ਹਰਿੰਦਰ ਨਿੱਕਾ, ਪਟਿਆਲਾ 5 ਮਾਰਚ 2025
ਵਧੇਰੇ ਵਿਆਜ ਦੇਣ ਦਾ ਝਾਂਸਾ ਦੇ ਕੇ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ ਥਾਣਾ ਸਿਟੀ ਸਮਾਣਾ ਦੀ ਪੁਲਿਸ ਨੇ ਤਿੰਨ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਹਰਿਆਣਾ ਅਤੇ ਇੱਕ ਰਾਜਸਥਾਨ ਦਾ ਰਹਿਣ ਵਾਲਾ ਹੈ, ਜਿਹੜਾ ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਸ਼ਹਿਰ ਦਾ ਮੂਲ ਵਾਸੀ ਹੈ। ਪੁਲਿਸ ਨੇ ਤਿੰਨੋਂ ਦੋਸ਼ੀਆਂ ਦੀ ਤਲਾਸ਼ ਅਤੇ ਮੁਕੱਦਮਾ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਅਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਕਾਨ ਨੰ. 146/2 ਵੜੈਚ ਕਲੋਨੀ ਸਮਾਣਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਮਨੀਸ਼ ਕੁਮਾਰ ਪੁੱਤਰ ਸਿ਼ਆਮ ਸੁੰਦਰ ਵਾਸੀ ਮਕਾਨ ਨੰ. 52 ਅਨਾਜ ਮੰਡੀ ਭਵਾਨੀਗੜ੍ਹ ਹਾਲ ਵਾਸੀ ਰਕਾਵਤਾ ਨੇੜੇ ਮਾਨੋਪੁਰ, ਸੀਕਰ ਰਾਜਸਥਾਨ ਅਤੇ ਵਿਕਾਸ ਕੁਮਾਰ ਪੁੱਤਰ ਓਮ ਸ਼ੰਕਰ ਵਾਸੀ ਕਿਰਧਾਨ, ਫਤਿਆਬਾਦ, ਹਰਿਆਣਾ ਨੇ ਮੁਦਈ ਅਤੇ ਉਸ ਦੇ ਪਰਿਵਾਰ ਨੂੰ ਏ.ਆਈ, ਐਮ ਬਿੱਟ ਕੁਆਇੰਨ aim bitcoin exchange ਦੀ ਟਰੇਡਿੰਗ ਵਿੱਚ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ 1,07,87,805 ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਪੜਤਾਲ ਤੋਂ ਬਾਅਦ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ U/S 406,420 IPC ਤਹਿਤ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕੀਤਾ ਹੈ।
ਇਸੇ ਤਰਾਂ ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬਰਸਟ, ਥਾਣਾ ਪਸਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਅਜੀਮਗੜ੍ਹ ਗੁਹਲਾ, ਜਿਲਾ ਕੈਂਥਲ ਹਰਿਆਣਾ ਨੇ ਮੁਦਈ ਨੂੰ ਵੱਧ ਵਿਆਜ ਕਮਾਉਣ ਦਾ ਝਾਂਸਾ ਦੇ ਕੇ ਫਿਊਚਰ ਚੁਆਇੰਸ ਕੰਪਨੀ ਅਤੇ ਬੰਬੇ ਇਨਵੈਸਮੈਂਟ ਗੁਰੱਪ ਵਿੱਚ ਪੈਸੇ ਲਗਾਉਣ ਦੇ ਨਾਮ ਪਰ 16,60,000 ਦੀ ਠੱਗੀ ਮਾਰੀ ਹੈ, ਪੁਲਿਸ ਨੇ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਖਿਲਾਫ U/S 406,420 IPC
ਤਹਿਤ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕੀਤਾ ਹੈ। ਦੋਵਾਂ ਮਾਮਲਿਆਂ ਦੇ ਤਫਤੀਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ, ਜਲਦ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।