ਹਰਿੰਦਰ ਨਿੱਕਾ, ਚੰਡੀਗੜ੍ਹ 19 ਜਨਵਰੀ 2025
ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸੂਬੇ ਭਰ ‘ਚ ਨਸ਼ਾ ਛੁਡਾਊ ਕੇਂਦਰਾਂ ਦੀ ਆੜ ਹੇਠ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਡਰੱਗ ਰੈਕੇਟ ਦੇ ਸਰਗਨਾ ਡਾ. ਅਮਿਤ ਬਾਂਸਲ ਦੇ ਡਰੱਗ ਕੇਸ ਦੀ ਕੈਂਸਲੇਸ਼ਨ ਭਰਨ ਵਾਲਾ ਇੱਕ ਡੀਐਸਪੀ,ਖੁਦ ਹੀ ਉਲਝਣ ਵਿੱਚ ਫਸ ਗਿਆ ਹੈ। ਜਦੋਂਕਿ ਇੱਕ ਹੋਰ ਡੀਐਸਪੀ ਨੇ ਅਦਾਲਤ ਵਿੱਚ ਇਹ ਬਿਆਨ ਕਲਮਬੰਦ ਕਰਵਾ ਕੇ, ਆਪਣਾ ਖਹਿੜਾ ਛੁੜਾ ਲਿਆ ਕਿ ਉਸ ਨੇ ਤਾਂ ਸਿਰਫ ਡਾ. ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਦਰਜ ਐਫ.ਆਈ.ਆਰ ਦੀ ਤਫਤੀਸ਼ੀ ਫਾਇਲ ਵਿੱਚ ਸਿਰਫ ਇੱਕ ਜਿਮਨੀ ਹੀ ਲਿਖੀ ਸੀ। ਅਦਾਲਤ ਨੇ ਕੈਂਸਲੇਸ਼ਨ ਭਰਨ ਵਾਲੇ ਡੀਐਸਪੀ ਨੂੰ ਵੀ ਹੁਣ ਤਲਬ ਕਰ ਲਿਆ ਹੈ।
ਡੀਸੀ ਦੀ ਸ਼ਕਾਇਤ ਤੇ ਦਰਜ ਹੋਈ ਸੀ FIR ..
ਜਿਕਰਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਸਕਿਓਰਿਟੀ ਗਾਰਡ ਵੱਲੋਂ ਹਸਪਤਾਲ ਵਿੱਚ ਨਸ਼ਾ ਵੇਚਣ ਬਾਰੇ ਵੀਡੀਓ ਜਨਤਕ ਹੋਈ ਸੀ। ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਤੇ ਮੌਕੇ ਦੇ ਡੀਸੀ ਜਲੰਧਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਇੱਕ ਟੀਮ ਰਾਹੀਂ ਸਹਿਜ ਹਸਪਤਾਲ ਨਕੋਦਰ ਦੀ ਇੰਸਪੈਕਸਨ ਕਰਵਾਈ ਗਈ ਸੀ। ਇੰਸਪੈਕਸ਼ਨ ਦੌਰਾਨ ਸਹਿਜ ਹਸਪਤਾਲ ਦੇ ਉਪਲੱਭਧ ਸਟਾਕ ਰਿਕਾਰਡ ਵਿੱਚ 1 ਲੱਖ 44 ਹਜ਼ਾਰ Addnok-N (0.4/01) ਗੋਲੀਆਂ ਘੱਟ ਨਿਕਲੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਨੰਬਰ 64 ਮਿਤੀ 8 ਜੂਨ 2024 ਦਰਜ ਰਜਿਸਟਰ ਹੋਇਆ ਸੀ। ਕੇਸ ਦਰਜ ਤਾਂ ਹੋਇਆ ਪਰੰਤੂ, ਪੁਲਿਸ ਅਧਿਕਾਰੀ ਤਫਤੀਸ਼ ਨੂੰ ਅੱਗੇ ਤੋਰਨ ਦੀ ਬਜਾਏ,ਉਸ ਨੂੰ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਬਜਾਏ, ਕੇਸ ਦੀ ਕੈਂਸਲੇਸ਼ਨ ਰਿਪੋਰਟ, ਬਿਨ੍ਹਾਂ ਸਰਕਾਰੀ ਵਕੀਲ ਤੋਂ ਫਾਰਵਰਡ ਕਰਵਾਏ ਹੀ, ਅਦਾਲਤ ਵਿੱਚ ਪੇਸ਼ ਕਰ ਦਿੱਤੀ।
ਕੈਂਸਲੇਸ਼ਨ ਰਿਪੋਰਟ ਤੋਂ ਇੱਕ DSP ‘ਤੇ ਸਰਕਾਰੀ ਵਕੀਲ ਨੇ ਪੱਲਾ ਝਾੜਿਆ ..
