ਪੁਲਿਸ ਨੂੰ ਹਸਪਤਾਲ ਨੇ ਭੇਜਿਆ ਰੁੱਕਾ, ਹਾਲੇ ਤੱਕ ਹਸਪਤਾਲ ਨਹੀਂ ਭੇਜੀ ਡੈਡਬਾੱਡੀ…!
ਹਰਿੰਦਰ ਨਿੱਕਾ, ਬਰਨਾਲਾ 27 ਅਪ੍ਰੈਲ 2025
ਜਿਲ੍ਹੇ ਦੇ ਵੱਡੇ ਉਦਯੋਗਿਕ ਘਰਾਣੇ IOL Chemicals and Pharmaceuticals Ltd, ਆਈਓਐਲ ਫੈਕਟਰੀ ਵਿੱਚ ਦੁਪਹਿਰ ਸਮੇਂ ਗੈਸ ਲੀਕ ਹੋਣ ਦੀ ਘਟਨਾ ਵਿੱਚ ਫੈਕਟਰੀ ਦੇ ਇੱਕ ਮੁਲਾਜਮ ਦੀ ਮੌਤ ਹੋ ਗਈ। ਜਦੋਂਕਿ ਕਈ ਹੋਰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿਲ ਮਾਲਿਕਾਂ ਨੇ ਘਟਨਾ ਨੂੰ ਦਬਾਉਣ ਲਈ ਪੂਰੀ ਵਾਹ ਲਾ ਰੱਖੀ ਹੈ। ਇਸੇ ਕਾਰਣ ਹੀ ਮ੍ਰਿਤਕ ਦੀ ਲਾਸ਼ ਨੂੰ ਵੀ ਖਬਰ ਲਿਖੇ ਜਾਣ ਤੱਕ ਪੋਸਟਮਾਰਟਮ ਲਈ ਸਿਵਲ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਯਾਨੀ ਡੈਡਬਾਡੀ ਬੀਐਮਸੀ ਹਸਪਤਾਲ ਵਿੱਚ ਹੀ ਪਈ ਹੈ। ਅਣਅਧਿਕਾਰਿਤ ਤੌਰ ਤੇ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਅੱਜ ਤੜਕੇ ਕਰੀਬ ਸਾਢੇ ਪੰਜ ਵਜੇ, ਫਤਿਹਗੜ੍ਹ ਛੰਨਾ ਵਿਖੇ ਸਥਿਤ ਆਈਓਐਲ ਦੇ ਯੂਨਿਟ ਵਿੱਚ ਗੈਸ ਲੀਕ ਹੋ ਗਈ। ਇਸ ਦੁਰਘਟਨਾ ਵਿੱਚ ਕਈ ਮੁਲਾਜਮਾਂ ਦੀ ਹਾਲਤ ਗੰਭੀਰ ਹੋ ਗਈ।
ਜਿੰਨ੍ਹਾਂ ਵਿੱਚੋਂ ਚਾਰ ਜਣਿਆਂ ਨੂੰ ਬਰਨਾਲਾ ਹੰਡਿਆਇਆ ਰੋਡ ਤੇ ਸਥਿਤ ਬੀਐਮਸੀ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਇਲਾਜ ਦੇ ਦੌਰਾਨ ਹੀ, ਅਨਮੋਲ ਚਿੰਪਾ ਪੁੱਤਰ ਸ਼ਿਵਮ ਚੰਪਾ ਦੀ ਮੌਤ ਹੋ ਗਈ। ਜਦੋਂਕਿ ਵਿਕਾਸ ਸ਼ਰਮਾ ਪੁੱਤਰ ਇੰਦਰਜੀਤ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਪਰੰਤੂ ਹੋਰ ਗੰਭੀਰ ਮੁਲਾਜਮਾਂ ਯੁਗਮ ਖੰਨਾ ਪੁੱਤਰ ਮਕੇਸ਼ ਕੁਮਾਰ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਫਤਿਹਗੜ੍ਹ ਛੰਨਾ ਨੂੰ ਸੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਬੇਸ਼ੱਕ ਬੀਐਮਸੀ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦੀ ਜਾਣਕਾਰੀ ਦੇਣ ਲਈ ਪੁਲਿਸ ਨੂੰ ਰੁੱਕਾ ਭੇਜ ਦਿੱਤਾ ਗਿਆ ਹੈ। ਥਾਣਾ ਧਨੌਲਾ ਦੀ ਪੁਲਿਸ ਵੀ ਬੀਐਮਸੀ ਹਸਪਤਾਲ ਵਿੱਚ ਪਹੁੰਚ ਗਈ ਹੈ। ਪਰੰਤੂ ਉਦਯੋਗਿਕ ਘਰਾਣੇ ਵਾਲਿਆਂ ਵੱਲੋਂ ਮਾਮਲੇ ਨੂੰ ਬਾਹਰ ਆਉਣ ਤੋਂ ਰੋਕਣ ਦੇ ਯਤਨਾਂ ਵਜੋਂ ਹਾਲੇ ਤੱਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵੀ ਨਹੀਂ ਭਿਜਵਾਇਆ ਗਿਆ। ਇਸ ਦੀ ਪੁਸ਼ਟੀ ਬਕਾਇਦਾ ਐਸਐਮਓ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਵੀ ਕੀਤੀ ਹੈ। ਡਾਕਟਰ ਕੌਸ਼ਲ ਨੇ ਕਿਹਾ ਕਿ ਹਾਲੇ ਤੱਕ ਹਸਪਤਾਲ ਵਿੱਚ ਕੋਈ ਅਜਿਹੇ ਵਿਅਕਤੀ ਦੀ ਲਾਸ਼ ਮੋਸਟਮਾਰਟਮ ਲਈ ਨਹੀਂ ਲਿਆਂਦੀ ਗਈ। ਜਿੰਨ੍ਹੀਂ ਦੇਰ ਤੱਕ ਡੈਡਬਾੱਡੀ ਹਸਪਤਾਲ ਵਿਖੇ ਨਹੀਂ ਆਉਂਦੀ, ਉਨੀ ਦੇਰ ਤੱਕ ਕੁੱਝ ਵੀ ਕਹਿਣਾ ਠੀਕ ਨਹੀਂ ਹੈ। ਆਈਓਐਲ ਫੈਕਟਰੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਕੁੱਝ ਜਿਆਦਾ ਗੰਭੀਰ ਹਾਲਤ ਵਾਲੇ ਮੁਲਾਜਮਾਂ ਨੂੰ ਡੀਐਮਸੀ ਲੁਧਿਆਣਾ ਵੀ ਲਿਜਾਇਆ ਗਿਆ ਹੈ। ਪਰੰਤੂ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।
ਗੈਸ ਲੀਕ ਕਿਵੇਂ ਹੋਈ..
ਆਈਓਐਲ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਦਰਅਸਲ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਫੈਕਟਰੀ ਮਾਲਿਕ ਅਤੇ ਪ੍ਰਬੰਧਕ ਅੰਦਰੋ-ਅੰਦਰੀ ਦਬਾ ਲੈਂਦੇ ਹਨ। ਇਹ ਗੈਸ ਲੀਕ ਹੋਣ ਦੇ ਕੀ ਕਾਰਣ ਹਨ, ਅਜਿਹਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ। ਇੱਨ੍ਹੇ ਵੱਡੇ ਹਾਦਸੇ ਦੇ ਬਾਵਜੂਦ ਵੀ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਸੂਚਿਤ ਹੀ ਨਾ ਕਰਨਾ,ਖੁਦ ਹੀ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਕੁੱਝ ਮੁਲਾਜਮਾਂ ਦਾ ਇਹ ਵੀ ਕਹਿਣਾ ਹੈ ਕਿ ਫੈਕਟਰੀ ਮਾਲਿਕ ਗੈਸ ਲੀਕ ਹੋਣ ਦੇ ਖਦਸ਼ੇ ਦੇ ਬਾਵਜੂਦ ਵੀ, ਅਹਿਤਿਆਤ ਦੇ ਤੌਰ ਤੇ ਨਿਯਮਾਂ ਮੁਤਾਬਿਕ ਕੋਈ ਬਚਾਅ ਲਈ ਉਪਕਰਣ ਮੁਲਾਜਮਾਂ ਨੂੰ ਮੁਹੱਈਆਂ ਹੀ ਨਹੀਂ ਕਰਵਾਉਂਦੇ। ਫੈਕਟਰੀ ਮਾਲਿਕਾਂ ਦੀ ਅਜਿਹੀ ਲਾਪਰਵਾਾਹੀ, ਮੁਲਾਜਮਾਂ ਦੀ ਜਾਨ ਦਾ ਖੌਅ ਬਣ ਜਾਂਦੀ ਹੈ।
