BSF ਨਾਕਿਆਂ ਦੀ ਜਾਸੂਸੀ ਤੇ ਪਾਕਿਸਤਾਨੀ ਸਬੰਧ: ਪੁਲਿਸ ਨੇ ਬੇਪੜਦ ਕੀਤੀ ਸਰਹੱਦ ਪਾਰੋਂ ਚੱਲ ਰਹੀ ਮੌਤ ਦੀ ਸਾਜ਼ਿਸ਼!
ਰਘਬੀਰ ਹੈਪੀ, ਬਰਨਾਲਾ 15 ਜਨਵਰੀ 2026
ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦੀ ਸ਼ਹਿ ‘ਤੇ ਭਾਰਤ ਵਿੱਚ ਨਸ਼ਾ ਅਤੇ ਦਹਿਸ਼ਤ ਫੈਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਬਰਨਾਲਾ ਪੁਲਿਸ ਨੇ ਬੇਪੜਦ ਕਰ ਦਿੱਤਾ ਹੈ। ਮੀਡੀਆ ਨੂੰ ਇਹ ਜਾਣਕਾਰੀ ਕੁਲਦੀਪ ਸਿੰਘ ਚਾਹਲ (IPS), ਡੀ.ਆਈ.ਜੀ. ਪਟਿਆਲਾ ਰੇਂਜ ਅਤੇ ਮੁਹੰਮਦ ਸਰਫ਼ਰਾਜ਼ ਆਲਮ (IPS), ਐਸ.ਐਸ.ਪੀ. ਬਰਨਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਹਥਿਆਰ ਸਪਲਾਈ ਗਿਰੋਹ ਨੂੰ ਫੜ੍ਹਨ ਲਈ ਕੀਤੇ ਇਸ ਵੱਡੇ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸ੍ਰੀ ਅਸ਼ੋਕ ਕੁਮਾਰ (PPS), ਐਸ.ਪੀ. (ਡੀ), ਸ੍ਰੀ ਸਤਵੀਰ ਸਿੰਘ ਬੈਂਸ (PPS), ਡੀ.ਐਸ.ਪੀ. ਬਰਨਾਲਾ ਅਤੇ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ CIA ਸਟਾਫ਼ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। 
ਕਿਵੇਂ ਹੋਈ ਗ੍ਰਿਫ਼ਤਾਰੀ ਤੇ ਕੀ ਹੋਇਆ ਬਰਾਮਦ?
CIA ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਅਪਰਾਧੀਆਂ ਨੂੰ ਦਬੋਚਣ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੇ ਤਿੰਨ ਖ਼ਤਰਨਾਕ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 2.007 ਕਿਲੋਗ੍ਰਾਮ ਹੈਰੋਇਨ ਅਤੇ ਆਸਟ੍ਰੀਆ ਦੀ ਬਣੀ ਇੱਕ ਵਿਦੇਸ਼ੀ ਗਲੌਕ 9mm ਪਿਸਤੌਲ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਗਗਨਦੀਪ ਸਿੰਘ ਉਰਫ਼ ਗਗਨ (ਹਮੀਦੀ): ਗੈਂਗ ਦਾ ਮੁੱਖ ਸਰਗਨਾ, ਜਿਸ ਨੇ ਜੇਲ੍ਹ ਵਿੱਚ ਰਹਿ ਕੇ ਇਸ ਨੈੱਟਵਰਕ ਦੀ ਨੀਂਹ ਰੱਖੀ।
* ਰਾਜਕਰਨ ਸਿੰਘ ਉਰਫ਼ ਘੋਗਾ (ਫਾਜ਼ਿਲਕਾ): ਪਾਕਿਸਤਾਨੀ ਏਜੰਟਾਂ ਦੇ ਬੈਂਕ ਖਾਤਿਆਂ ਦਾ ਲੈਣ-ਦੇਣ ਸੰਭਾਲਦਾ ਸੀ।
* ਸਾਰਜ ਸਿੰਘ (ਫ਼ਿਰੋਜ਼ਪੁਰ): ਇਸ ਨੇ ਪਾਕਿਸਤਾਨੀ ਹੈਂਡਲਰਾਂ ਨੂੰ BSF ਨਾਕਿਆਂ ਦੀਆਂ ਗੁਪਤ ਫੋਟੋਆਂ ਭੇਜੀਆਂ ਸਨ।
ਜੇਲ੍ਹ ‘ਚ ਬਣੀ ‘ਡਰੋਨ ਵਾਲੀ ਗੈਂਗ’
ਪੁਲਿਸ ਨੂੰ ਪੁੱਛਗਿੱਛ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਹੋਇਆ ਕਿ ਗਗਨਦੀਪ ਸਿੰਘ ਨੇ ਫਰੀਦਕੋਟ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਜੱਜੀ ਨਾਮ ਦੇ ਵਿਅਕਤੀ ਰਾਹੀਂ ਪਾਕਿਸਤਾਨੀ ਏਜੰਟ ‘ਹਾਜੀ’ ਨਾਲ ਸੰਪਰਕ ਬਣਾਇਆ ਸੀ।
ਇਹ ਗਿਰੋਹ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਮੰਗਵਾਉਂਦਾ ਸੀ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਨਸ਼ੇ ਦੀ ਕਮਾਈ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ, ਜਾਸੂਸੀ ਅਤੇ ਅੱਤਵਾਦ ਨੂੰ ਫੰਡ ਕਰਨ ਲਈ ਕੀਤੀ ਜਾਣੀ ਸੀ।
ਦੇਸ਼ ਧ੍ਰੋਹ ਦਾ ਮਾਮਲਾ ਦਰਜ
ਮੁਲਜ਼ਮਾਂ ਵੱਲੋਂ ਸਰਹੱਦੀ ਨਾਕਿਆਂ ਦੀਆਂ ਤਸਵੀਰਾਂ ਭੇਜਣ ਅਤੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਕਾਰਨ ਪੁਲਿਸ ਨੇ ‘ਆਫੀਸ਼ੀਅਲ ਸੀਕਰੇਟ ਐਕਟ’ ਅਤੇ ਦੇਸ਼ ਵਿਰੋਧੀ ਸਾਜ਼ਿਸ਼ ਤਹਿਤ ਸੰਗੀਨ ਧਾਰਾਵਾਂ (152 BNS) ਦਾ ਵਾਧਾ ਕੀਤਾ ਹੈ। ਪੁਲਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।







