ਹਰਿੰਦਰ ਨਿੱਕਾ, ਪਟਿਆਲਾ 20 ਦਸੰਬਰ 2025
ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਲੋਕਾਂ ਨੂੰ ਗੈਂਗਸਟਰ ਕਲਚਰ ਅਤੇ ਫਿਰੌਤੀ ਦੇ ਕਾਲੇ ਕਾਰੋਬਾਰ ਤੇ ਦਹਿਸ਼ਤ ਦਾ ਅਜਿਹਾ ਨੰਗਾ ਨਾਚ ਵੇਖਣ ਨੂੰ ਮਿਲਿਆ ਕਿ ਇਲਾਕ਼ਾ ਵਾਸੀਆਂ ਦੇ ਦਿਲਾਂ ਵਿੱਚ ਵਾਸ ਕਰ ਚੁੱਕੀ ਸ਼ਾਂਤੀ ਗੋਲੀਆਂ ਦੀ ਗੂੰਜ ਵਿੱਚ ਗੁਆਚ ਗਈ ਹੈ। ਬੀਤੀ ਰਾਤ ਪਾਤੜਾਂ ਦੇ ਨਵਾਬ ਸਿੰਘ ਨਾਮੀ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਫਾਇਰਿੰਗ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। 
ਵਿਦੇਸ਼ੀ ਨੰਬਰ ਤੋਂ ਆਇਆ ਮੌਤ ਦਾ ਸੁਨੇਹਾ
ਪ੍ਰਾਪਤ ਜਾਣਕਾਰੀ ਅਨੁਸਾਰ, 7 ਦਸੰਬਰ ਦੀ ਅੱਧੀ ਰਾਤ ਕਰੀਬ ਪੌਣੇ ਇੱਕ ਵਜੇ ਸ਼ਿਕਾਇਤਕਰਤਾ ਨਵਾਬ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰਦਾਸਪੁਰਾ ਗੁਰੂਆਂ ਥਾਣਾ ਖੇਤਰ ਪਾਤੜਾਂ ਨੂੰ ਇੱਕ ਵਿਦੇਸ਼ੀ ਵਟਸਐਪ ਨੰਬਰ +1(408)3129092 ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ‘ਲੱਕੀ ਪਟਿਆਲਾ’ ਦੱਸਦਿਆਂ ਪਰਿਵਾਰ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਧਮਕੀ ਦਿੱਤੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਪੀੜਤ ਦਾ ਲੜਕਾ, ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ, ਉਸ ਵੱਲ,ਉਸ ਦੇ 2 ਕਰੋੜ ਰੁਪਏ ਬਕਾਇਆ ਹਨ। ਜਦੋਂ ਪੀੜਤ ਨੇ ਪੈਸੇ ਦੇਣ ਤੋਂ ਅਸਮਰੱਥਾ ਜਤਾਈ ਤਾਂ ਫੋਨ ‘ਤੇ ਸਿੱਧਾ ਫਰਮਾਨ ਸੁਣਾਇਆ ਗਿਆ— “ਜਾਂ ਤਾਂ 2 ਕਰੋੜ ਤਿਆਰ ਰੱਖੋ, ਨਹੀਂ ਤਾਂ ਪਿਓ-ਪੁੱਤ ਦੀਆਂ ਲਾਸ਼ਾਂ ਤਿਆਰ ਸਮਝੋ।” ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਉਪਰੰਤ 19 ਦਸੰਬਰ ਨੂੰ ਨਾਮਜ਼ਦ ਦੋਸ਼ੀ ਖਿਲਾਫ ਕੇਸ ਤਾਂ ਦਰਜ ਕਰ ਲਿਆ,ਪਰ ਉਸ ਨੂੰ ਗਿਰਫ਼ਤਾਰ ਕਰਨਾ ਹਾਲੇ ਬਾਕੀ ਹੈ।
ਗੋਲੀਆਂ ਦੀ ਗੂੰਜ ਤੇ ਖੌਫਨਾਕ ਮੰਜ਼ਰ
ਧਮਕੀ ਭਰੀ ਕਾਲ ਤੋਂ ਕੁਝ ਹੀ ਦੇਰ ਬਾਅਦ, ਦਹਿਸ਼ਤਗਰਦਾਂ ਨੇ ਆਪਣੀ ਮੌਜੂਦਗੀ ਦਾ ਸਬੂਤ ਪੀੜਤ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਦਿੱਤਾ। ਜਦੋਂ ਪਰਿਵਾਰਕ ਮੈਂਬਰ ਡਰਦੇ-ਸਹਿਮੇ ਘਰੋਂ ਬਾਹਰ ਨਿਕਲੇ ਤਾਂ ਬਾਹਰ ਦਾ ਨਜ਼ਾਰਾ ਕਿਸੇ ਦਹਿਸ਼ਤਗਰਦ ਫਿਲਮ ਵਰਗਾ ਸੀ। ਘਰ ਦੇ ਮੁੱਖ ਗੇਟ ਅਤੇ ਕੰਧਾਂ ‘ਤੇ ਗੋਲੀਆਂ ਦੇ ਡੂੰਘੇ ਨਿਸ਼ਾਨ ਸਨ। ਮੌਕੇ ਤੋਂ ਪੁਲਿਸ ਨੇ 07 ਚੱਲੇ ਹੋਏ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਮਲਾਵਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ।
ਪੁਲਿਸ ਕਾਰਵਾਈ ਤੇ ਅਣਸੁਲਝੇ ਸਵਾਲ
ਪਾਤੜਾਂ ਪੁਲਿਸ ਨੇ ਇਸ ਮਾਮਲੇ ਵਿੱਚ FIR ਨੰਬਰ 322 ਦਰਜ ਕਰਕੇ ਲੱਕੀ ਪਟਿਆਲਾ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ BNS ਦੀਆਂ ਵੱਖ-ਵੱਖ ਸੰਗੀਨ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ, ਸ਼ਹਿਰ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਹੁਣ ਸ਼ਹਿਰੀ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ?







