ਪੁਲਿਸ ਵੀ ਹੋਗੀ ਸਰਗਰਮ, ਅਯਾਸ਼ੀ ਦੇ ਅੱਡੇ ਤੇ ਪਹੁੰਚੇ ਵਿਅਕਤੀਆਂ ਦੀ ਛਾਣਬੀਣ ਸ਼ੁਰੂ
ਹਰਿੰਦਰ ਨਿੱਕਾ, ਬਰਨਾਲਾ 24 ਮਈ 2025
ਸ਼ਹਿਰ ਦੇ ਵੱਡਿਆਂ ਘਰਾਂ ਦੇ ਕਾਕਿਆਂ ਲਈ ਅਯਾਸ਼ੀ ਦਾ ਅੱਡਾ ਬਣੇ ਇੱਕ ਹੋਟਲ ਵਿੱਚ ਇੱਕ ਰੰਗੀਨ ਸ਼ਾਮ ਨੂੰ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇੱਕ ਅਯਾਸ਼ ਗਰੁੱਪ ‘ਚ ਸ਼ੁਮਾਰ ਵਿਅਕਤੀ ਨੂੰ ਵਿਆਗਰਾਂ ਦੀ Overdose ਕਾਰਣ ਵਿਗੜੀ ਤਬੀਅਤ ਕਾਰਣ ਸਿੱਧਾ ਇੱਕ ਨਿੱਜੀ ਹਸਪਤਾਲ ਵਿੱਚ ਲੈ ਜਾਣਾ ਪੈ ਗਿਆ। ਹਾਲਤ ਅਜਿਹੇ ਬਣੇ ਕਿ ਹੋਟਲ ਵਿੱਚ ਚੋਖੀ ਰਕਮ ਦੇ ਕੇ ਬੁਲਾਈ ਇੱਕ ਮਾਡਲ ਲੜਕੀ ਸਣੇ, ਹੋਟਲ ਦੇ ਸਟਾਫ ਅਤੇ ਹੋਰ ਅਯਾਸ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਘਟਨਾ ਦੀ ਚਰਚਾ, ਸ਼ਹਿਰ ਦੇ ਵੱਡੇ ਸ਼ਾਹੂਕਾਰਾਂ ਵਿੱਚ ਮੂੰਹੋ-ਮੂੰਹ ਜ਼ਾਰੀ ਹੈ, ਪਰੰਤੂ ਪੁਲਿਸ ਪ੍ਰਸ਼ਾਸ਼ਨ ਹਾਲੇ ਘੂਕ ਸੁੱਤਾ ਪਿਆ ਹੈ,ਜਦੋਂਕਿ ਨਿੱਜੀ ਹਸਪਤਾਲ ਵਿੱਚ ਦਾਖਿਲ ਵਿਅਕਤੀ, ਜਿੰਦਗੀ ਲਈ, ਮੌਤ ਨਾਲ ਜੰਗ ਲੜ ਰਿਹਾ ਹੈ। 

ਪਤਾ ਲੱਗਿਆ ਹੈ ਕਿ ਉਕਤ ਹੋਟਲ ‘ਚ ਵੱਡਿਆਂ ਘਰਾਂ ਦੇ ਕਾਕੇ, ਦਿੱਲੀ, ਚੰਡੀਗੜ੍ਹ, ਪਟਿਆਲਾ, ਜ਼ੀਰਕਪੁਰ, ਲੁਧਿਆਣਾ, ਬਠਿੰਡਾ ਆਦਿ ਵੱਡੇ ਸ਼ਹਿਰਾਂ ਤੋਂ ਮੋਟੀਆਂ ਰਕਮਾਂ ਦੇ ਕੇ, ਕੁੜੀਆਂ ਨੂੰ ਬੁਲਾ ਕੇ ਰਾਤਾਂ ਨੂੰ ਰੰਗੀਨ ਬਣਾਉਂਦੇ ਹਨ, ਉੱਥੇ ਹੀ ਸ਼ਹਿਰ ਦੇ ਨਾਮੀ ਪਰਿਵਾਰਾਂ ਦੇ ‘ ਅਯਾਸ਼ ਕਾਕੇ’ ਨੰਗੇਜ ਪਾਰਟੀ ਦੇ ਨਾਂ ਹੇਠ ਇੱਥੇ ਪਹੁੰਚ ਕੇ ਆਯਾਸ਼ੀ ਕਰਦੇ ਹਨ। ਲੰਘੇ ਦੋ ਦਿਨ ਪਹਿਲਾਂ ਇੱਕ ਸਾਮ ਨੂੰ ਸ਼ਹਿਰ ਦੇ ਚਾਰ ਪੰਜ ਵੱਡੇ ਕਾਰੋਬਾਰੀ ਪਰਿਵਾਰਾਂ ਦੇ ‘ਅਯਾਸ਼ ਵਿਅਕਤੀ’ ਇਸ ਹੋਟਲ ਵਿੱਚ ਇੱਕ ਲੜਕੀ ਨਾਲ ਸ਼ਬਾਬ-ਕਬਾਬ ਦੀ ਲੋਰ ਚ ਆਯਾਸ਼ੀ ਕਰ ਸਨ। ਆਯਾਸ਼ੀ ‘ਚ ਮਦਹੋਸ਼ ਵਿਅਕਤੀਆਂ ਦੇ ਰੰਗ ਵਿੱਚ ਭੰਗ ਉਸ ਸਮੇਂ ਪੈ ਗਈ ਜਦੋਂ ਇਨਾਂ ਚੋਂ ਇੱਕ ਵਿਅਕਤੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਹ ਦੇਖ ਕੇ ਉਸਦੇ ਦੂਜੇ ਸਾਥੀਆਂ, ‘ਨੰਗੇਜ਼ ਡਾਂਸ’ ਕਰ ਰਹੀ ਕੁੜੀ ਅਤੇ ਹੋਟਲ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਦੇ ਕੁੱਝ ਨਾਮੀ ਪਰਿਵਾਰਾਂ ਦੇ ਅਯਾਸ਼ਾਂ ਵਲੋਂ ਅਯਾਸ਼ੀ ਅਤੇ ਬਦਮਾਸ਼ੀ ਦਾ ਪ੍ਰਤੀਕ ਨਾਮ ਵਾਲਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਵਿੱਚ ਸ਼ਾਮਿਲ ਵਿਅਕਤੀਆਂ ਵਲੋਂ ਅਸ਼ਲੀਲ ਸਮੱਗਰੀ ਤੋਂ ਇਲਾਵਾ, ਹਰ ਦਿਨ ਉਪਲੱਭਧ ਰਹਿਣ ਵਾਲੀਆਂ ਹਸੀਨ ਕੁੜੀਆਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਪਤਾ ਇਹ ਵੀ ਲੱਗਿਆ ਹੈ ਕਿ ਅਯਾਸ਼ਾਂ ਦੇ ਇਸ ਟੋਲੇ ਵਿੱਚ ਦੋ ਜਵੈਲਰਜ਼, ਇੱਕ ਸ਼ਰਾਬ ਕਾਰੋਬਾਰੀ, ਇੱਕ ਪੋਲਟਰੀ ਕਾਰੋਬਾਰੀ, ਇੱਕ ਮੈਡੀਸਨ ਦੇ ਧੰਦੇ ਨਾਲ ਜੁੜਿਆ ਵਿਅਕਤੀ ਅਤੇ ਪ੍ਰੋਪਰਟੀ ਡੀਲਰ ਵੀ ਸ਼ਾਮਿਲ ਹੈ। ਅਯਾਸ਼ੀ ਦਾ ਅੱਡਾ ਬਣੇ ਉਕਤ ਹੋਟਲ ‘ਚ ਸ਼ਰੇਆਮ ਹੁੰਦੀ ਅਯਾਸ਼ੀ ਅਤੇ ਚਕਲੇ ਸਬੰਧੀ ਪ੍ਰਸ਼ਾਸਨ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ। ਉੱਧਰ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਨਿੱਜੀ ਹਸਪਤਾਲ ਵਿੱਚ ਭਰਤੀ ਵਿਅਕਤੀ ਦੀ ਨਾਜ਼ੁਕ ਹਾਲਤ ਦੀ ਭਿਣਕ ਲੱਗਦਿਆਂ ਹੀ ਪੁਲਿਸ ਵੀ ਸਰਗਰਮ ਹੋ ਗਈ ਹੈ। ਪੁਲਿਸ ਨੇ ਹੋਟਲ ਵਾਲਿਆਂ ਵੱਲ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਇਕੱਠੀ ਕਰਣੀ ਸ਼ੁਰੂ ਕਰ ਦਿੱਤੀ ਹੈ।







