ਗੁਰੂ ਘਰ ਮੱਥਾ ਟੇਕਣ ਪਹੁੰਚੀ ਲੜਕੀ ਨੂੰ ਉਸ ਦੇ ਦੋਸਤ ਨੇ ਹੀ ਦਰਿੰਦਿਆਂ ਦੇ ਵੱਸ ਪਾਇਆ..
ਐਸ. ਪ੍ਰਕਾਸ਼, ਅੰਮ੍ਰਿਤਸਰ 6 ਮਈ 2025
ਆਪਣੇ ਦੋਸਤ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ ਇੱਕ ਲੜਕੀ ਨੂੰ, ਸ਼ਹਿਰ ਦੇ ਹੀ ਇੱਕ ਹੋਟਲ ਵਿੱਚ, ਹੋਟਲ ਦੇ ਸਟਾਫ ਨੇ ਹੋਰਨਾਂ ਨਾਲ ਮਿਲ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਪੁਲਿਸ ਨੇ ਹੋਟਲ ਦੇ ਸਟਾਫ ਸਣੇ ਕੁੱਝ ਹੋਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ, ਮਾਮਲੇ ਦੀ ਤਫਤੀਸ਼ ਅਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ, ਨਿਹੰਗ ਸਿੰਘਾਂ ਨੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਅਤੇ ਪੁਲਿਸ ਨੂੰ ਨਾਲ ਲੈ ਕੇ, ਹੋਟਲ ਵਿੱਚ ਰੇਡ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹੇ ਦੇ ਹੀ ਇੱਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਅਨਸੁਾਰ ਉਹ ਆਪਣੇ ਦੋਸਤ ਨਾਲ, ਗੁਰੂ ਘਰ ਦੇ ਦਰਸ਼ਨ ਕਰਨ ਆਈ ਸੀ, ਦਰਸ਼ਨਾਂ ਤੋਂ ਬਾਅਦ, ਉਹ ਅਤੇ ਉਸ ਦਾ ਦੋਸਤ ਪਾਣੀ ਪੀਣ ਲਈ ਅਜ਼ਾਦ ਹੋਟਲ ਵਿੱਚ ਚਲੇ ਗਏ । ਕੁੱਝ ਸਮੇਂ ਬਾਅਦ ਹੀ ਉੱਥੋਂ , ਉਸਦਾ ਦੋਸਤ ਤਾਂ ਖਿਸਕ ਗਿਆ, ਪਰੰਤੂ ਉਹ ਆਪਣੇ ਕੁੱਝ ਦੋਸਤਾਂ ਨੂੰ ਹੋਟਲ ਵਿੱਚ, ਉਸ ਕੋਲ ਛੱਡ ਗਿਆ, ਜਿੰਨ੍ਹਾਂ ਨੇ ਹੋਟਲ ਦੇ ਹੀ ਸਟਾਫ ਦੇ ਤਿੰਨ ਮੁਲਾਜਮਾਂ ਨਾਲ ਮਿਲਕੇ, ਵਾਰੀ-ਵਾਰੀ, ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚੇ ਇੱਕ ਨਿਹੰਗ ਸਿੰਘ ਧੜੇ ਦੇ ਮੁਖੀ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਸ ਦੇ ਇੱਕ ਨਿਹੰਗ ਸਿੰਘ ਸਾਥੀ ਨੂੰ ਫ਼ੋਨ ‘ਤੇ ਜਾਣਕਾਰੀ ਮਿਲੀ ਸੀ ਕਿ ਇੱਕ ਲੜਕੀ ਉਸ ਦੇ ਰਿਕਸ਼ਾ ‘ਤੇ ਬੈਠੀ ਰੋ ਰਹੀ ਹੈ, ਜਿਸ ਦਾ ਕਹਿਣਾ ਹੈ ਕਿ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ।
ਨਿਹੰਗ ਮੁਖੀ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਪੀੜਤ ਲੜਕੀ ਕਾਫੀ ਡਰੀ ਹੋਈ ਹੈ। ਉਸਦਾ ਕਹਿਣਾ ਹੈ ਕਿ ਉਸ ਦੇ ਦੋਸਤ ਨੇ ਹੀ ਉਸ ਨੂੰ ਧੋਖਾ ਦਿੱਤਾ ਅਤੇ ਉਸਨੂੰ ਆਪਣੇ ਦੋਸਤਾਂ ਸਾਹਮਣੇ ਪੇਸ਼ ਕਰ ਦਿੱਤਾ। ਉਨਾਂ ਕਿਹਾ ਕਿ ਪੀੜਤਾ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਪੀੜਤ ਅਨੁਸਾਰ, ਜਿਨ੍ਹਾਂ ਵਿਅਕਤੀਆਂ ਨੇ ਉਸ ਨਾਲ ਗੈਂਗਰੇਪ ਕੀਤਾ ਹੈ, ਉਨ੍ਹਾਂ ਵਿੱਚੋਂ ਤਿੰਨ ਜਣੇ ਹੋਟਲ ਦੇ ਸਟਾਫ ਵਿੱਚੋਂ ਹੀ ਸਨ ਅਤੇ ਬਾਕੀ ਬਾਹਰੋਂ ਸਨ, ਉਹ ਸਾਰਿਆਂ ਨੂੰ ਪਛਾਣਦੀ ਵੀ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਪਰ, ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਮ੍ਰਿਤਸਰ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਕਪਿਲ ਦੇਵ ਨੇ ਕਿਹਾ ਕਿ ਪੀੜਤਾ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਾਰਿਆਂ ਦੇ ਬਿਆਨ ਵੀ ਕਲਮਬੰਦ ਕੀਤੇ ਜਾ ਰਹੇ ਹਨ। ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਬੱਸ ਸਟੈਂਡ ਦੇ ਨੇੜੇ ਸਥਿਤ ਹੋਟਲਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਦੀਆਂ ਅਕਸਰ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਪੀੜਤਾ ਨੇ ਬੱਸ ਸਟੈਂਡ ਚੌਂਕੀ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਵੇ।