ਹਰਿੰਦਰ ਨਿੱਕਾ, ਬਰਨਾਲਾ 22 ਮਈ 2025
ਮਾਲਵੇ ਦੇ ਇੱਕ ਵੱਡੇ ਸ਼ਹਿਰ ਦੀ ਰਹਿਣ ਵਾਲੀ ਤੇ ਬਰਨਾਲਾ ‘ਚ ਡਿਊਟੀ ਕਰ ਰਹੀ ਇੱਕ ਬੈਂਕ ਮੈਨੇਜ਼ਰ ਨੂੰ ਇੱਕ ਠੱਗ ਨੇ ਮੈਟਰੀਮੋਨੀਅਲ ਐਪ ਰਾਹੀਂ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ । ਜਦੋਂ ਬੈਂਕ ਮੈਨੇਜਰ ਨੂੰ ਇਸ ਠੱਗੀ ਦਾ ਪਤਾ ਲੱਗਿਆ ਤਾਂ ਉਨਾਂ ਇਸ ਦੀ ਸ਼ਕਾਇਤ ਆਲ੍ਹਾ ਪੁਲਿਸ ਅਧਿਕਾਰੀਆਂ ਕੋਲ ਕੀਤੀ। ਸਾਈਬਰ ਕ੍ਰਾਈਮ ਦੀ ਟੀਮ ਨੇ ਮੁੱਢਲੀ ਪੜਤਾਲ ਉਪਰੰਤ ਹੀ ਮਹਿਲਾ ਬੈਂਕ ਮੈਨੇਜ਼ਰ ਦੀ ਸ਼ਕਾਇਤ ਪਰ,ਅਣਪਛਾਤੇ ਠੱਗ ਦੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਆਪਣੀ ਸ਼ਕਾਇਤ ਵਿੱਚ ਮਹਿਲਾ ਬੈਂਕ ਮੈਨੇਜਰ ਨੇ ਦੱਸਿਆ ਕਿ ਉਹ ਬਰਨਾਲਾ ਦੀ ਇੱਕ ਬੈਂਕ ਵਿੱਚ ਬਤੌਰ ਮੈਨੇਜਰ ਡਿਊਟੀ ਕਰਦੀ ਹੈ। ਉਸ ਦੀ ਪੰਜਾਬੀ ਮੈਟਰੀਮੋਨੀਅਲ ਐਪ (Punjabi Matrimonial app ) ਪਰ ਵਰ ਦੀ ਤਲਾਸ਼ ਕਾਰਣ ਆਈ.ਡੀ.ਬਣੀ ਹੋਈ ਸੀ। ਉਨਾਂ ਦੱਸਿਆ ਕਿ 27/3/2025 ਨੂੰ ਮੇਰੇ ਮੋਬਾਇਲ ਨੰਬਰ 99******** ਪਰ ਵਟਸਐਪ ਤੇ ਮੋਬਾਇਲ ਨੰਬਰ 83605-55971 ਤੋਂ ਇਕ ਰਿਕੁਐਸਟ ਆਈ। ਜਿਸ ਨੇ ਆਪਣਾ ਨਾਮ ਇੰਦਰ ਸਿੰਘ ਅਤੇ ਵਾਸੀ ਮਕਾਨ ਨੰਬਰ 77 ELDECO Greens,Jalandhar ਦੱਸਿਆ।
ਠੱਗ ਕਹਿੰਦਾ ਮੈਂ ਹਾਂ ਸ਼ਰਾਬ ਠੇਕੇਦਾਰ ਤੇ…
ਬੈਂਕ ਮੈਨੇਜਰ ਨੇ ਦੱਸਿਆ ਕਿ ਇੰਦਰ ਸਿੰਘ ਦੇ ਨੰਬਰ ‘ਤੇ ਮੇਰੀ ਵਿਆਹ ਸਬੰਧੀ ਗੱਲਬਾਤ ਸੁਰੂ ਹੋ ਗਈ ਅਤੇ ਇੰਦਰ ਸਿੰਘ ਨੇ ਮੈਨੂੰ ਆਪਣੇ ਕਿੱਤੇ ਬਾਰੇ ਦੱਸਿਆ ਕਿ ਮੈਂ ਸਰਾਬ ਦਾ ਠੇਕੇਦਾਰ ਹਾਂ ਅਤੇ ਮੇਰੇ 4 ਕੋਲਡ ਸਟੋਰ ਹਨ। ਉਸ ਨੇ ਮੈਨੂੰ ਇਹ ਵੀ ਕਿਹਾ ਕਿ ਮੇਰੀ ਪੇਮੈਂਟ ਫਸੀ ਹੋਈ ਹੈ, ਜਿਸ ਨੇ ਮੈਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਅਤੇ ਮੈਨੂੰ ਇਕ ਮੋਬਾਇਲ ਨੰਬਰ 89685-38177 ਭੇਜਿਆ ਅਤੇ ਕਿਹਾ ਕਿ ਇਸ ਤੇ 25,000/- ਰੁਪਏ ਭੇਜ ਦਿਓ। ਇੰਦਰ ਸਿੰਘ ਪਰ ਮੈਂ ਯਕੀਨ ਕਰਦੇ ਹੋਏ 2 ਅਪ੍ਰੈਲ 2025 ਨੂੰ ਆਪਣੇ ਖਾਤੇ ਵਿੱਚੋਂ ਪਹਿਲਾਂ 25,000/- ਰੁਪਏ , 4930/-ਰੁਪਏ, ਫਿਰ 18,500/- ਰੁਪਏ ਉਕਤ ਮੋਬਾਇਲ ਨੰਬਰ 89685-38177 ਪਰ ਗੂਗਲ ਪੇਅ, ਫਿਰ 3 ਅਪ੍ਰੈਲ 49,450/- ਰੁਪਏ, ਫਿਰ 4 ਅਪ੍ਰੈਲ ਨੂੰ 28,500/- ਰੁਪਏ ਉਕਤ ਮੋਬਾਇਲ ਨੰਬਰ ਪਰ ਫੋਨ ਪੇਅ ਰਾਹੀਂ ਭੇਜੇ ਦਿੱਤੇ।
