ਲੋਕਾਂ ‘ਚ ਖੌਫ-IOL ਫੈਕਟਰੀ ‘ਚੋਂ ਜਹਿਰੀਲੀ ਗੈਸ ਲੀਕ ਹੋਣ ਦਾ ਮੁੱਦਾ ਭਖਿਆ ..!

Advertisement
Spread information

ਮਜਦੂਰ ਦੀ ਲਾਸ਼ ਘੰਟਿਆਂ ਬੱਧੀ ਹਸਪਾਤਲ ਅੰਦਰ ਰੱਖਣ ਦੇ ਮੁੱਦੇ ਤੇ ਸਵਾਲਾਂ ‘ਚ ਘਿਰਿਆ BMC ਹਸਪਤਾਲ…

ਹਰਿੰਦਰ ਨਿੱਕਾ, ਬਰਨਾਲਾ 28 ਅਪ੍ਰੈਲ 2025 

      ਜਿਲ੍ਹੇ ਦੇ ਪਿੰਡ ਫਤਿਹਗੜ੍ਹ-ਛੰਨਾ ਵਿਖੇ ਚੱਲ ਰਹੀ “IOL Chemicals and Pharmaceuticals Ltd” ਆਈਓਐਲ ਫੈਕਟਰੀ ‘ਚੋਂ ਲੰਘੀ ਕੱਲ੍ਹ ਜਹਿਰੀਲੀ ਗੈਸ(Hydrogen Sulphide) ਲੀਕ ਹੋਣ ਨਾਲ ਇੱਕ ਮੁਲਾਜਮ ਦੀ ਮੌਤ ਹੋਣ ਅਤੇ ਤਿੰਨ ਹੋਰ ਮੁਲਾਜਮਾਂ ਦੀ ਗੰਭੀਰ ਹਾਲਤ ਦੇ ਚਲਦਿਆਂ ਹੁਣ ਇਹ ਮੁੱਦੇ ਨੇ ਜਨਤਕ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਸਿਵਲ ਹਸਪਾਤਲ ਦੇ ਡਾਕਟਰ ਨੇ ਫੈਕਟਰੀ ਮਜਦੂਰ ਦੀ ਮੌਤ ਤੋਂ ਦੂਜੇ ਦਿਨ ਅੱਜ ਲਾਸ਼ ਦਾ ਪੋਸਟਮਾਰਟ ਕਰਕੇ,ਮੌਤ ਦੇ ਕਾਰਣ ਦੀ ਜਾਂਚ ਲਈ ਬਿਸਰਾ ਲੈਬ ਨੂੰ ਭਿਜਵਾ ਦਿੱਤਾ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਵੀ ਪੂਰੇ ਮਾਮਲੇ ਤੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਦਿੱਤੀ ਹੈ। ਡੈਮੋਕਰੇਟਿਕ ਲਾਇਰਜ ਐਸੋਸੀਏਸ਼ਨ ਦੇ ਸੂਬਾਈ ਕੋ- ਕਨਵੀਨਰ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਫੈਟਲ ਐਕਸੀਡੈਂਟ ਦੇ ਇਹ ਮਾਮਲੇ ਸਬੰਧੀ ਪ੍ਰਸ਼ਾਸ਼ਨ ਨੂੰ ਇਸ ਦੀ ਜਾਂਚ ਫੈਕਟਰੀ ਐਕਟ ਦੇ ਦਾਇਰੇ ਵਿੱਚ ਲਿਆ ਕੇ ਕਰਨ ਦੀ ਮੰਗ ਕੀਤੀ ਹੈ, ਜਦੋਂਕਿ ਸੀਨੀਅਰ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਫੈਕਟਰੀ ਪ੍ਰਬੰਧਕਾਂ ਦੇ ਵੱਡੀ ਦੁਰਘਟਨਾ ‘ਤੇ ਪਰਦਾਪੋਸ਼ੀ ਕਰਨ ਦੇ ਯਤਨਾਂ ਅਤੇ ਪ੍ਰਸ਼ਾਸ਼ਨ ਦੀ ਧਾਰੀ ਚੁੱਪ ਨੂੰ ਬੇਨਕਾਬ ਕਰਨ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੀਆਈਐਲ ਪਾਉਣ ਦਾ ਐਲਾਨ ਕੀਤਾ ਹੈ। ਓਧਰ ਵੱਡੇ ਉਦਯੋਗਿਕ ਘਰਾਣੇ ਦੇ ਦਬਾਅ ਵਿੱਚ ਫੈਕਟਰੀ ਮਜਦੂਰ ਦੀ ਲਾਸ਼ ਨੂੰ ਘੰਟਿਆਂ ਬੱਧੀ ਹਸਪਤਾਲ ਅੰਦਰ ਹੀ ਰੱਖੀ ਰੱਖਣ ਦੇ ਮੁੱਦੇ ਤੇ ਬੀਐਮਸੀ ਹਸਪਾਤਲ ਦੇ ਪ੍ਰਬੰਧਕ ਵੀ ਸਵਾਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਬੀ.ਐਮ.ਸੀ. ਹਸਪਾਤਲ ਬਰਨਾਲਾ ਦੇ ਸੰਚਾਲਕ ਡਾਕਟਰ ਈਸ਼ਾਨ ਬਾਂਸਲ ਨਾਲ ਉਨ੍ਹਾਂ ਦੇ ਹਸਪਤਾਲ ਵੱਲੋਂ ਡੈਡਬੌਡੀ, ਦੇਰ ਸ਼ਾਮ ਤੱਕ ਹਸਪਤਾਲ ਵਿੱਚ ਰੱਖੇ ਜਾਣ ਸਬੰਧੀ ਪੱਖ ਜਾਣਨ ਲਈ,ਫੋਨ ਕੀਤਾ,ਪਰ ਉਨਾਂ ਫੋਨ ਰਿਸੀਵ ਕਰਨਾ ਜਰੂਰੀ ਨਹੀਂ ਸਮਝਿਆ।      

