇਦ ਏਨੀ ਸੰਖਿਆ ਬਾਰੇ ਜਾਣਕਾਰੀ ਨਾ ਹੋਵੇ।
ਜਿਸ ਸਰੀਰਕ ਦੂਰੀ ਨੂੰ ਲਾਗੂ ਕਰਨ ਲਈ ਲੌਕਡਾਊਨ ਕੀਤਾ ਗਿਆ ਸੀ, ਇਹ ਨਜ਼ਾਰਾ ਬਿਲਕੁਲ ਉਸ ਦੇ ਉਲਟ ਸੀ। ਹਜ਼ਾਰਾਂ ਦੀ ਸੰਖਿਆ ਵਿਚ ਆਪਸ ਵਿਚ ਖਹਿ ਕੇ ਚਲਦੇ ਲੋਕਾਂ ਦਾ ਹਜੂਮ ਸੜਕਾਂ ‘ਤੇ ਸੀ। ਭਾਰਤ ਦੇ ਕਸਬਿਆਂ ਅਤੇ ਸ਼ਹਿਰਾਂ ਦੀ ਵੀ ਇਹੀ ਸਥਿਤੀ ਹੈ। ਮੁੱਖ ਸੜਕਾਂ ਭਾਵੇਂ ਹੀ ਖਾਲੀ ਹੋਣ, ਗ਼ਰੀਬ ਛੋਟੇ-ਛੋਟੇ ਮਕਾਨਾਂ ਅਤੇ ਝੁੱਗੀ-ਝੋਪੜੀਆਂ ਵਿਚ ਤਾੜੇ ਰਹਿਣ ਲਈ ਮਜਬੂਰ ਹਨ। ਜਿਸ ਕਿਸੇ ਪੈਦਲ ਯਾਤਰੀ ਨਾਲ ਮੈਂ ਗੱਲ ਕੀਤੀ, ਉਹ ਵਾਇਰਸ ਨੂੰ ਲੈ ਕੇ ਚਿੰਤਤ ਸੀ। ਪਰ ਇਹ ਡਰ ਬੇਰੁਜ਼ਗਾਰੀ, ਭੁੱਖਮਰੀ ਅਤੇ ਪੁਲੀਸ ਦੀ ਮਾਰ ਨਾਲੋਂ ਘੱਟ ਭਿਆਨਕ ਸੀ। ਥੋੜ੍ਹੇ ਹੀ ਦਿਨ ਪਹਿਲਾਂ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਦੇ ਸ਼ਿਕਾਰ ਮੁਸਲਿਮ ਦਰਜੀਆਂ ਦੇ ਸਮੂਹ ਸਮੇਤ ਜਿੰਨੇ ਵੀ ਲੋਕਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਵਿਚੋਂ ਇਕ ਵਿਅਕਤੀ ਦੀ ਗੱਲ ਨੇ ਮੈਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ।
ਉਸ ਵਿਅਕਤੀ ਦਾ ਨਾਂ ਰਾਮਜੀਤ ਸੀ, ਜਿਸ ਦਾ ਇਰਾਦਾ ਪੈਦਲ ਚੱਲ ਕੇ ਨੇਪਾਲ ਦੀ ਸਰਹੱਦ ਕੋਲ ਗੋਰਖਪੁਰ ਪਹੁੰਚਣ ਦਾ ਸੀ। ਉਸ ਨੇ ਕਿਹਾ, ”ਜਦੋਂ ਮੋਦੀ ਜੀ ਨੇ ਇਸ ਬਾਰੇ ਫ਼ੈਸਲਾ ਲਿਆ ਹੋਵੇਗਾ ਤਾਂ ਸ਼ਾਇਦ ਉਨ੍ਹਾਂ ਨੂੰ ਸਾਡੇ ਬਾਰੇ ਕਿਸੇ ਨੇ ਦੱਸਿਆ ਨਹੀਂ ਹੋਵੇਗਾ, ਜਾਂ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਸਾਡੇ ਬਾਰੇ ਜਾਣਕਾਰੀ ਹੀ ਨਾ ਹੋਵੇ।”