ਪਰਿਵਾਰ ਦੀ ਹਾਲੇ ਕੋਈ ਸਹਿਮਤੀ ਨਹੀਂ ਬਣੀ…
ਥਾਣਾ ਧਨੌਲਾ ਦੇ ਐਸਐਚਓ ਨੇ ਕਿਹਾ ਕਿ ਪੁਲਿਸ ਬੀਐਮਸੀ ਹਸਪਤਾਲ ਵਿਖੇ ਪਹੁੰਚ ਗਈ ਹੈ। ਪਰੰਤੂ ਮ੍ਰਿਤਕ ਦੇ ਪਰਿਵਾਰ ਵੱਲੋਂ ਹਾਲੇ ਅਗਲੀ ਕੋਈ ਕਾਰਵਾਈ ਸਬੰਧੀ ਪੁਲਿਸ ਨੂੰ ਨਹੀਂ ਦੱਸਿਆ ਗਿਆ, ਜਿੰਨ੍ਹੀਂ ਦੇਰ ਤੱਕ ਪਰਿਵਾਰ ਕੋਈ ਕਾਰਵਾਈ ਬਾਰੇ ਆਪਣੀ ਸਹਿਮਤੀ ਨਹੀਂ ਦਿੰਦਾ,ਉਨ੍ਹੀਂ ਦੇਰ ਤੱਕ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਨਹੀਂ ਲਿਜਾਇਆ ਜਾ ਸਕਦਾ। ਉਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਹੀ ਕੋਈ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡੀਐਸਪੀ ਬੈਂਸ ਨੇ ਕੀਤੀ ਪੁਸ਼ਟੀ…
ਫਤਿਹਗੜ੍ਹ ਛੰਨਾ ਫੈਕਟਰੀ ਵਿੱਚ ਗੈਸ ਲੀਕ ਦੀ ਘਟਨਾ ਬੇਸ਼ੱਕ ਅੱਜ ਤੜਕੇ ਕਰੀਬ ਸਾਢੇ ਪੰਜ ਵਜੇ ਦੀ ਹੈ। ਪਰੰਤੂ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਵੀ ਇੱਕ ਵੀਡੀਓ ਕਲਿਪ ਬਾਅਦ ਦੁਪਹਿਰ 1:17 ਵਜੇ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀ ਹੈ। ਡੀਐਸਪੀ ਬੈਂਸ ਦੱਸ ਰਹੇ ਹਨ ਕਿ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਸਵੇਰੇ ਸਾਢੇ ਪੰਜ ਵਜੇ ਫੈਕਟਰੀ ਦੇ ਯੂਨਿਟ 3 ਵਿਖੇ ਵਾਪਰੀ ਹੈ। ਇਸ ਘਟਨਾ ਵਿੱਚ ਇੱਕ ਮੁਲਾਜਮ ਅਨਮੋਲ ਚਿੰਪਾ, ਵਾਸੀ ਫੂਲਕਾ , ਹਰਿਆਣਾ ਦੀ ਮੌਤ ਹੋ ਗਈ। ਜਦੋਂਕਿ ਯੁਗਮ ਖੰਨਾ ਵਾਸੀ ਹਿਸਾਰ, ਵਿਕਾਸ ਸ਼ਰਮਾ ਵਾਸੀ ਮੌਜਗੜ ਖੁੱਡੀਆਂ, ਜਿਲ੍ਹਾ ਫਾਜਿਲਕਾ ਅਤੇ ਲਵਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਛੰਨਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਧਨੌਲਾ ਲਖਵੀਰ ਸਿੰਘ ਪੁਲਿਸ ਪਾਰਟੀ ਸਣੇ, ਘਟਨਾ ਵਾਲੀ ਥਾਂ ਤੇ ਪਹੁੰਚ ਗਏ ਸਨ। ਜਦੋਂਕਿ ਡਿਪਟੀ ਡਾਇਰੈਕਟਰ ਫੈਕਟਰੀਜ ਵੱਲੋਂ ਵੀ ਮੌਕਾ ਪਰ ਪਹੁੰਚ ਕੇ, ਫੈਕਟਰੀ ਦੇ ਪਲਾਂਟ ਦਾ ਮੁਆਇਨਾ ਕੀਤਾ ਜਾ ਰਿਹਾ ਹੈ।