ਸਰਕਾਰ ਦੀ ਵਾਅਦਾ ਖਿਲਾਫੀ ਤੋਂ ਅੱਕੇ ਮੁਲਾਜ਼ਮਾਂ ਦਾ ਹੜਤਾਲ ਜਾਣਾ ਮਜਬੂਰੀ-ਸੂਬਾ ਪ੍ਰਧਾਨ
ਹਰਿੰਦਰ ਨਿੱਕਾ, ਪਟਿਆਲਾ 24 ਮਾਰਚ 2025
ਨੈਸ਼ਨਲ ਹੈਲਥ ਮਿਸ਼ਨ ਤਹਿਤ ਲੰਬੇ ਸਮੇਂ ਤੋਂ ਸਿਹਤ ਵਿਭਾਗ ‘ਚ ਕੰਮ ਕਰਦੇ ਕਰਮਚਾਰੀਆਂ ਦੀ ਜਥੇਬੰਦੀ ਐਨ ਐਚ ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਐਲਾਨੇ ਤਿੰਨ ਦਿਨਾਂ ਰੋਸ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪੁੱਜਦਾ ਕਰਨ ਲਈ ਯੂਨੀਅਨ ਵੱਲੋਂ ਅੱਜ ਸ਼ੁਰੂ ਕੀਤੀ ਪੈਨ ਡਾਊਨ/ਕੰਮ ਬੰਦ ਹੜਤਾਲ ਦੇ ਪਹਿਲੇ ਦਿਨ ਹੀ ਸਮੁੱਚੇ ਪੰਜਾਬ ‘ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਭਰ ਤੋਂ ਹਰ ਇੱਕ ਜ਼ਿਲੇ ਅੰਦਰ ਇਸ ਸੂਬਾ ਪੱਧਰੀ ਹੜਤਾਲ ਸਬੰਧੀ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਹੜਤਾਲ ਦੀ ਸਫਲਤਾ ਬਾਰੇ ਗੱਲ ਕਰਦਿਆਂ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਨਣ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰੰਤੂ ਹੁਣ ਸਰਕਾਰ ਬਣਿਆ ਤਿੰਨ ਸਾਲ ਦਾ ਸਮਾਂ ਲੰਘ ਚੁੱਕਿਆ ਹੈ, ਲੇਕਿਨ ਐਨਐਚਐਮ ਤਹਿਤ ਕੰਮ ਕਰਨ ਵਾਲਾ ਸਿਹਤ ਵਿਭਾਗ ਦਾ ਇੱਕ ਵੀ ਕਰਮਚਾਰੀ ਰੈਗੂਲਰ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਨਐਚਐਮ ਮੁਲਾਜਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ, ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਿਆ ਰਾਹੀਂ ਹੋਈਆਂ ਹਨ। ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦਾ ਠੇਕਾ ਪ੍ਰਥਾ ਰਾਹੀਂ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸਰਕਾਰ ਨਾਲ ਹੋਈਆਂ 30 ਮੀਟਿੰਗਾਂ ਦਾ ਸਿੱਟਾ ਨਿਕਲਿਆ 0..!
ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਬੀਤੇ ਤਿੰਨ ਸਾਲਾਂ ‘ਚ ਯੂਨੀਅਨ ਨਾਲ ਹੁਣ ਤੱਕ ਲਗਭੱਗ 30 ਮੀਟਿੰਗਾਂ ਹੋਈਆ, ਪਰੰਤੂ ਯੂਨੀਅਨ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ, ਯਾਨੀ ਨਤੀਜਾ ਜ਼ੀਰੋ ਹੀ ਨਿਕਲਿਆ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲਾਰੇ-ਲੱਪੇ ਲਗਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਯੂਨੀਅਨ ਦੇ ਜਨਰਲ ਸੈਕਟਰੀ ਗੁਲਸ਼ਨ ਸਰਮਾ ਨੇ ਕਿਹਾ ਕਿ ‘ਆਪ’ ਸਰਕਾਰ ਚੋਣ ਵਾਅਦਿਆਂ ਤੋਂ ਭੱਜਦੀ ਵਿਖਾਈ ਦੇ ਰਹੀ ਹੈ। ਜਿਸ ਕਾਰਨ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸੇਵਾਵਾਂ ਨਿਭਾ ਰਹੇ ਲੱਗਭੱਗ 10 ਹਜ਼ਾਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਸੜਕਾਂ ‘ਤੇ ਉੱਤਰ ਕੇ ਰੋਸ ਮੁਜਾਹਰੇ ਕਰਦਿਆਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ ਖੁਆਰੀ ਲਈ ਸੂਬਾ ਸਰਕਾਰ ਜਿੰਮੇਵਾਰ ਹੀ ਹੋਵੇਗੀ, ਕਿਉਂਕਿ ਹੱਕੀ ਮੰਗਾਂ ਖਾਤਿਰ ਹੜਤਾਲ ‘ਤੇ ਜਾਣਾ ਸਿਹਤ ਮੁਲਾਜਮਾਂ ਦੀ ਮਜਬੂਰੀ ਹੈ। ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਲੰਘੇ ਸ਼ੈਸ਼ਨ ਦੌਰਾਨ ਸੂਬੇ ਦੇ ਕੱਚੇ ਮੁਲਾਜ਼ਮਾਂ ਦੇ ਮਸਲੇ ‘ਤੇ ਸੰਜੀਦਗੀ ਨਾਲ ਚਰਚਾ ਨਹੀਂ ਕੀਤੀ ਗਈ। ਇਸ ਕਾਰਨ ਯੂਨੀਅਨ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸੂਬਾ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਮਜਬੂਰਨ ਸਮੂਹ ਐਨ ਐਚ ਐਮ ਕਰਮਚਾਰੀਆਂ ਨੂੰ ਹੜਤਾਲ ਤੇ ਜਾਣਾ ਪਵੇਗਾ। ਉਹਨਾਂ ਸਾਫ ਸਾਫ ਸ਼ਬਦਾਂ ਚ ਕਿਹਾ ਕਿ ਸੂਬੇ ਭਰ ਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦੀ ਨਿਰੋਲ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਸੂਬਾ ਆਗੂ ਦਿਨੇਸ਼ ਗਰਗ ਨੇ ਕਿਹਾ ਕਿ ਜੇਕਰ ਇਸ ਤਿੰਨ ਦਿਨ ਦੀ ਹੜਤਾਲ ਤੋਂ ਬਾਅਦ ਵੀ ਜਾਇਜ਼ ਮੰਗਾਂ ਨੂੰ ਜਲਦੀ ਸਰਕਾਰ ਨੇ ਨਾ ਮੰਨਿਆ ਤਾਂ ਜਲਦੀ ਹੀ ਯੂਨੀਅਨ ਵੱਲੋਂ ਇਸ ਤੋਂ ਵੱਧ ਹੋਰ ਵਧੇਰੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਪ੍ਰੀਤ ਕੌਰ, ਕੁਲਦੀਪ ਕੌਰ, ਮੋਨਿਕਾ, ਹੇਮਾ, ਵਿਵੇਕ ਭਗਤ, ਸੋਨਿਕਾ, ਗੁਰਦੇਵ ਸਿੰਘ, ਮਨਪ੍ਰੀਤ ਕੌਰ, ਰਵਿੰਦਰ, ਵਿਜੇਂਦਰ, ਪਰਮਿੰਦਰ, ਜਸਵੀਰ ਕੌਰ, ਸਪਨਾ, ਹਰੀਸ਼ ਕੁਮਾਰ, ਲਵਲਿੰਦਰ ਸਿੰਘ ਅਤੇ ਹੋਰ ਕਰਮਚਾਰੀ ਮੌਜੂਦ ਸਨ।