ਮੀਤ ਹੇਅਰ ਨੇ ਕਿਹਾ, ਸੂਬੇ ਕੋਲ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ, ਕੀਤਾ ਜਾਵੇਗਾ ਸੰਘਰਸ਼
ਰਘਵੀਰ ਹੈਪੀ, ਬਰਨਾਲਾ 1 ਮਈ 2025
ਹਰਿਆਣਾ ਨੂੰ ਭਾਖੜਾ ਨਹਿਰ ਵਿੱਚੋਂ ਵਾਧੂ ਪਾਣੀ ਨਾ ਦੇਣ ਦੇ ਮੁੱਦੇ ਤੇ ਸੰਗਰੂਰ ਲੋਕ ਸਭਾ ਹਲਕੇ ਤੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਵਧੀਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੂਬੇ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਅੱਜ ਇੱਥੇ ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਪ੍ਰੈੱਸ ਬਿਆਨ ਦਿੰਦੇ ਹੋਏ ਕਿਹਾ ਕਿ ਕਿਹਾ ਕਿ ਪਾਣੀਆਂ ਨੂੰ ਲੈ ਕੇ ਕੇਂਦਰ ਨੇ ਇਕ ਵਾਰ ਫਿਰ ਪੰਜਾਬ ਨਾਲ ਵੱਡਾ ਧੋਖਾ ਤੇ ਵਿਤਕਰਾ ਕੀਤਾ ਹੈ। ਪੰਜਾਬ ਜਿਸ ਦਾ ਨਾਂ ਪਾਣੀਆਂ ‘ਤੇ ਹੈ, ਓਸਨੂੰ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਤੇ ਹਰਿਆਣਾ ਵੰਡਿਆ ਗਿਆ, ਓਦੋਂ ਵੀ 31 ਐਮਐਫ ਪਾਣੀ ਸੀ ਜਿਹੜਾ ਵੰਡ ਕੇ ਹਰਿਆਣੇ ਨੂੰ ਦੇ ਦਿੱਤਾ ਗਿਆ। ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦਾ ਪਾਣੀ ਗੈਰ ਰਿਪੇਰੀਅਨ ਸਟੇਟ ਨੂੰ ਵੀ ਵੰਡ ਕੇ ਦੇ ਦਿੱਤਾ ਗਿਆ ਪਰ ਸਾਂਝੇ ਪੰਜਾਬ ਨੂੰ ਮਿਲਦਾ ਯਮੁਨਾ ਦਾ ਪਾਣੀ ਵੰਡਣ ਦਾ ਉਸ ਵੇਲੇ ਕੋਈ ਜ਼ਿਕਰ ਤੱਕ ਨਹੀਂ ਹੋਇਆ। ਉਨ੍ਹਾਂ ਇਹ ਮਸਲਾ ਸੰਸਦ ਵਿਚ ਵੀ ਉਠਾਇਆ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਪਾਣੀਆਂ ਦੇ ਮਾਮਲੇ ‘ਚ ਹਮੇਸ਼ਾ ਵਿਤਕਰਾ ਕੀਤਾ ਹੈ। ਪੰਜਾਬ ਦੇ ਕਰੀਬ 75 ਫੀਸਦੀ ਤੋਂ ਵੱਧ ਜ਼ੋਨ ਡਾਰਕ ਜ਼ੋਨ ‘ਚ ਆ ਚੁੱਕੇ ਹਨ। ਉਨ੍ਹਾਂ ਕਿ ਪੰਜਾਬ ਨੇ ਪਹਿਲਾਂ ਵੀ ਅਜਿਹੇ ਮੁੱਦਿਆਂ ਕਰਕੇ ਸੰਤਾਪ ਭੋਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਵਧੀਕੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਮਸਲੇ ‘ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।