ਬੈਂਕ ਮੈਨੇਜ਼ਰ ਨੇ ਕਿਹਾ ਕਿ ਇੰਦਰ ਸਿੰਘ ਨੇ ਮੈਨੂੰ ਇਹ ਕਹਿ ਕੇ ਪੈਸੇ ਮੇਰੇ ਤੋਂ ਸੈਂਡ ਕਰਵਾਏ ਸੀ ਕਿ ਤੁਸੀਂ ਪੇਮੈਂਟ ਕਰ ਦਿਓ, ਮੈਂ ਤੁਹਾਡੇ ਸ਼ਹਿਰ ਆਉਣਾ ਹੈ ਅਤੇ ਇਹ ਸਾਰੀ ਪੇਮੈਂਟ ਤੁਹਾਨੂੰ ਕੈਸ਼ ਦੇ ਦਿਆਂਗਾ। ਜਦੋਂ ਬਾਅਦ ਵਿੱਚ ਇੰਦਰ ਸਿੰਘ ਵੱਲੋਂ ਦਿੱਤੇ ਮੋਬਾਇਲ ਨੰਬਰ ਨੰਬਰ 83605-55971 ਪਰ ਕਾਲ ਕੀਤੀ ਗਈ ਤਾਂ ਇਹ ਨੰਬਰ ਬੰਦ ਆਉਣ ਲੱਗ ਗਿਆ ਅਤੇ ਵਸਟਐਪ ਵੀ ਬੰਦ ਹੋ ਗਿਆ। ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਉਕਤ ਵਿਅਕਤੀ ਨੇ ਮੈਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਠੱਗੀ ਮਾਰਨ ਦੀ ਨੀਅਤ ਨਾਲ ਮੇਰੇ ਨਾਲ ਕੁੱਲ 1,26,380 ਰੁਪਏ ਦਾ ਫਰਾਡ ਕੀਤਾ ਹੈ।
ਮਹਿਲਾ ਮੈਨੇਜ਼ਰ ਨੇ ਦੱਸਿਆ ਕਿ ਉਸ ਨੇ ਖੁਦ ਨਾਲ ਹੋਈ ਠੱਗੀ ਦੀ ਆਨਲਾਈਨ ਪੋਰਟਲ 1930 ਤੇ 23 ਅਪ੍ਰੈਲ ਨੂੰ ਸ਼ਕਾਇਤ ਕੀਤੀ। ਉੱਧਰ ਸਾਈਬਰ ਕ੍ਰਾਈਮ ਦੀ ਟੀਮ ਨੇ ਬਾਅਦ ਪੜਤਾਲ ਅਣਪਛਾਤੇ ਦੋਸ਼ੀ ਦੇ ਖਿਲਾਫ ਥਾਣਾ ਸਾਈਬਰ ਕਰਾਈਮ ਬਰਨਾਲਾ ਵਿਖੇ ਅਧੀਨ ਜੁਰਮ 318(4) BNS ਦਰਜ ਕੀਤਾ ਗਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਥਾਣੇਦਾਰ ਕਿਰਨਜੀਤ ਕੌਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ, ਦਸਤਾਵੇਜੀ ਅਧਾਰ ਪਰ,ਨਾਮਜ਼ਦ ਦੋਸ਼ੀ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਤਫਤੀਸ਼ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਦੀ ਵਰਤੋਂ ਨਾ ਕਰਨ, ਜਿੰਨ੍ਹਾਂ ਤੇ ਠੱਗਾਂ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ, ਜਾਲ ਵਿਛਾਇਆ ਹੋਇਆ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਅਜਿਹੀ ਠੱਗੀ ਹੁੰਦੀ ਹੈ ਤਾਂ ਉਹ ਬਿਨਾਂ ਦੇਰੀ ਤੇ ਬੇਝਿਜਕ ਪੁਲਿਸ ਕੋਲ ਸ਼ਕਾਇਤ ਕਰਨ ਤਾਂ ਜੋ ਅਜਿਹੇ ਅਪਰਾਧੀਆਂ ਤੇ ਨਕੇਲ ਕਸੀ ਜਾ ਸਕੇ।