‘ਸਾਡੇ ਬਾਰੇ’ ਭਾਵ ਕਰੀਬ 46 ਕਰੋੜ ਲੋਕਾਂ ਬਾਰੇ।
ਅਮਰੀਕਾ ਵਾਂਗ ਭਾਰਤ ਦੇ ਸੂਬਿਆਂ ਨੇ ਵੀ ਇਸ ਸੰਕਟ ਨਾਲ ਨਜਿੱਠਣ ਦੀ ਦਿਸ਼ਾ ਵਿਚ ਕਿਤੇ ਵੱਧ ਭਾਵਨਾਪੂਰਨ ਸਮਝਦਾਰੀ ਦਿਖਾਈ ਹੈ। ਟਰੇਡ-ਯੂਨੀਅਨਾਂ, ਆਮ ਨਾਗਰਿਕ ਅਤੇ ਹੋਰ ਸੰਗਠਨ ਭੋਜਨ ਅਤੇ ਦੂਸਰਾ ਲੋੜੀਂਦਾ ਸਾਮਾਨ ਵੰਡ ਰਹੇ ਹਨ। ਧੰਨਰਾਸ਼ੀ ਜਾਰੀ ਕਰਨ ਦੀ ਵਾਰ ਵਾਰ ਅਪੀਲ ਦੇ ਬਾਵਜੂਦ ਕੇਂਦਰ ਸਰਕਾਰ ਦੀ ਪ੍ਰਤੀਕਿਰਿਆ ਬੇਹੱਦ ਹੌਲੀ ਹੈ। ਪਤਾ ਲਗਦਾ ਹੈ ਕਿ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਲੋੜੀਂਦੀ ਨਕਦੀ ਹੀ ਨਹੀਂ ਹੈ। ਇਸ ਦੀ ਬਜਾਏ ‘ਪੀਐਮ ਕੇਅਰਜ਼’ ਨਾਂ ਨਾਲ ਰਹੱਸਮਈ ਤਰੀਕੇ ਨਾਲ ਨਵਾਂ ਟਰੱਸਟ ਬਣਾਇਆ ਗਿਆ ਹੈ, ਜਿਸ ਵਿਚ ਸ਼ੁੱਭ ਚਿੰਤਕਾਂ ਵਲੋਂ ਦਾਨ ਦੇ ਰੂਪ ਵਿਚ ਪੈਸਾ ਪਾਇਆ ਜਾ ਰਿਹਾ ਹੈ।
ਭੋਜਨ ਦੇ ਪੈਕਟ, ਜਿਨ੍ਹਾਂ ‘ਤੇ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੈ, ਨਜ਼ਰ ਆਉਣ ਲੱਗੇ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਯੋਗ ਦੇ ਵੀਡੀਓ ਸਾਂਝੇ ਕੀਤੇ ਹਨ। ਏਕਾਂਤਵਾਸ ਵਿਚ ਤਣਾਅ-ਮੁਕਤ ਰਹਿਣ ਦੇ ਸਬਕ ਦੇਣ ਦੇ ਇਰਾਦੇ ਨਾਲ ਇਨ੍ਹਾਂ ਵੀਡੀਓ ਵਿਚ ਕੁਝ ਬਦਲੇ-ਬਦਲੇ ਜਹੇ, ਪਰਫੈਕਟ ਸਰੀਰ ਵਾਲੇ ਐਨੀਮੇਟਡ ਮੋਦੀ ਜੀ ਯੋਗਾਸਨ ਕਰ ਰਹੇ ਹਨ।
