ਹਰਿੰਦਰ ਨਿੱਕਾ, ਪਟਿਆਲਾ 22 ਦਸੰਬਰ 2025
ਜ਼ਿਲ੍ਹੇ ਦੇ ਥਾਣਾ ਸਦਰ ਰਾਜਪੁਰਾ ਦੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਣ ਵਾਲੀ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕੁਝ ਗੁੰਡਿਆਂ ਵੱਲੋਂ ਇੱਕ ਕਾਰ ਸਵਾਰ ਵਿਅਕਤੀ ਅਤੇ ਉਸ ਦੀ ਪਤਨੀ ਨੂੰ ਸੜਕ ਵਿਚਾਲੇ ਘੇਰ ਕੇ ਨਾ ਸਿਰਫ਼ ਕੁੱਟਮਾਰ ਕੀਤੀ ਗਈ, ਸਗੋਂ ਔਰਤ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਵੀ ਕੀਤੀ ਗਈ।

ਕੀ ਹੈ ਪੂਰਾ ਮਾਮਲਾ?
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ (ਵਾਸੀ ਪਿੰਡ ਨੈਣਾ ) ਰਾਜਪੁਰਾ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਨੇ ਨੌਂ ਗ਼ਜ਼ਾ ਪੀਰ ਰਾਜਪੁਰਾ ਕੋਲੋਂ ਲੰਘ ਰਹੇ ਕਾਰ ਸਵਾਰ ਪਤੀ ਪਤਨੀ ਨੂੰ ਘੇਰ ਲਿਆ ।
ਦਹਿਸ਼ਤ ਦਾ ਮਾਹੌਲ
ਪੀੜਤਾ ਅਨੁਸਾਰ ਦੋਸ਼ੀਆਂ ਨੇ ਗੱਡੀ ਰੁਕਵਾਉਂਦੇ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਦੋਸ਼ੀਆਂ ਨੇ ਉਸ ਦੇ ਪਤੀ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਦੋਸ਼ੀ ਸੁਖਵਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਪੀੜਤਾ ਨੂੰ ਵੀ ਨਹੀਂ ਬਖ਼ਸ਼ਿਆ। ਪੀੜਤਾ ਅਨੁਸਾਰ, ਦੋਸ਼ੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ।
ਪੁਲਿਸ ਕਾਰਵਾਈ
ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਸਦਰ ਰਾਜਪੁਰਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਤੁਰੰਤ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਨੈਣਾ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।