ਮਾਨਯੋਗ ਅਦਾਲਤ ਵੱਲੋਂ ਐਫ.ਆਈ.ਆਰ ਦੇ ਸ਼ਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਸੀ। ਉਸ ਸਮੇਂ ਦੇ ਡੀਸੀ ਜਲੰਧਰ ਤੇ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਵੇਲੇ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨੇ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਤੇ ਅਸਹਿਮਤੀ ਜਾਹਿਰ ਕਰਦਿਆਂ, ਤਫਤੀਸ਼ ਨੂੰ ਡੂੰਘਾਈ ਨਾਲ ਜ਼ਾਰੀ ਰੱਖਣ ਲਈ ਕਿਹਾ ਹੈ। ਫਿਰ ਜੱਜ ਸਪੈਸ਼ਲ ਕੋਰਟ( JSC ) ਜਲੰਧਰ ਨੇ ਕੈਂਸਲੇਸ਼ਨ ਰਿਪੋਰਟ ਪੇਸ਼ ਕਰਨ ਵਾਲੇ ਅਧਿਕਾਰੀ ਨੂੰ ਪੇਸ਼ ਹੋਣ ਲਈ ਹੁਕਮ ਜ਼ਾਰੀ ਕੀਤਾ। ਮਾਨਯੋਗ ਅਦਾਲਤ ਵਿੱਚ 28 /11/ 2024 ਨੂੰ ਡੀਐਸਪੀ ਹਰਜਿੰਦਰ ਸਿੰਘ ਪੇਸ਼ ਹੋਇਆ,ਜਿੰਨ੍ਹਾਂ ਕੈਂਸਲੇਸ਼ਨ ਰਿਪੋਰਟ ਤੋਂ ਖੁਦ ਨੂੰ ਇਹ ਕਹਿੰਦਿਆਂ ਵੱਖ ਕਰ ਲਿਆ ਕਿ, ਉਸ ਦੀ ਤਾਂ ਸਿਰਫ ਇੱਕ ਜਿਮਨੀ ਹੀ ਹੈ। ਜਦੋਂਕਿ ਕੈਂਸਲੇਸ਼ਨ ਰਿਪੋਰਟ ਡੀਐਸਪੀ ਕੁਲਵਿੰਦਰ ਸਿੰਘ, ਸਬ ਡਿਵੀਜਨ ਨਕੋਦਰ ਵੱਲੋਂ ਭਰੀ ਗਈ ਹੈ। ਉੱਧਰ ਅਦਾਲਤ ਵਿੱਚ ਪੇਸ਼ ਹੋਏ ਸਰਕਾਰੀ ਵਕੀਲ ਐਡੀਸ਼ਨਲ PP ਸੈਲਿੰਦਰ ਸਿੰਘ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਕੈਂਸਲੇਸ਼ਨ ਰਿਪੋਰਟ, ਪ੍ਰੌਸੀਕਿਊਟਿੰਗ ਏਜੰਸੀ ਵੱਲੋਂ ਪੇਸ਼ ਨਹੀਂ ਕੀਤੀ ਗਈ ਹੈ। ਆਖਿਰ ਜਲੰਧਰ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਨੇ 23 ਦਸੰਬਰ 2024 ਨੂੰ ਹੁਕਮ ਦਿੱਤਾ ਕਿ ਡੀਐਸਪੀ ਕੁਲਵਿੰਦਰ ਸਿੰਘ 18 ਜਨਵਰੀ 2025 ਨੂੰ ਅਦਾਲਤ ਵਿੱਚ ਪੇਸ਼ ਹੋ ਕੇ,ਆਪਣਾ ਪੱਖ ਰੱਖੇ। ਖਬਰ ਲਿਖੇ ਜਾਣ ਤੱਕ, ਲੰਘੀ ਕੱਲ੍ਹ, ਉਨ੍ਹਾਂ ਵੱਲੋਂ ਅਦਾਲਤ ‘ਚ ਪੇਸ਼ ਹੋਣ ਬਾਰੇ ਤੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਸਬੰਧੀ, ਆਪਣਾ ਪੱਖ ਰੱਖਣ ਬਾਰੇ, ਹਾਲੇ ਕੋਈ ਜਾਣਕਾਰੀ ਬਾਹਰ ਨਿੱਕਲ ਕੇ ਨਹੀਂ ਆਈ।
