ਸਲਾਦ ਦੇ ਪੈਸੇ ਮੰਗਣ ਤੋਂ ਬਾਅਦ ਢਾਬੇ ਵਾਲੇ ਨਾਲ ਹੋਈ ਤਕਰਾਰ ‘ਤੇ
ਬਲਵਿੰਦਰ ਸੂਲਰ, ਪਟਿਆਲਾ 4 ਮਈ 2025
ਇੱਥੋਂ ਦੀ ਸਾਈਂ ਮਾਰਕੀਟ ਸਥਿਤ ਇੱਕ ਢਾਬੇ ਤੇ ਖਾਣ ਪੀਣ ਲਈ ਬੈਠੇ ਦੋ ਨੌਜਵਾਨਾਂ ਦੀ ਸਲਾਦ ਦੇ ਪੈਸੇ ਮੰਗਣ ਨੂੰ ਲ਼ੈ ਕੇ, ਢਾਬੇ ਵਾਲੇ ਨਾਲ ਹੋਈ ਤਕਰਾਰ ਉਪਰੰਤ ਦੋਵਾਂ ਵਿੱਚੋਂ ਇੱਕ ਨੌਜਵਾਨ ਵੱਲੋਂ ਕੀਤੀ ਫਾਇਰਿੰਗ ਨਾਲ ਇਲਾਕੇ ਅੰਦਰ ਅਫ਼ਰਾ ਤਫਰੀ ਫੈਲ ਗਈ। ਪੁਲਿਸ ਨੇ ਘਟਨਾ ਤੋਂ ਕਰੀਬ ਇੱਕ ਘੰਟੇ ਬਾਅਦ ਹੀ ਦੋਸ਼ੀਆਂ ਨੂੰ ਅਸਲੇ ਅਤੇ ਗੱਡੀ ਸਣੇ ਦਬੋਚ ਲਿਆ। 

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦਵਿੰਦਰਪਾਲ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਪੋਲੋ ਗਰਾਊਂਡ ਦੇ ਸਾਹਮਣੇ ਸਥਿਤ ਸਾਂਈਂ ਮਾਰਕੀਟ ਵਿੱਚ ਉਸ ਦਾ ਕੋਹਲੀ ਢਾਬਾ ਹੈ। ਲੰਘੀ ਕੱਲ੍ਹ ਦੋ ਨੌਜਵਾਨ ਗੱਡੀ ਲੈ ਕੇ, ਉਸ ਦੇ ਢਾਬੇ ਤੇ ਖਾਣਾ ਖਾਣ ਲਈ ਆਏ। ਇਸੇ ਦੌਰਾਨ ਮੁਦਈ ਨੇ ਜਦੋਂ ਸਲਾਦ ਦੇ ਪੈਸੇ ਵੱਖਰੇ ਮੰਗੇ ਤਾਂ ਦੋਸ਼ੀਆਂ ਨੇ ਪੈਸੇ ਨਾ ਦੇਣ ਲਈ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਦੋਵੇਂ ਦੋਸ਼ੀ ਬਹਿਸਦੇ ਹੋਏ ਢਾਬੇ ਤੇ ਬਾਹਰ ਚਲੇ ਗਏ ਅਤੇ ਆਪਣੀ ਗੱਡੀ ਪਾਸ ਜਾ ਕੇ ਹਵਾਈ ਫਾਇਰ ਕਰਕੇ ਮੌਕਾ ਤੋਂ ਫਰਾਰ ਹੋ ਗਏ। ਦੋਸ਼ੀਆਂ ਦੀ ਪਛਾਣ ਜਸਪਿੰਦਰ ਸਿੰਘ ਵਾਸੀ ਅਨੰਦ ਨਗਰ-ਏ ਪਟਿਆਲਾ ਅਤੇ ਰਮਨਦੀਪ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਬਰਨਾਲਾ ਦਾ ਰਹਿਣ ਵਾਲਾ ਦੋਸ਼ੀ ਰਮਨਦੀਪ ਸਿੰਘ , ਬਰਨਾਲਾ ਦੇ ਇੱਕ ਮਸ਼ਹੂਰ ਜਵੈਲਰਜ਼ ਦਾ ਬੇਟਾ ਹੈ। ਉੱਧਰ ਐਸ ਪੀ ਸਿਟੀ ਪਟਿਆਲਾ ਪਲਵਿੰਦਰ ਸਿੰਘ ਚੀਮਾ ਨੇ
ਦੱਸਿਆ ਕਿ ਦੋਵਾਂ ਨਾਮਜ਼ਦ ਦੋਸ਼ੀਆਂ ਖਿਲਾਫ U/S 125 BNS. 30/54/69 Arms Act ਤਹਿਤ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ, ਅਜਿਹੀ ਗੁੰਡਾਗਰਦੀ ਕਰਨ ਵਾਲਿਆਂ ਦੀ ਥਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ।