      ਸਿਵਲ ਹਸਪਤਾਲ ਬਰਨਾਲਾ ਦੇ ਐਸ.ਐਮ.ਓ. ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਪੁੱਛਣ ਤੇ ਦੱਸਿਆ ਕਿ ਲੰਘੀ ਕੱਲ੍ਹ ਸ਼ਾਮ ਕਰੀਬ ਸਾਢੇ ਚਾਰ ਵਜੇ, ਧਨੌਲਾ ਪੁਲਿਸ ਮ੍ਰਿਤਕ ਅਨਮੋਲ ਚਿੰਪਾ ਦੀ ਲਾਸ਼ ਮੌਰਚਰੀ ਵਿੱਚ ਲੈ ਕੇ ਆਈ ਸੀ। ਜਿਸ ਦਾ ਪੋਸਟਮਾਰਟ ਅੱਜ ਡਾਕਟਰ ਲਿਪਸੀ ਮੋਦੀ ਨੇ ਕਰਕੇ, ਬਿਸਰਾ ਲੈ ਕੇ, ਮੌਤ ਦਾ ਕਾਰਣ ਪਤਾ ਕਰਨ ਲਈ, ਲੈਬ ਜਾਂਚ ਲਈ ਪੁਲਿਸ ਨੂੰ ਸੌਂਪ ਦਿੱਤਾ ਹੈ। ਉਨਾਂ ਮੌਤ ਦੇ ਸਮੇਂ ਬਾਰੇ ਪੁੱਛਣ ਤੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਇਹ ਸਾਫ ਹੋ ਜਾਏਗਾ ਕਿ ਅਨਮੋਲ ਚਿੰਪਾ ਦੀ ਮੌਤ ,ਪੋਸਟਮਾਰਟਮ ਤੋਂ ਕਿੰਨ੍ਹੇ ਘੰਟੇ ਪਹਿਲਾਂ ਹੋ ਚੁੱਕੀ ਸੀ। ਪੁਲਿਸ ਨੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਪਰ, ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ, ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

