Advertisement

ਮੁੱਖ ਮੰਤਰੀ ਨੇ ਤਹਿਸੀਲਦਾਰਾਂ ਨੂੰ ਦੋ ਟੁੱਕ ਸ਼ਬਦਾਂ ‘ਚ ਕਿਹਾ, ਤੁਹਾਨੂੰ ਹੜਤਾਲ ਮੁਬਾਰਕ, ਹੁਣ ਫੈਸਲਾ ਲੋਕ ਲੈਣਗੇ…
ਹਰਿੰਦਰ ਨਿੱਕਾ, ਚੰਡੀਗੜ੍ਹ 4 ਮਾਰਚ 2025
ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਅਖਤਿਆਰ ਕੀਤੇ ਸਖਤ ਰੁਖ ਤੋਂ ਖਫਾ ਹੋ ਕੇ, ਆਪਣੇ ਸਾਥੀਆਂ ਦੇ ਹੱਕ ਵਿੱਚ ਹੜਤਾਲ ਕਰ ਰਹੇ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਵਿਰੁੱਧ ਹੁਣ ਮੁੱਖ ਮ਼ੰਤਰੀ ਭਗਵੰਤ ਸਿੰਘ ਮਾਨ ਨੇ ਹੜਤਾਲੀ ਮਾਲ ਅਫਸਰਾਂ ਦੇ ਵਿਰੁੱਧ ਸ਼ਿਕੰਜ਼ਾ ਕਸਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ (ਮਾਲੀਆ) ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਜਿਸਟਰੀਆਂ ਕਰਨ ਦੀ ਜਿੰਮੇਵਾਰੀ, ਹੋਰਨਾਂ ਸਮਰੱਥ ਅਧਿਕਾਰੀਆਂ ਨੂੰ ਦੇ ਦੇਣ। ਪੰਜਾਬ ਦੇ ਲੁਧਿਆਣਾ, ਪਟਿਆਲਾ ਅਤੇ ਹੋਰ ਜਿਲਿਆਂ ਅੰਦਰ ਜਿਲਾ ਰਜਿਸਟਾਰਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਜਿਸਟਰੀਆਂ ਕਰਨ ਲਈ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉੱਧਰ ਮੁੱਖ ਮੰਤਰੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ, ਆਪਣੇ ਭ੍ਰਿਸ਼ਟ ਸਾਥੀਆਂ ਦੇ ਹੱਕ ਵਿੱਚ ਹੜਤਾਲ ਕਰ ਰਹੇ ਤਹਿਸੀਲਦਾਰਾਂ ਨੂੰ ਹੜਤਾਲ ਮੁਬਾਰਕ,, ਹੁਣ ਤੁਹਾਡੀ ਅਗਲੀ ਡਿਊਟੀ ਕਿੱਥੇ ਹੋਓ ਇਸ ਬਾਰੇ ਫੈਸਲਾ ਲੋਕ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲੀ ਤਹਿਸੀਲਦਾਰਾਂ ਨੂੰ ਸ਼ਾਮ ਪੰਜ ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜਾਂ ਤਾਂ ਹੜਤਾਲ ਖਤਮ ਕਰਕੇ, ਕੰਮ ਸ਼ੁਰੂ ਕਰ ਦਿਉ, ਜਾਂ ਫਿਰ ਤੁਹਾਡੀ ਥਾਂ ਤੇ ਕੰਮ ਲਈ ਹੋਰ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਓਹ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦੇਣਗੇ।
ਸਖਤ ਲਹਿਜੇ ਵਿੱਚ ਜ਼ਾਰੀ ਪੱਤਰ ਦੀ ਇਬਾਰਤ….
ਵਿਸ਼ਾ:- ਰਜਿਸਟ੍ਰੇਸ਼ਨ ਦਾ ਕੰਮ ।
1. ਮਾਲ ਅਧਿਕਾਰੀ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ/ਰਜਿਸਟ੍ਰੇਸ਼ਨ ਦਾ ਕੰਮ ਬੰਦ ਕਰ ਦਿੱਤਾ ਹੈ।
2. ਰਜਿਸਟ੍ਰੇਸ਼ਨ ਐਕਟ, 1908 ਦੀ ਧਾਰਾ 6 ਅਤੇ ਧਾਰਾ 12 ਹੇਠਾਂ ਦੁਬਾਰਾ ਪੇਸ਼ ਕੀਤੀ ਗਈ ਹੈ:
“ਕੀ ਕਹਿੰਦੀ ਐ ਧਾਰਾ 6. ਰਜਿਸਟਰਾਰ ਅਤੇ ਸਬ-ਰਜਿਸਟਰਾਰ।
ਰਾਜ ਸਰਕਾਰ ਅਜਿਹੇ ਵਿਅਕਤੀਆਂ ਨੂੰ, ਭਾਵੇਂ ਉਹ ਜਨਤਕ ਅਧਿਕਾਰੀ ਹੋਣ ਜਾਂ ਨਾ, ਜਿਵੇਂ ਕਿ ਇਹ ਠੀਕ ਸਮਝਦੀ ਹੈ, ਕ੍ਰਮਵਾਰ ਕਈ ਜ਼ਿਲ੍ਹਿਆਂ ਦੇ ਰਜਿਸਟਰਾਰ ਅਤੇ ਕਈ ਉਪ-ਜ਼ਿਲਿਆਂ ਦੇ ਸਬ-ਰਜਿਸਟਰਾਰ ਨਿਯੁਕਤ ਕਰ ਸਕਦੀ ਹੈ, ਜੋ ਕਿ ਉਪਰੋਕਤ ਅਨੁਸਾਰ ਬਣਾਏ ਗਏ ਹਨ।”
“ਕੀ ਕਹਿੰਦੀ ਐ ਧਾਰਾ 12.
ਸਬ-ਰਜਿਸਟਰਾਰ ਦੀ ਗੈਰਹਾਜ਼ਰੀ ਜਾਂ ਉਸ ਦੇ ਦਫ਼ਤਰ ਵਿੱਚ ਖਾਲੀ ਥਾਂ – ਜਦੋਂ ਕੋਈ ਉਪ-ਰਜਿਸਟਰਾਰ ਗੈਰਹਾਜ਼ਰ ਹੋਵੇ, ਜਾਂ ਜਦੋਂ ਉਸ ਦਾ ਦਫ਼ਤਰ ਅਸਥਾਈ ਤੌਰ ‘ਤੇ ਖਾਲੀ ਹੋਵੇ, ਕੋਈ ਵੀ ਵਿਅਕਤੀ ਜਿਸ ਨੂੰ ਜ਼ਿਲ੍ਹੇ ਦਾ ਰਜਿਸਟਰਾਰ ਇਸ ਲਈ ਨਿਯੁਕਤ ਕਰਦਾ ਹੈ, ਅਜਿਹੀ ਗੈਰਹਾਜ਼ਰੀ ਦੌਰਾਨ, ਜਾਂ (ਖਾਲੀ ਥਾਂ ਭਰੀ ਜਾਣ ਤੱਕ) ਸਬ-ਰਜਿਸਟਰਾਰ ਹੋਵੇਗਾ।”
3. ਉਕਤ ਦੇ ਮੱਦੇਨਜ਼ਰ, ਹੇਠ ਲਿਖੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਉਪ ਜ਼ਿਲ੍ਹਿਆਂ ਲਈ ਸਬ-ਰਜਿਸਟਰਾਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਿੱਥੇ ਉਹ ਤਾਇਨਾਤ ਹਨ:
-ਏ. ਜ਼ਿਲ੍ਹੇ ਵਿੱਚ ਤਾਇਨਾਤ ਸਾਰੇ ਪੀ.ਸੀ.ਐਸ. ਅਧਿਕਾਰੀ।
-ਅ. ਜ਼ਿਲ੍ਹੇ ਵਿੱਚ ਤਾਇਨਾਤ ਸਾਰੇ ਕਾਨੂੰਗੋ ਅਤੇ ਸੀਨੀਅਰ ਸਹਾਇਕ ਜਿਨ੍ਹਾਂ ਨੇ ਨਾਇਬ ਤਹਿਸੀਲਦਾਰਾਂ ਦੇ ਅਹੁਦੇ ‘ਤੇ ਤਰੱਕੀ ਲਈ ਸਾਰੀਆਂ ਵਿਭਾਗੀ ਪ੍ਰੀਖਿਆਵਾਂ ਪਾਸ ਕੀਤੀਆਂ ਹਨ।
4. ਜਿੱਥੇ ਵੀ ਕੋਈ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਹੜਤਾਲ, ਸਮੂਹਿਕ ਛੁੱਟੀ ਜਾਂ ਕਿਸੇ ਹੋਰ ਕਾਰਨ ਕਰਕੇ ਉਪਲੱਬਧ ਨਹੀਂ ਹੈ ਜਾਂ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਕਰ ਰਿਹਾ ਹੈ, ਤੁਹਾਨੂੰ ਰਜਿਸਟਰਾਰ ਦੇ ਤੌਰ ‘ਤੇ ਉਸ ਸਬ ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਉਪਰੋਕਤ ਪੈਰਾ 3 ਵਿੱਚ ਦੱਸੇ ਗਏ ਕਿਸੇ ਵੀ ਅਧਿਕਾਰੀ ਨੂੰ ਸੌਂਪਣ ਲਈ ਕਿਹਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਫ਼ਤਰ ਆਉਣ ਵਾਲੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

Advertisement

Advertisement

Advertisement

Advertisement