ਸਵੈ-ਪ੍ਰਸੰਸਾ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਚੀਜ਼ ਹੈ। ਏਨੇ ਸਾਰੇ ਯੋਗਆਸਨਾਂ ਵਿਚੋਂ ਇਕ ਅਪੀਲ-ਆਸਨ ਵੀ ਹੋ ਸਕਦਾ ਸੀ। ਇਸ ਆਸਨ ਰਾਹੀਂ, ਮੋਦੀ ਜੀ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਰਫਾਲ ਫਾਈਟਲ ਜਹਾਜ਼ਾਂ ਦੇ ਸਮਝੌਤੇ ਨੂੰ ਰੱਦ ਕਰਨ ਦੀ ਅਪੀਲ ਕਰ ਸਕਦੇ ਸਨ ਅਤੇ 7.8 ਅਰਬ ਯੂਰੋ ਦੀ ਧਨਰਾਸ਼ੀ ਬਚਾ ਕੇ ਕੁਝ ਲੱਖ ਭੁੱਖੇ ਲੋਕਾਂ ਦੀ ਮਦਦ ਕਰ ਸਕਦੇ ਸਨ। ਅਤੇ ਨਿਸਚਤ ਤੌਰ ‘ਤੇ ਫਰਾਂਸ ਸਰਕਾਰ ਉਨ੍ਹਾਂ ਦੀ ਇਸ ਅਪੀਲ ਨੂੰ ਮੰਨ ਵੀ ਲੈਂਦੀ।
ਲੌਕਡਾਊਨ ਦਾ ਦੂਸਰਾ ਹਫ਼ਤਾ ਸ਼ੁਰੂ ਹੋ ਚੁੱਕਾ ਹੈ। ਦਵਾਈਆਂ ਅਤੇ ਹੋਰ ਬੇਹੱਦ ਜ਼ਰੂਰੀ ਚੀਜ਼ਾਂ ਦੀ ਸਪਲਾਈ ਨਿਚਸਚ ਕਰਨ ਵਾਲੀਆਂ ਕੜੀਆਂ ਟੁੱਟ ਰਹੀਆਂ ਹਨ, ਜਿਸ ਕਾਰਨ ਇਨ੍ਹਾਂ ਦੀ ਸਪਲਾਈ ਵਿਚ ਰੁਕਾਵਟ ਆ ਰਹੀ ਹੈ। ਭੁੱਖ ਪਿਆਸ ਨਾਲ ਬੇਹਾਲ ਹਜ਼ਾਰਾਂ ਟਰੱਕ-ਚਾਲਕ ਸੜਕਾਂ ‘ਤੇ ਫਸੇ ਹਨ। ਕਟਾਈ ਲਈ ਤਿਆਰ ਫ਼ਸਲਾਂ ਹੌਲੀ ਹੌਲੀ ਖ਼ਰਾਬ ਹੋ ਰਹੀਆਂ ਹਨ। ਆਰਥਕ ਸੰਕਟ ਦਰਵਾਜ਼ੇ ‘ਤੇ ਖੜ੍ਹਾ ਹੈ। ਸਿਆਸੀ ਸੰਕਟ ਚੱਲ ਹੀ ਰਿਹਾ ਹੈ।
ਮੁੱਖ ਧਾਰਾ ਦੇ ਮੀਡੀਆ ਲਈ ਕੋਵਿਡ ਦੀ ਖ਼ਬਰ 24 ਘੰਟੇ ਮੁਸਲਿਮ-ਵਿਰੋਧੀ ਮੁਹਿੰਮ ਬਣ ਕੇ ਰਹਿ ਗਈ ਹੈ। ਤਬਲੀਗੀ ਜਮਾਤ ਨਾਮ ਦੇ ਇਕ ਸੰਗਠਨ, ਜਿਸ ਨੇ ਲੌਕਡਾਊਨ ਤੋਂ ਠੀਕ ਪਹਿਲਾਂ ਇਕ ਮੀਟਿੰਗ ਕੀਤੀ ਸੀ, ਨੂੰ ‘ਸੁਪਰ ਸਪਰੈਡਰ’ ਭਾਵ ਮਹਾਮਾਰੀ ਦਾ ਮਹਾਪ੍ਰਸਾਰਕ ਬਣਾ ਦਿੱਤਾ ਗਿਆ ਹੈ।