     ਜਿਕਰਯੋਗ ਹੈ ਕਿ ਲੰਘੀ ਕੱਲ੍ਹ ਵੱਡੇ ਤੜਕੇ ਫੈਕਟਰੀ ‘ਚੋਂ ਗੈਸ ਲੀਕ ਹੋ ਗਈ ਸੀ। ਜਿਸ ਕਾਰਣ, ਇੱਕ ਫੈਕਟਰੀ ਮਜਦੂਰ ਦੀ ਮੌਤ ਤੋਂ ਇਲਾਵਾ ਲਵਪ੍ਰੀਤ ਸ਼ਰਮਾ ਵਾਸੀ ਫਤਿਹਗੜ੍ਹ ਛੰਨਾ, ਯੁਗਮ ਖੰਨਾ ਵਾਸੀ ਹਿਸਾਰ, ਵਿਕਾਸ ਸ਼ਰਮਾ ਵਾਸੀ ਮੌਜਗੜ ਖੁੱਡੀਆਂ, ਜਿਲ੍ਹਾ ਫਾਜਿਲਕਾ ਦੀ ਹਾਲਤ ਗੰਭੀਰ ਹੋ ਗਈ ਸੀ, ਜਿੰਨ੍ਹਾਂ ਦਾ ਇਲਾਜ ਕ੍ਰਮਾਨੁਸਾਰ ਬੀਐਮਸੀ ਹਸਪਤਾਲ ਬਰਨਾਲਾ ਅਤੇ ਡੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਹੈ। ਫੈਕਟਰੀ ‘ਚੋਂ ਜਹਿਰੀਲੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਇਲਾਕੇ ਦੇ ਲੋਕਾਂ ਵਿੱਚ ਕਾਫੀ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਲੋਕਾਂ ਦੇ ਜਿਹਨ ਵਿੱਚ ਭੋਪਾਲ ਗੈਸ ਲੀਕ ਕਾਂਡ ਅਤੇ ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਕਾਂਡ ਦੀ ਯਾਦ ਤਾਜ਼ਾ ਹੋ ਗਈ ਹੈ। ਪ੍ਰੰਤੂ ਪ੍ਰਸ਼ਾਸ਼ਨਿਕ ਅਮਲੇ ਫੈਲੇ ਤੇ ਫੈਕਟਰੀ ਮਾਲਿਕਾਂ ਦਾ ਦਬਾਅ ਸਾਫ ਝਲਕਦਾ ਦਿਖਾਈ ਦੇ ਰਿਹਾ ਹੈ।

ਮੁੱਦਾ ਭਖਿਆ ਤੇ ਉੱਠੀਆਂ ਜਾਂਚ ਦੀਆਂ ਸੁਰਾਂ…

    ਜਮਹੂਰੀ ਅਧਿਕਾਰ ਸਭਾ ਜਿਲ੍ਹਾ ਬਰਨਾਲਾ ਦੇ ਆਗੂਆਂ ਸੋਹਣ ਸਿੰਘ ਮਾਝੀ ਅਤੇ ਬਿੱਕਰ ਸਿੰਘ ਔਲਖ ਨੇ ਕਿਹਾ ਕਿ ਜਹਿਰੀਲੀ ਗੈਸ ਲੀਕ ਹੋਣ ਦਾ ਮੁੱਦਾ ਲੱਖਾਂ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸ ਲਈ ਪ੍ਰਸ਼ਾਸ਼ਨ ਨੂੰ ਬਿਨਾਂ ਦੇਰੀ ਫੈਕਟਰੀ ਚੋਂ ਜਹਿਰੀਲੀ ਗੈਸ ਲੀਕ ਹੋਣ ਦੀ ਦੁਰਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਡੈਮੋਕਰੇਟਿਕ ਲਾਇਰਜ ਐਸੋਸੀਏਸ਼ਨ ਦੇ ਸੂਬਾਈ ਕੋ- ਕਨਵੀਨਰ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਫੈਟਲ ਐਕਸੀਡੈਂਟ ਦਾ ਮਾਮਲਾ ਹੈ। ਪ੍ਰਸ਼ਾਸ਼ਨ ਨੂੰ ਇਸ ਦੀ ਜਾਂਚ ਫੈਕਟਰੀ ਐਕਟ ਦੇ ਦਾਇਰੇ ਵਿੱਚ ਲਿਆ ਕੇ ਕਰਨ ਦੀ ਲੋੜ ਹੈ, ਉਨਾਂ ਕਿਹਾ ਕਿ ਫੈਕਟਰੀ ਐਕਟ 1954 ਪੰਜਾਬ ਦੇ ਅਨੁਸਾਰ ਅਜਿਹੇ ਹਾਦਸਿਆਂ ਦੀ ਮੈਜਿਸਟ੍ਰੇਟੀ ਜਾਂਚ ਐਸਡੀਐਮ ਤੋਂ ਅਤੇ ਟੈਕਨੀਕਲ ਜਾਂਚ ਡਿਪਟੀ ਡਾਇਰੈਕਟਰ ਫੈਕਟਰੀਜ ਤੋਂ ਕਰਵਾਉਣੀ ਲਾਜਿਮੀ ਹੈ।

      ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਸੀਨੀਅਰ ਐਡਵੇਕੇਟ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਆਈਓਐਲ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਇਸ ਵੱਡੀ ਦੁਰਘਟਨਾ ‘ਤੇ ਕਥਿਤ ਤੌਰ ਤੇ ਪਰਦਾ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੋਂ ਤੱਕ ਕਿ ਜਿੰਨੀਂ ਦੇਰ ਤੱਕ ਮ੍ਰਿਤਕ ਦੇ ਵਾਰਿਸਾਂ ਨਾਲ ਫੈਕਟਰੀ ਵਾਲਿਆਂ ਦਾ ਸਮਝੌਤਾ ਸਿਰੇ ਨਹੀਂ ਚੜਿਆ, ਉਦੋਂ ਤੱਕ ਲਾਸ਼ ਨੂੰ ਬੀਐਮਸੀ ਹਸਪਤਾਲ ਵਿੱਚ ਹੀ ਰੱਖਿਆ, ਜਦੋਂਕਿ ਡੈਡਬੌਡੀ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਜਾਇਆ ਜਾਣਾ ਬਣਦਾ ਸੀ। ਉਨਾਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸ਼ਨ ਨੇ ਮੀਡੀਆ ਨੂੰ ਪ੍ਰੈਸ ਨੋਟ ਜ਼ਾਰੀ ਕਰਕੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ,ਘਟਨਾ ਦੀ ਸੂਚਨਾ ਮਿਲਿਦਿਆਂ ਤੁਰੰਤ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਸਨ। ਜਦੋਂਕਿ ਪ੍ਰਸ਼ਾਸ਼ਨ, ਉਸ ਸਮੇਂ ਹਰਕਤ ਵਿੱਚ ਆਇਆ,ਜਦੋਂ ਇਹ ਘਟਨਾ ਸਬੰਧੀ ਖਬਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਸਨ। ਐਡਵੋਕੇਟ ਗੋਇਲ ਨੇ ਕਿਹਾ ਕਿ ਇਹ ਮੁੱਦਾ ਇਲਾਕੇ ਦੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਉਨਾਂ ਕਿਹਾ ਕਿ ਲੋਕ ਹਿੱਤ ਦੇ ਇਸ ਮੁੱਦੇ ਤੇ ਫੈਕਟਰੀ ਪ੍ਰਬੰਧਕਾਂ ਦੀ ਲਾਪਰਵਾਹੀ ਤੇ ਘਟਨਾ ਨੂੰ ਦਬਾਏ ਜਾਣ ਦੇ ਯਤਨਾਂ ਅਤੇ ਪ੍ਰਸ਼ਾਸ਼ਨ ਦੀ ਧਾਰੀ ਚੁੱਪ ਨੂੰ ਬੇਨਕਾਬ ਕਰਨ ਲਈ, ਉਹ ਲੋਕ ਸੇਵਾ ਸੁਸਾਇਟੀ ਬਰਨਾਲਾ ਦੀ ਤਰਫੋਂ ਇਸ ਮੁੱਦੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਲਦ ਹੀ ਪੀਆਈਐਲ ਦਾਇਰ ਕਰਨਗੇ। 

     

Advertisement
Advertisement
Advertisement
Advertisement
error: Content is protected !!