ਮੰਦਿਰ ਤੋੜਨ ਲਈ ਕੱਢੇ ਨੋਟਿਸ, ਲੋਕਾਂ ਅੰਦਰ ਫੈਲਿਆ ਰੋਹ….!

Advertisement
Spread information

ਹਰਿੰਦਰ ਨਿੱਕਾ, ਬਠਿੰਡਾ 23 ਮਈ 2025

       ਸ਼ਹਿਰ ਦੇ ਪੁਰਾਤਨ ਮੰਦਿਰਾਂ ਨੂੰ ਤੋੜਨ ਲਈ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਸ਼ਹਿਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਗਰ ਨਿਗਮ ਦੀ ਅਜਿਹੀ ਕੋਸ਼ਿਸ਼ ਦਾ ਤਿੱਖਾ ਵਿਰੋਧ ਕਰਦਿਆਂ ਭਾਜਪਾ ਆਗੂ ਸੰਦੀਪ ਅਗਰਵਾਲ ਨੇ ਨਿਗਮ ਕਮਿਸ਼ਨਰ ਨੂੰ ਈਮੇਲ ਰਾਹੀਂ ਪੱਤਰ ਲਿਖਿਆ ਹੈ। ਸੰਦੀਪ ਅਗਰਵਾਲ ਨੇ ਮੰਗ ਕੀਤੀ ਹੈ ਕਿ ਮੰਦਿਰ ਤੋੜਨ ਲਈ ਨੋਟਿਸ ਜਾਰੀ ਕਰਨ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ।

      ਸੰਦੀਪ ਅਗਰਵਾਲ ਨੇ ਮੀਡੀਆ ਨੂੰ ਜ਼ਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਕੁੱਝ ਛੋਟੀ ਸੋਚ ਵਾਲੇ ਅਫਸਰਾਂ ਨੇ ਸਿਰਫ ਮੰਦਿਰਾਂ ਨੂੰ ਨਿਸ਼ਾਨਾ ਬਣਾ ਕੇ, ਸ਼ਹਿਰ ਦੀ ਆਬਾਦੀ ਤੋਂ ਵੀ ਪਹਿਲਾਂ ਬਣੇ ਮੰਦਰਾਂ ਨੂੰ ਤੋੜਨ ਦਾ ਤੁਗਲਕੀ ਫਰਮਾਨ ਜਾਰੀ ਕਰਕੇ ਸ਼ਹਿਰ ਦੇ ਅਮਨ ਕਾਨੂੰਨ ‘ਤੇ ਦਾਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਸਾਰੇ ਧਰਮਾਂ ਦੇ ਤੀਰਥ ਸਥਾਨ ਆਪਣੀ ਪੂਜਾ ਵਿਧੀ ਅਨੁਸਾਰ ਬਣੇ ਹੋਏ ਹਨ, ਜਿੱਥੇ ਲੋਕ ਸ਼ਰਧਾ ਨਾਲ ਸ਼ੀਸ਼ ਨਿਵਾਉਂਦੇ ਹਨ। ਅਗਰਵਾਲ ਨੇ ਕਿਹਾ ਕਿ ਸਿਰਫ ਮੰਦਿਰਾਂ ਨੂੰ ਤੋੜਨ ਦੇ ਨੋਟਿਸ ਜਾਰੀ ਕਰਨਾ ਬਹੁਤ ਹੀ ਨਿੰਦਣਯੋਗ ਹੈ।

    ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਹਾਲਤ ਵਿੱਚ ਸ਼ਹਿਰ ਦੇ ਕਿਸੇ ਵੀ ਮੰਦਿਰ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਤੋੜਨ ਦੀ ਸਾਜਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਸਿੱਧਾ ਜ਼ਿੰਮੇਵਾਰ ਨਗਰ ਨਿਗਮ ਹੋਵੇਗਾ। ਉਨਾਂ ਕਿਹਾ ਕਿ ਨਿਗਮ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਅਜਿਹੇ ਕਰਮਚਾਰੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਭਾਜਪਾ ਨੇਤਾ ਸੁਖਪਾਲ ਸਿੰਘ ਸਰਾਂ ਵੱਲੋਂ ਜਲਦੀ ਹੀ ਇਕ ਮੀਟਿੰਗ ਕਰਕੇ ਅਜਿਹੇ ਨਾਦਰਸ਼ਾਹੀ ਫੁਰਮਾਨਾਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।

Advertisement
Advertisement
Advertisement
Advertisement
error: Content is protected !!