ਇੱਕ ਪੱਖ ਇਹ ਵੀ ਆ ਰਿਹੈ ਸਾਹਮਣੇ,,,
ਹਰਿੰਦਰ ਨਿੱਕਾ, ਬਰਨਾਲਾ 28 ਮਈ 2025
ਲੰਘੇ ਦਿਨੀਂ ਸ਼ਹਿਰ ਦੇ ਇੱਕ ਮਸ਼ਹੂਰ ਹੋਟਲ ਵਿੱਚ ਮੋਟੀ ਰਕਮ ਦੇ ਕੇ ਬੁਲਾਈ ਮਾੱਡਲ ਨਾਲ ਮੌਜ ਮਸਤੀ ਕਰਨ ਪਹੁੰਚੇ ਆਯਾਸ਼ ਟੋਲੇ ਵਿੱਚੋਂ ਇੱਕ ਜਣੇ ਦੀ ਕਥਿਤ ਤੌਰ ਤੇ ਵਿਆਗਰਾ ਦੀ ਓਵਰਡੋਜ਼ ਕਾਰਣ ਵਿਗੜੀ ਤਬੀਅਤ ਤੋਂ ਬਾਅਦ ਹੋਟਲ ਚੋਂ ਨਿਕਲੀਆਂ ਆਯਾਸ਼ੀ ਦੀਆਂ ਕਿਰਨਾਂ, ਆਯਾਸਾਂ ਦੇ ਘਰਾਂ ਤੱਕ ਵੀ ਪੁੱਜ ਗਈਆਂ ਹਨ । ਉੱਧਰ ਬਰਨਾਲਾ ਟੂਡੇ ਵੱਲੋਂ 24 ਮਈ ਨੂੰ ਬੇਪਰਦ ਕੀਤੇ ਇਸ ਘਟਨਾਕ੍ਰਮ ਉਪਰੰਤ ਹਰਕਤ ਵਿੱਚ ਆਈ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਵਿਵਾਦਾਂ ਵਿੱਚ ਘਿਰੇ ਹੋਟਲ ਵਿੱਚ ਪਹੁੰਚ ਕੇ, ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਅਤੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਆਪਣੇ ਹੱਥ ਹੇਠ ਕਰ ਲਈ ਹੈ। ਪੁਲਿਸ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੂਰੀ ਤਰਾਂ ਮੁਕੰਮਲ ਨਹੀਂ, ਕਿਉਂਕਿ ਫੁਟੇਜ ਅਨੁਸਾਰ ਕੈਮਰੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਬੰਦ ਹੁੰਦੇ ਰਹੇ ਹਨ। ਕੈਮਰਿਆਂ ਦਾ ਵਾਰ-ਵਾਰ ਬੰਦ ਹੋਣਾਂ, ਵੀ ਕਈ ਤਰਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਕੈਮਰਿਆਂ ਦੇ ਵਾਰੀ ਵਾਰੀ ਬੰਦ ਹੋਣ ਦਾ ਕਾਰਣ, ਹੋਟਲ ਮਾਲਿਕ ਵੱਲੋਂ ਵਾਰ-ਵਾਰ ਹੋਟਲ ਦੀ ਬਿਜਲੀ ਬੰਦ ਹੋਣ ਨੂੰ ਦੱਸਿਆ ਜਾ ਰਿਹਾ ਹੈ, ਜਦੋਂਕਿ ਹੋਟਲ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਤੋਂ ਇਸ ਖੇਤਰ ਵਿੱਚ ਵਾਰ-ਵਾਰ ਬਿਜਲੀ ਬੰਦ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ।