ਇਸ ਦੇ ਬਹਾਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕਲੰਕਿਤ ਅਤੇ ਬਦਨਾਮ ਕੀਤਾ ਜਾ ਰਿਹਾ ਹੈ। ਇਸ ਪੂਰੇ ਕਾਂਡ ਵਿਚ ਅਜਿਹੀ ਕਈ ਕਹਾਣੀਆਂ ਘੜੀਆਂ ਜਾ ਰਹੀਆਂ ਹਨ ਜਿਵੇਂ ਇਸ ਵਾਇਰਸ ਦੀ ਖੋਜ ਮੁਸਲਮਾਨਾਂ ਨੇ ਕੀਤੀ ਹੈ ਅਤੇ ਜਿਹਾਦ ਦੇ ਤੌਰ ‘ਤੇ ਉਹ ਇਸ ਨੂੰ ਥਾਂ ਥਾਂ ਫੈਲਾ ਰਹੇ ਹਨ।
ਕੋਵਿਡ ਦਾ ਸੰਕਟ ਹਾਲੇ ਆਉਣਾ ਬਾਕੀ ਹੈ ਜਾਂ ਨਹੀਂ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਪਰ ਇਹ ਜ਼ਰੂਰ ਪਤਾ ਹੈ ਕਿ ਇਹ ਜਦੋਂ ਕਦੇ ਵੀ ਆਏਗਾ, ਸਾਰੇ ਮੌਜੂਦਾ ਧਾਰਮਕ, ਜਾਤੀ ਅਤੇ ਵਰਗ ਸਬੰਧੀ ਪੱਖਾਪਤਾਂ ਨਾਲ ਹੀ ਇਸ ਨੂੰ ਨਜਿੱਠਿਆ ਜਾਵੇਗਾ।
ਅੱਜ 8 ਅਪ੍ਰੈਲ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ 5000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਡੇਢ ਸੌ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਹ ਸੰਖਿਆ ਇਸ ਲਈ ਪ੍ਰਮਾਣਿਕ ਨਹੀਂ ਹੈ ਕਿਉਂਕਿ ਲੋੜੀਂਦੇ ਸੰਖਿਆ ਵਿਚ ਕੋਰੋਨਾ ਵਾਇਰਸ ਦੇ ਪਰੀਖਣ ਹੀ ਨਹੀਂ ਹੋ ਰਹੇ ਹਨ। ਇਸ ਬਾਰੇ ਮਾਹਰਾਂ ਦੀ ਰਾਏ ਵੀ ਵੱਖ ਵੱਖ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਖਿਆ ਲੱਖਾਂ ਤੱਕ ਜਾ ਸਕਦੀ ਹੈ ਤੇ ਕੁਝ ਦਾ ਇਹ ਮੰਨਣਾ ਹੈ ਕਿ ਸੰਖਿਆ ਏਨੀ ਜ਼ਿਆਦਾ ਨਹੀਂ ਹੋਵੇਗੀ। ਸਾਨੂੰ ਸਚਮੁੱਚ ਨਹੀਂ ਪਤਾ ਕਿ ਅੱਗੇ ਕੀ ਹੋਣ ਵਾਲਾ ਹੈ ਅਤੇ ਇਹ ਸੰਕਟ ਕਿੰਨਾ ਹੋਰ ਵਧੇਗਾ, ਪਰ ਇਕ ਗੱਲ ਜੋ ਇਸ ਵਕਤ ਅਸੀਂ ਸਾਰੇ ਜਾਣਦੇ ਹਾਂ, ਉਹ ਇਹ ਹੈ ਕਿ ਹਸਪਤਾਲਾਂ ਵਿਚ ਹਾਲੇ ਭੀੜ ਨਹੀਂ ਹੈ।