ਫਲੈਸ਼ਬੈਕ…
ਐਫ.ਆਈ.ਆਰ. ਨੰਬਰ 64, ਮਿਤੀ 8 ਜੂਨ 2024 ਵਿੱਚ ਦਰਜ ਹੈ ਕਿ ਹਸਪਤਾਲ ‘ਚੋਂ ਮਿਲੀਆਂ 102 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਇੱਕੋ ਵਿਅਕਤੀ ਵੱਲੋਂ ਕੀਤੇ ਗਏ ਜਾਪਦੇ ਹਨ। 154 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਐਡਵਾਂਸ ਵਿੱਚ ਹੀ ਕਰਵਾਏ ਹੋਏ ਹੋਏ ਹਨ। ਜਦੋਂ ਕਿ ਉਹਨਾਂ ਫਾਈਲਾਂ ਵਿਚ ਨਾ ਤਾਂ ਕੋਈ ਦਵਾਈ ਦਾ ਜਿਕਰ ਹੈ ਤੇ ਨਾ ਹੀ ਕਿਸੇ ਸਟਾਫ ਦੇ ਦਸਤਖਤ ਹੋਏ ਸਨ ਅਤੇ ਪੋਰਟਲ ਤੋਂ ਵੀ ਦਵਾਈ ਡਿਸਪੈਂਸ ਨਹੀਂ ਕੀਤੀ ਗਈ ਸੀ।
- ਡਾ. ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਾਜਬਾਜ ਕਰਕੇ, ਉਕਤ ਘੱਟ ਮਿਲੀਆਂ ਗੋਲੀਆਂ, ਸਬੰਧੀ ਫਰਜੀ ਰਿਕਾਰਡ ਤਿਆਰ ਕਰਕੇ ਇਹ ਗੋਲੀਆਂ Rusan Pharma ਕੰਪਨੀ ਨੂੰ ਵਾਪਸ ਭੇਜੀਆਂ ਦਿਖਾ ਦਿੱਤੀਆਂ ਗਈਆਂ ਤੇ ਪੁਲਿਸ ਨੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। ਤਾਂਕਿ ਇਹ ਚੈਪਟਰ ਹਮੇਸ਼ਾ ਲਈ ਕਲੋਜ਼ ਹੋ ਜਾਵੇ।
- ਡਾ. ਅਮਿਤ ਬਾਂਸਲ ਕੁੱਝ ਵਰ੍ਹੇ ਪਹਿਲਾਂ ਤੱਕ ਬਰਨਾਲਾ ਸ਼ਹਿਰ ‘ਚ ਅਮਿਤ ਸਕੈਨ ਸੈਂਟਰ ਚਲਾ ਰਿਹਾ ਸੀ।
- ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਬਣੇ ਡਾਕਟਰ ਅਮਿਤ ਬਾਂਸਲ ਖਿਲਾਫ ਵਿਜੀਲੈਂਸ ਬਿਊਰੋ ਫਲਾਇੰਗ ਸੁਕੈਅਡ 1 ਮੋਹਾਲੀ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਉਸ ਨੂੰ ਗ੍ਰਿਰਫਤਾਰ ਕਰ ਲਿਆ ਸੀ ਤੇ ਹਾਲੇ ਤੱਕ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਤੇ ਡਾਕਟਰ ਅਮਿਤ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ,ਉਨਾਂ ਨੂੰ ਸੀਲ ਕਰਨ ਦੀ ਮੁਹਿੰਮ ਜ਼ਾਰੀ ਹੈ।