ਇੱਕ ਹੋਰ,ਇਹ ਪੱਖ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਨਿੱਜੀ ਹਸਪਤਾਲ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਵਿਅਕਤੀ, ਖੁਦ ਵੀ ਮੈਡੀਸਿਨ ਦੇ ਪ੍ਰਭਾਵਾਂ ਤੋਂ ਵਾਕਿਫ਼ ਸੀ, ਇਸ ਲਈ ਉਹ ਖੁਦ ਵਿਆਗਰਾ ਵਰਗੀ ਗੋਲੀ ਦੀ ਉਵਰਡੋਜ਼ ਨਹੀਂ ਲੈ ਸਕਦਾ, ਅਜਿਹੀ ਦਲੀਲ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਕਿਸੇ, ਉਸ ਦੀ ਜੁੰਡਲੀ ਦੇ ਵਿਅਕਤੀ ਵੱਲੋਂ ਹੀ, ਸੈਕਸ ਉਤੇਜਨਾ ਵਧਾਉਣ ਦੇ ਨਾਮ ਤੇ ਕੋਈ ਗਲਤ ਗੋਲੀ ਵੀ ਦਿੱਤੀ ਹੋ ਸਕਦੀ ਹੈ। ਜਿਸ ਦੀ ਅਨਲਿਮਟਿਡ ਡੋਜ਼ ਤੋਂ ਉਹ ਅਣਜਾਣ ਸੀ। ਹੁਣ ਉਸ ਦੀ ਸਿਹਤ ਵਿੱਚ ਕੁੱਝ ਸੁਧਾਰ ਵੀ ਹੋ ਰਿਹਾ ਹੈ।
ਹੋਟਲ ‘ਚ ਵਾਪਰੀ ਘਟਨਾ ਦੀ ਹੋਗੀ ਪੁਸ਼ਟੀ
ਬਰਨਾਲਾ ਟੂਡੇ ਕੋਲ ਉਪਲਬਧ ਤੱਥਾਂ ਅਨੁਸਾਰ ਹੋਟਲ ਵਿਚ ਕਮਰਾ ਬੁੱਕ ਕਰਵਾਉਣ ਦੀ ਪੁਸ਼ਟੀ ਹੋ ਗਈ ਹੈ। ਅਪੁਸ਼ਟ ਜਾਣਕਾਰੀ ਇਹ ਵੀ ਹੈ ਕਿ ਆਯਾਸ਼ੀ ਲਈ, ਇੱਕ ਡਾਂਸ ਰੂਮ ਅਤੇ ਦੂਜਾ ਵੱਖਰਾ ਰੂਮ, ਮਾੱਡਲ ਨਾਲ ਮੌਜ ਮਸਤੀ ਕਰਨ ਲਈ ਲਿਆ ਗਿਆ ਸੀ। ਤਬੀਅਤ ਵਿਗੜਨ ਦੀ ਘਟਨਾ ਦੂਜੇ ਰੂਮ ਵਿੱਚ ਹੀ ਵਾਪਰੀ ਸੀ। ਵੇਰਵਿਆਂ ਅਨੁਸਾਰ ਹਾਲੇ ਤੱਕ ਵੀ, ਇੱਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਵਿਅਕਤੀ ਵੱਲੋਂ ਆਪਣਾ ਪਛਾਣ ਪੱਤਰ ਦੇ ਕੇ ਕਮਰਾ ਬੁੱਕ ਕਰਵਾਇਆ ਗਿਆ ਸੀ। ਬੁਕਿੰਗ ਲਈ,ਉਸ ਨੇ ਹੋਟਲ ਵਿੱਚ ਕੋਈ ਮੀਟਿੰਗ ਕਰਨ ਬਾਰੇ ਦੱਸਿਆ ਸੀ। ਪਰੰਤੂ ਹੈਰਾਨੀਜਨਕ ਗੱਲ ਇਹ ਵੀ ਰਹੀ ਕਿ ਹੋਟਲ ਦੇ ਰਿਕਾਰਡ ਮੁਤਾਬਿਕ,ਉਸ ਵੱਲੋਂ ਜ਼ਾਹਿਰ ਕਰਦਾ ਮੀਟਿੰਗ ‘ਚ ਕੋਈ ਹੋਰ ਵਿਅਕਤੀ ਸ਼ਾਮਿਲ ਹੀ ਨਹੀਂ ਹੋਇਆ। 

ਆਯਾਸਾਂ ਦੇ ਘਰਾਂ ਤੱਕ ਘੁਸਰ ਮੁਸਰ ਸ਼ੁਰੂ …
ਆਯਾਸਾਂ ਦੇ ਘੇਰਿਆਂ ਵਿੱਚੋਂ ਨਿਕਲ ਕੇ ਆਈ ਜਾਣਕਾਰੀ ਅਨੁਸਾਰ, ਜਿੰਨਾਂ ਆਯਾਸਾਂ ਦੇ ਨਾਂ ਆਯਾਸ਼ੀ ਵਿੱਚ ਹਰ ਸ਼ਹਿਰੀ ਦੀ ਜ਼ੁਬਾਨ ਤੇ ਹਨ, ਇਹ ਘਟਨਾਕ੍ਰਮ ਦੀ ਗੂੰਜ ਹੁਣ, ਉਨ੍ਹਾਂ ਦੇ ਘਰਾਂ ਤੱਕ ਵੀ ਅੱਪੜ ਗਈ ਹੈ। ਕੁੱਝ ਆਯਾਸਾਂ ਦੇ ਪਰਿਵਾਰਿਕ ਮੈਂਬਰ, ਉਨ੍ਹਾਂ ਦੇ ਹੋਰ, ਉਹ ਦੋਸਤਾਂ ਕੋਲ ਵੀ ਪੁੱਛਗਿੱਛ ਕਰਨ ਪਹੁੰਚੇ ਹਨ, ਜਿਹੜੇ,ਉਸ ਦਿਨ ਹੋਟਲ ਵਾਲੀ ਘਟਨਾ ਵਿਚ ਸ਼ਾਮਿਲ ਨਹੀਂ ਸਨ। ਪਤਾ ਇਹ ਵੀ ਲੱਗਿਆ ਹੈ ਕਿ ਜਿੰਨ੍ਹਾਂ ਦੇ ਨਾਂਵਾਂ ਦੀ ਚਰਚਾ ਚੱਲ ਰਹੀ ਹੈ, ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਯਾਸ਼ੀ ਦੇ ਸਰਗਨਾ ਦੇ ਘਰ ਉਲਾਂਭਾ ਦੇਣ ਲਈ ਧਾਵਾ ਬੋਲਣ ਦਾ ਪ੍ਰੋਗਰਾਮ ਵੀ ਬਣਾਇਆ ਸੀ, ਪਰ ਵਿੱਚੋਂ ਇੱਕ ਦੋ ਜਣਿਆਂ ਦੀ ਢੁੱਚਰ ਮਾਰ ਦੇਣ ਕਾਰਨ, ਇਹ ਗੱਲ ਸਿਰੇ ਨਹੀਂ ਲੱਗੀ । ਸ਼ਹਿਰੀਆਂ ‘ਚ ਚਰਚਾ ਇਹ ਵੀ ਹੈ ਕਿ 9 ਡਾਇਮੰਡ, ਉਹੀ ਵਿਅਕਤੀ ਹਨ, ਜਿਹੜੇ ਕਰੀਬ 10 ਕੁ ਵਰ੍ਹਿਆਂ ਦੇ ਅੰਦਰ ਅੰਦਰ ਹੀ ਤਾਜ਼ੇ ਤਾਜ਼ੇ ਸ਼ਾਹੂਕਾਰ ਬਣੇ ਹਨ।
ਆਯਾਸ਼ੀ ਦੀ ਲੱਥੀ ਲੋਰ, ਹੁਣ ਸਫ਼ਾਈਆਂ ਤੇ ਜ਼ੋਰ