ਭਾਰਤ ਦੇ ਜਨਤਕ ਹਸਪਤਾਲ ਅਤੇ ਦਵਾਈਖਾਨੇ ਤਾਂ ਹਰ ਸਾਲ ਡਾਇਰੀਆ ਅਤੇ ਕੁਪੋਸ਼ਣ ਨਾਲ ਮਰਨ ਵਾਲੇ ਦਸ ਲੱਖ ਬੱਚਿਆਂ, ਹਜ਼ਾਰਾਂ ਟੀਬੀ ਮਰੀਜ਼ਾਂ (ਜੋ ਦੁਨੀਆ ਦੇ ਕੁਲ ਮਰੀਜ਼ਾਂ ਦਾ ਚੌਥਾਈ ਹੈ), ਖੂਨ ਦੀ ਕਮੀ ਅਤੇ ਕੁਪੋਸ਼ਣ ਦੀ ਸ਼ਿਕਾਰ ਵੱਡੀ ਆਬਾਦੀ, ਜਿਨ੍ਹਾਂ ਲਈ ਕੋਈ ਛੋਟੀ ਜਿਹੀ ਬਿਮਾਰੀ ਵੀ ਜਾਨਲੇਵਾ ਹੋ ਸਕਦੀ ਹੈ, ਨੂੰ ਵੀ ਉਚਿਤ ਇਲਾਜ ਦੇਣ ਦੇ ਸਮਰੱਥ ਨਹੀਂ ਹੈ।
ਅਤੇ ਜਿਸ ਸੰਕਟ ਨਾਲ ਨਜਿੱਠਣ ਲਈ ਯੂਰਪ ਤੋਂ ਅਮਰੀਕਾ ਤੱਕ ਦਾ ਸਾਹ ਫੁੱਲ ਰਿਹਾ ਹੈ, ਉਸ ਨਾਲ ਨਜਿੱਠਣਾ ਇਨ੍ਹਾਂ ਲਈ ਤਾਂ ਨਾਮੁਮਕਿਨ ਹੀ ਹੈ। ਤਮਾਮ ਹੋਰ ਸਿਹਤ ਸੇਵਾਵਾਂ ਫ਼ਿਲਹਾਲ ਮੁਲਤਵੀ ਹਨ ਕਿਉਂਕਿ ਸਾਰੇ ਹਸਪਤਾਲ ਵਾਇਰਸ ਨਾਲ ਨਜਿੱਠਣ ਵਿਚ ਲੱਗੇ ਹਨ। ਨਵੀਂ ਦਿੱਲੀ ਦੇ ਭਾਰਤੀ ਆਯੁਰਵਿਗਿਆਨ ਸੰਸਥਾ ਦੇ ਟਰਾਮਾ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਕੈਂਸਰ ਦੇ ਸੈਂਕੜੇ ਮਰੀਜ਼, ਜੋ ਕੈਂਸਰ ਸ਼ਰਨਾਰਥੀ ਦੇ ਰੂਪ ਵਿਚ ਜਾਣੇ ਜਾਂਦੇ ਹਨ ਅਤੇ ਜੋ ਇਸ ਵੱਡੇ ਹਸਪਤਾਲ ਦੀਆਂ ਨੇੜਲੀਆਂ ਸੜਕਾਂ ‘ਤੇ ਰਹਿੰਦੇ ਹਨ, ਉਨ੍ਹਾਂ ਨੂੰ ਜਾਨਵਰਾਂ ਵਾਂਗ ਭਜਾ ਦਿੱਤਾ ਗਿਆ ਹੈ। ਲੋਕ ਬਿਮਾਰ ਪੈਣਗੇ ਅਤੇ ਆਪਣੇ ਘਰ ਵਿਚ ਹੀ ਮਰ ਜਾਣਗੇ। ਸਾਨੂੰ ਉਨ੍ਹਾਂ ਦੀ ਅਸਲੀ ਕਹਾਣੀ ਕਦੇ ਪਤਾ ਨਹੀਂ ਚੱਲੇਗੀ। ਹੋ ਸਕਦਾ ਹੈ ਕਿ ਉਹ ਅੰਕੜਿਆਂ ਵਿਚ ਵੀ ਨਾ ਆਉਣ। ਅਸੀਂ ਸਿਰਫ਼ ਇਹੀ ਉਮੀਦ ਕਰ ਸਕਦੇ ਹਾਂ ਕਿ ਉਹ ਖੋਜ ਸੱਚ ਹੋਵੇ, ਜਿਸ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਨੂੰ ਸਰਦ ਮੌਸਮ ਪਸੰਦ ਹੈ। (ਹਾਲਾਂਕਿ ਹੋਰ ਅਨੇਕ ਖੋਜਾਰਥੀਆਂ ਨੂੰ ਇਸ ਦਾਅਵੇ ‘ਤੇ ਸ਼ੱਕ ਹੈ।)
