ਜਮਹੂਰੀ ਅਧਿਕਾਰ ਸਭਾ ਨੇ ਸਰਕਾਰ ਖਿਲਾਫ ਬੋਲਿਆ ਹੱਲਾ….

Advertisement
Spread information

ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ

ਦਹਿਸ਼ਤਜ਼ਦਾ & ਜੁਬਾਨਬੰਦੀ ਕਰਨ ਦੀ ਬਜਾਏ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ:  ਮਾਝੀ

ਹਰਿੰਦਰ ਨਿੱਕਾ, ਬਰਨਾਲਾ 5 ਮਾਰਚ 2025
      ਪੰਜਾਬ ਸਰਕਾਰ ਦੇ ਲੋਕ ਵਿਰੋਧੀ ਰੁਖ ਅਖਤਿਆਰ ਕਰਨ ਤੋਂ ਖਫਾ ਹੋ ਕੇ ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਸੋਹਣ ਸਿੰਘ ਮਾਝੀ, ਜਿਲ੍ਹਾ ਸਕੱਤਰ ਬਿਕਰ ਸਿੰਘ ਔਲਖ ਅਤੇ ਪ੍ਰੈਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ। । ਇਨ੍ਹਾਂ ਆਗੂਆਂ ਨੇ ਕਿਹਾ ਕਿ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਪੰਜਾਬ ਸਰਕਾਰ, ਲੋਕਾਂ ਦੀ ਗੱਲ ਸੁਣਨ ਦੀ ਬਜਾਏ, ਹੁਣ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰਕੇ ਉਨ੍ਹਾਂ ਦੀ ਜੁਬਾਨਬੰਦੀ ਕਰਨ ਅਤੇ ਦਹਿਸ਼ਤਜ਼ਦਾ ਕਰਨ ਦੇ ਤਾਨਾਸ਼ਾਹੀ ਰਾਹ ’ਤੇ ਚੱਲ ਪਈ ਹੈ। ਜਾਇਜ਼ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਲਈ ਪੁਲਿਸ ਦੀਆਂ ਧਾੜਾਂ ਪੰਜਾਬ ਦੀਆਂ ਸੜਕਾਂ ’ਤੇ ਦਗੜ ਦਗੜ ਕਰਦੀਆਂ ਫਿਰ ਰਹੀਆਂ ਹਨ।

ਕਿਸਾਨ ਨੇਤਾਵਾਂ ਤੇ ਜਮਹੂਰੀ ਕਾਰਕੁੰਨਾ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫੜ ਕੇ ਜੇਲੀਂ ਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਚੰਡੀਗੜ ਵੱਲ ਕੂਚ ਕਰਨ ਤੋਂ ਰੋਕਣ ਲਈ ਪਿੰਡਾਂ ਦੀਆਂ ਗਲੀਆਂ ਤੱਕ ਵਿੱਚ ਪੁਲਿਸ ਬਲ ਤਾਇਨਾਤ ਕਰ ਦਿਤੇ ਗਏ ਹਨ। ਲੱਗਦਾ ਹੈ ਕਿ ਪੰਜਾਬ ਸਰਕਾਰ ਲੋਕਾਂ ’ਤੇ ਜਬਰ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣਾ ਆਦਰਸ਼ ਮੰਨ ਕੇ ਚੱਲ ਰਹੀ ਹੈ, ਸਗੋਂ ਲੋਕਾਂ ਦੀ ਜੁਬਾਨਬੰਦੀ ਕਰਨ ਲਈ, ਕੇਂਦਰ ਸਰਕਾਰ ਤੋਂ ਵੀ ਅੱਗੇ ਲੰਘ ਜਾਣਾ ਚਾਹੁੰਦੀ ਹੈ। 
     ਕਿਸਾਨਾਂ ਖਿਲਾਫ ਵਿੱਢੀ ਹੋਈ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਭਾ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਹਾਲੀਆ ਬਿਆਨਾਂ ਨੂੰ ਗੈਰਜ਼ਿੰਮੇਵਾਰ ਤੇ ਭੜਕਾਊ ਕਰਾਰ ਦਿੱਤਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖੁਦ ਮੀਟਿੰਗ ਦਾ ਸੱਦਾ ਦੇ ਕੇ ਮੁੱਖ ਮੰਤਰੀ ਨੇ ਜਿਸ ਤਲ਼ਖ ਲਹਿਜ਼ੇ ਵਿਚ ਖੁਦ ਮੀਟਿੰਗ ਵਿਚੋਂ ਵਾਕਆਊਟ ਕੀਤਾ, ਉਹ ਜਿੱਥੇ ਕਿਸਾਨ ਆਗੂਆਂ ਦੀ ਜਾਣ ਬੁੱਝ ਕੇ ਬੇਇਜਤੀ ਕਰਨਾ ਹੈ, ਉੱਥੇ ਹੀ, ਦੂਜੇ ਪਾਸੇ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕਰ ਕੇ, ਜਖਮਾਂ ’ਤੇ ਲੂਣ ਛਿੜਕਣ ਵਾਲੀ ਕਾਰਵਾਈ ਹੈ। ਪੰਜਾਬ ਦੇ ਅਣਖੀਲੇ ਲੋਕ ਹਾਕਮਾਂ ਦੇ ਅਜਿਹੇ ਹੰਕਾਰੀ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।‘
         ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੀ ਪੁਲਿਸ ਕਾਰਵਾਈ ਤੁਰੰਤ ਬੰਦ ਕਰੇ, ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨਾਂ ਦੇਰੀ ਰਿਹਾ ਕਰੇ, ਉਨ੍ਹਾਂ ਉਪਰ ਦਰਜ ਕੇਸ ਤੁਰੰਤ ਵਾਪਸ ਲਵੇ, ਰੋਸ ਪ੍ਰਦਰਸ਼ਨ ਕਰਨ ਦੇ ਉਨ੍ਹਾਂ ਦੇ ਜਮਹੂਰੀ ਅਧਿਕਾਰ ਨੂੰ ਬਹਾਲ ਕਰੇ, ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰੇ ਅਤੇ ਸੜਕਾਂ ’ਤੇ ਲਾਏ ਨਾਕੇ ਹਟਾ ਕੇ ਸੜਕੀ ਆਵਾਜਾਈ ਨੂੰ ਬਹਾਲ ਕਰੇ। ਆਗੂਆਂ ਨੇ ਸਭ ਇਨਸਾਫਪਸੰਦ ਲੋਕਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਅਤੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਅੱਗੇ ਆਉਣ ਦਾ ਸੱਦਾ ਦਿੱਤਾ।

Advertisement
Advertisement
Advertisement
Advertisement
error: Content is protected !!