ਆਯਾਸ਼ੀ ਦੀ ਲੋਰ ਵਿੱਚ ਖੁਦ ਨੂੰ ਸ਼ਹਿਰ ਦੇ ” 9 ਡਾਇਮੰਡ “ ਕਹਿ ਕੇ ਪ੍ਰਚਾਰਦੇ ਰਹੇ ਆਯਾਸ਼ ਹੁਣ ਆਪੋ-ਆਪਣੀਆਂ ਸਫ਼ਾਈਆਂ ਦੇਣ ਤੇ ਲੱਗੇ ਹੋਏ ਹਨ। ਕੋਈ ਕਹਿੰਦਾ ਹੈ, ਉਹ ਘਟਨਾ ਦੇ ਸਮੇਂ ਫਲਾਣੀ ਥਾਂ ਤੇ ਸੀ ਜਾਂ ਉਹ ਫਲਾਣੇ ਵਿਅਕਤੀ ਕੋਲ ਪਹੁੰਚਿਆ ਹੋਇਆ ਸੀ। ਬੇਸ਼ੱਕ ਅਜਿਹੀਆਂ ਦਲੀਲਾਂ ਨਾਲ,ਉਹ ਖੁਦ ਨੂੰ ਤਸੱਲੀ ਤਾਂ ਦੇ ਰਹੇ ਹਨ,ਪਰੰਤੂ ਉਨ੍ਹਾਂ ਦੇ ਪੁਰਾਣੇ ਕਿਰਦਾਰ ਤੋਂ ਵਾਕਿਫ਼ ਲੋਕ,ਯੇਹ ਪਬਲਿਕ ਹੈ,ਸਭ ਜਾਨਤੀ ਹੈ ਕਹਿ ਕਹਿ ਕੇ, ਉਨ੍ਹਾਂ ਨੂੰ ਮੂੰਹੋ-ਮੂੰਹ ਚਿੜਾ ਰਹੇ ਹਨ। ਉੱਧਰ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ਤੇ ਉਕਤ ਬਹੁਚਰਚਿਤ ਆਯਾਸ਼ੀ ਕਾਂਡ ਬਾਰੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਤਾਂ ਮਾਮਲੇ ਦੀ ਹਰ ਪੱਖੋਂ ਜਾਂਚ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਜ਼ਰੂਰ ਲਿਆਂਦੀ ਜਾਵੇਗੀ। ਪੁਲਿਸ ਸੂਤਰਾਂ ਅਨੁਸਾਰ, ਪੁਲਿਸ ਸਿਰਫ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਹੋਟਲ ਵਿਚ ਘਟਨਾ ਸਮੇਂ ਹੋਰ ਵਿਅਕਤੀਆਂ ਦੀ ਉੱਥੇ ਮੌਜੂਦਗੀ ਬਾਰੇ ਸਬੂਤ ਜੁਟਾਉਣ ਲਈ ਮੋਬਾਇਲ ਟਾਵਰ ਦੇ ਡੰਪ ਨੂੰ ਵੀ ਜਾਂਚ ਦਾ ਆਧਾਰ ਬਣਾਇਆ ਜਾਵੇਗਾ। ਵਰਨਣਯੋਗ ਹੈ ਕਿ ਆਯਾਸ਼ ਜੁੰਡਲੀ ਵਿੱਚ ਦੋ ਜਵੈਲਰਜ਼, ਇੱਕ ਸ਼ਰਾਬ ਕਾਰੋਬਾਰੀ, ਇੱਕ ਪੋਲਟਰੀ ਕਾਰੋਬਾਰੀ, ਇੱਕ ਮੈਡੀਸਨ ਦੇ ਧੰਦੇ ਅਤੇ ਪ੍ਰੋਪਰਟੀ ਦੇ ਧੰਦੇ ਨਾਲ ਜੁੜੇ ਵਿਅਕਤੀ ਤੋਂ ਇਲਾਵਾ ਬਠਿੰਡਾ ਦਾ ਇੱਕ ਨਾਮੀ ਜਵੈਲਰ ਜੋ ਬਰਨਾਲਾ ਖੇਤਰ ਵਿੱਚ ਪ੍ਰੋਪਰਟੀ ਦਾ ਕੰਮ ਵੀ, ਇੱਥੋਂ ਦੇ ਇੱਕ ਜਵੈਲਰ ਨਾਲ ਮਿਲ ਕੇ ਕਰਦਾ ਹੈ ਅਤੇ ਰਾਮਪੁਰਾ ਦੇ ਵੀ ਕੁੱਝ ਵਿਅਕਤੀ ਸ਼ਾਮਿਲ ਹਨ।