ਇਸ ਤੋਂ ਪਹਿਲਾਂ ਲੋਕਾਂ ਨੇ ਭਾਰਤ ਦੀ ਪਿੰਡਾਂ ਲੂੰਹਦੀ ਗਰਮੀ ਦਾ ਅਜਿਹਾ ਤਰਕਹੀਣ ਇੰਤਜ਼ਾਰ ਸ਼ਾਇਦ ਹੀ ਕਦੇ ਪਹਿਲਾਂ ਕੀਤਾ ਹੋਵੇ। ਆਖ਼ਰ ਲੋਕਾਂ ਨਾਲ ਹੋ ਕੀ ਗਿਆ ਹੈ? ਕੀ ਇਕ ਵਾਇਰਸ ਕਾਰਨ? ਹਾਂ ਇਕ ਵਾਇਰਸ ਕਾਰਨ, ਇਸ ‘ਤੇ ਯਕੀਨਨ ਕੋਈ ਵਿਵਾਦ ਨਹੀਂ ਹੈ। ਪਰ ਨਿਸਚਤ ਤੌਰ ‘ਤੇ ਇਹ ਕਿਸੇ ਵਾਇਰਸ ਤੋਂ ਵੀ ਵੱਡੀ ਚੀਜ਼ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਡੇ ਹੋਸ਼ ਠਿਕਾਣੇ ਲਾਉਣ ਲਈ ਖ਼ੁਦਾ ਦੀ ਕੋਈ ਕਰਾਮਾਤ ਹੈ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਪੂਰੀ ਦੁਨੀਆ ‘ਤੇ ਕਬਜ਼ਾ ਕਰਨ ਲਈ ਚੀਨ ਦੀ ਕੋਈ ਸਾਜ਼ਿਸ਼ ਹੈ।
ਕੁਝ ਵੀ ਹੋਵੇ, ਪਰ ਕੋਰੋਨਾ ਵਾਇਰਸ ਨੇ ਸ਼ਕਤੀਸ਼ਾਲੀ ਮੁਲਕਾਂ ਤੱਕ ਨੂੰ ਗੋਡਿਆਂ ਭਰਨੇ ਕਰ ਦਿੱਤਾ ਹੈ ਅਤੇ ਜਿਵੇਂ ਕਦੇ ਨਹੀਂ ਹੋਇਆ ਸੀ, ਉਵੇਂ ਪੂਰੀ ਦੁਨੀਆ ਨੂੰ ਰੋਕ ਕੇ ਰੱਖ ਦਿੱਤਾ ਹੈ। ਅਸੀਂ ਸਾਰੇ ਬਹੁਤ ਕੁਝ ਸੋਚ ਰਹੇ ਹਾਂ, ਬੇਸਬਰੀ ਨਾਲ ਹਾਲਾਤ ‘ਆਮ ਵਾਂਗ’ ਹੋ ਜਾਣ ਦੀ ਇੱਛਾ ਲਈ ਆਪਣੇ ਅਤੀਤ ਅਤੇ ਵਰਤਮਾਣ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹੋਏ ਸਮੇਂ ਵਿਚ ਆਈ ਇਸ ਦਰਾਰ ਦੀ ਹੋਂਦ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਾਂ। ਪਰ ਇਹ ਦਰਾਰ ਹੈ ਤਾਂ ਸਹੀ।
