ਹਾਊਮੇ ਅਤੇ ਹੰਕਾਰ ਕਾਰਨ ਬਣਿਆ ਵਿਸ਼ਵ ਯੁੱਧ ਦਾ ਖਤਰਾ  : ਰਾਮ ਰਹੀਮ

Advertisement
Spread information
ਅਸ਼ੋਕ ਵਰਮਾ, ਸਰਸਾ 20 ਅਕਤੂਬਰ 2024
            ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਵੱਖ ਵੱਖ ਮੁਲਕਾਂ ’ਚ ਚੱਲ ਰਹੀ ਲੜਾਈ ਨੂੰ ਹਾਊਮੇ ਅਤੇ ਹੰਕਾਰ ਦਾ ਸਿੱਟਾ ਕਰਾਰ ਦਿੱਤਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜਿਸ ਤਰਾਂ ਦੀਆਂ ਪ੍ਰਸਥਿਤੀਆਂ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਦੁਨੀਆਂ ’ਚ ਵਿਸ਼ਵ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਡੇਰਾ ਸਿਰਸਾ ਮੁਖੀ ਅੱਜ ਆਪਣੇ ਪੈਰੋਕਾਰਾਂ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਡੇਰਾ ਸੱਚਾ ਸੌਦਾ ਵੱਲੋਂ ਐਮਐਸਜੀ ਭੰਡਾਰਾ ਮਨਾਉਣ ਲਈ ਕਰਵਾਇਆ ਗਿਆ ਸੀ ਜਿਸ ’ਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਜੰਗਾਂ ਚੱਲ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਵੱਖ-ਵੱਖ ਦੇਸ਼ਾਂ ਦੇ ਨਿੱਜੀ ਹਿੱਤ ਅਤੇ ਹਉਮੈ ਹੈ। ਹਉਮੈ ਕਾਰਨ ਹੀ ਰੂਸ ਅਤੇ ਯੂਕਰੇਨ ਤੋਂ ਇਲਾਵਾ ਇਜ਼ਰਾਈਲ, ਹਮਾਸ ਅਤੇ ਈਰਾਨ ਵਿਚਕਾਰ ਜੰਗ ਚੱਲ ਰਹੀ ਹੈ।
                      ਉਨ੍ਹਾਂ ਕਿਹਾ ਕਿ ਇੰਨ੍ਹਾਂ ਯੁੱਧਾਂ ਵਿੱਚ ਜਿਆਦਾਤਰ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਖਾਹਿਸ਼ਾਂ ਕਾਰਨ ਸੰਸਾਰ ਵਿਸ਼ਵ ਯੁੱਧ ਵੱਲ ਵਧ ਰਿਹਾ ਹੈ।  ਇਸ ਸਮਾਗਮ ਦੌਰਾਨ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਜੀਵਨੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਮਾਸਾਹਾਰੀ ਦਾ ਖਾਤਮਾ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਘਨਘੋਰ  ਘਟਾਵਾਂ ਵਾਂਗ ਛਾਇਆ ਹੋਇਆ  ਹੈ ਅਤੇ ਸਮਾਜ ਨੂੰ ਦੀਮਕ ਵਾਂਗ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਈ ਜੀ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਲੋਕਾਂ ਨੂੰ ਰਾਮ ਨਾਮ ਨਾਲ ਜੋੜਿਆ ਅਤੇ ਉਨ੍ਹਾਂ ਦੇ ਬਚਨਾਂ ਅਨੁਸਾਰ ਹੁਣ ਰਾਮ-ਨਾਮ ਦਾ ਲਾਹਾ ਲੈਣ ਵਾਲਿਆਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਹੈ।
                  ਉਨ੍ਹਾਂ ਕਿਹਾ ਕਿ ਸ਼ਾਹ ਮਸਤਾਨਾ ਨੇ ਨਾਮ ਜਪਣ ਅਤੇ ਪ੍ਰਮਾਤਮਾ ਵੱਲੋਂ ਸਾਜੀ ਸ੍ਰਸ਼ਿਟੀ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈ ਜਿਸ ਦੀ ਅਜੋਕੇ ਸਮੇਂ ਦੌਰਾਨ ਵੱਡੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ  ਡੇਰਾ ਸੱਚਾ ਸੌਦਾ ਵਿੱਚ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਮੌਕੇ ਡੇਰਾ ਮੁਖੀ ਨੇ ਪੁਰਾਣੇ ਸੇਵਾਦਾਰਾਂ ਨੂੰ ਇੱਕ ਇੱਕ ਚਾਂਦੀ ਦਾ ਸਿੱਕਾ ਦੇਕੇ ਸਨਮਾਨਿਤ ਵੀ ਕੀਤਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ  167 ਮਾਨਵਤਾ ਭਲਾਈ ਕਾਰਜਾਂ ਨੂੰ ਹੁਲਾਰਾ ਦਿੰਦਿਆਂ ਕੱਪੜਾ ਬੈਂਕ ਮੁਹਿੰਮ ਤਹਿਤ 133 ਲੋੜਵੰਦਾਂ ਨੂੰ ਕੰਬਲ ਅਤੇ 133 ਬੱਚਿਆਂ ਨੂੰ ਕੱਪੜੇ ਵੰਡੇ ਗਏ। ਇਸ ਤੋਂ ਇਲਾਵਾ ਆਸ਼ਿਆਨਾ ਮੁਹਿੰਮ ਤਹਿਤ ਲੋੜਵੰਦ ਲੋਕਾਂ ਨੂੰ ਸਾਧ-ਸੰਗਤ ਵੱਲੋਂ ਬਣਾਏ ਗਏ ਘਰਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਸਮਾਗਮ ਦੇ ਅੰਤ ’ਚ ਸ਼ਾਹ ਸਤਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਬੱਚਿਆਂ ਨੇ ਅਧਿਆਤਮਿਕਤਾ ਦਾ ਸੰਦੇਸ਼ ਦਿੰਦੇ ਕਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ।
Advertisement
Advertisement
Advertisement
Advertisement
Advertisement
error: Content is protected !!