ਅਤੇ ਇਸ ਭਿਆਨਕ ਨਿਰਾਸ਼ਾ ਦੇ ਦੌਰ ਵਿਚ ਸਾਨੂੰ ਇਕ ਮੌਕਾ ਇਹ ਵੀ ਮਿਲਿਆ ਹੈ ਕਿ ਥੋੜ੍ਹਾ ਰੁਕ ਕੇ ਸੋਚੀਏ ਕਿ ਅਸੀਂ ਕਿਹੋ ਜਿਹੀਆਂ ਕਿਆਮਤ ਲਿਆਉਣ ਵਾਲੀਆਂ ਮਸ਼ੀਨਾਂ ਇਜਾਦ ਕੀਤੀਆਂ ਹਨ। ਆਮ ਹਾਲਾਤ ਵਲ ਪਰਤਣ ਤੋਂ ਬਦਤਰ ਕੁਝ ਨਹੀਂ ਹੋ ਸਕਦਾ। ਇਤਿਹਾਸਕ ਤੌਰ ‘ਤੇ ਦੇਖੀਏ ਤਾਂ ਮਹਾਮਾਰੀਆਂ ਨੇ ਮਨੁੱਖ ਨੂੰ ਹਮੇਸ਼ਾ ਹੀ ਅਤੀਤ ਨਾਲੋਂ ਨਾਤਾ ਤੋੜ ਕੇ ਨਵੇਂ ਭਵਿੱਖ ਦੀ ਕਲਪਨਾ ਕਰਨ ਲਈ ਮਜਬੂਰ ਕੀਤਾ ਹੈ। ਇਹ ਮਹਾਮਾਰੀ ਵੀ ਨਵੇਂ ਅਤੇ ਪੁਰਾਣੇ ਵਿਚਕਾਰ ਦਾ ਦਰਵਾਜ਼ਾ ਹੈ ਅਤੇ ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਪੱਖਪਾਤ, ਨਫ਼ਰਤ, ਲਾਲਚ ਆਦਿ ਕੇ ਪਿੰਜਰ ਢੋਂਹਦੇ ਹੋਏ ਅੱਗੇ ਵਧੀਏ ਜਾਂ ਬਿਨਾਂ ਅਜਿਹੇ ਬੋਝਾਂ ਦੇ ਇਕ ਨਵੀਂ ਅਤੇ ਬਿਹਤਰ ਦੁਨੀਆ ਦੀ ਕਲਪਨਾ ਦੇ ਨਾਲ ਅੱਗੇ ਨਿਕਲੀਏ।
ਅਸੀਂ ਪੱਖਪਾਤ ਅਤੇ ਨਫ਼ਰਤ, ਲਾਲਚ, ਸਾਡੇ ਡੈਟਾ ਬੈਂਕ ਅਤੇ ਮਰ ਚੁੱਕੇ ਵਿਚਾਰ, ਮਰੀਆਂ ਹੋਈਆਂ ਨਦੀਆਂ ਅਤੇ ਧੂੜ ਨਾਲ ਭਰੇ ਆਸਮਾਨ ਦੇ ਪਿੰਜਰਾਂ ਨੂੰ ਆਪਣੇ ਮੋਢਿਆਂ ‘ਤੇ ਢੋਂਹਦੇ ਹੋਏ ਇਸ ਦਰਵਾਜ਼ੇ ਤੋਂ ਅੱਗੇ ਜਾ ਸਕਦੇ ਹਾਂ। ਜਾਂ ਫਿਰ ਬਿਨਾਂ ਜ਼ਿਆਦਾ ਬੋਝ ਦੇ ਇਕ ਨਵੀਂ ਦੁਨੀਆ ਦੀ ਕਲਪਨਾ ਕਰਦੇ ਹੋਏ ਅਤੇ ਇਸ ਵਾਸਤੇ ਲੜਨ ਲਈ ਤਿਆਰ ਹੋ ਕੇ ਅੱਗੇ ਵਧ ਸਕਦੇ ਹਾਂ।
(ਇਹ ਲੇਖ ਮੂਲ ਰੂਪ ਵਿਚ ‘ਫਾਇਨੈਸ਼ੀਅਲ ਟਾਈਮਜ਼’ ਵਿਚ 3 ਅਪ੍ਰੈਲ ਨੂੰ ਪ੍ਰਕਾਸ਼ਤ ਹੋਇਆ ਹੈ, ਜਿਸ ਦੇ ਲੇਖਕ ਦੀ ਆਗਿਆ ਨਾਲ ਕੁਮਾਰ ਮੁਕੇਸ਼ ਨੇ ਹਿੰਦੀ ਵਿਚ ਅਨੁਵਾਦ ਕਰਕੇ ਮੁੜ ‘ਦੀ ਵਾਇਰ’ ਵਿਚ ਪ੍ਰਕਾਸ਼ਤ ਕੀਤਾ ਹੈ।)