ਹਰਿੰਦਰ ਨਿੱਕਾ , ਪਟਿਆਲਾ 23 ਦਸੰਬਰ 2023
ਇੱਕ ਤਰਫਾ ਪਿਆਰ ਕਰਦੇ ਨੌਜਵਾਨ ਤੋਂ ਤੰਗ ਆਈ ਇੱਕ ਕੁੜੀ ਨੇ ਅਜਿਹਾ ਕਦਮ ਚੁੱਕਿਆ ਕਿ ਦੋਸ਼ੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਦਾ ਰਾਹ ਪੱਧਰਾ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਲੜਕੀ ਦੇ ਭਰਾ ਦੇ ਬਿਆਨ ਪਰ ਦੋਸ਼ੀ ਲੜਕੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਭਾਦਸੋਂ ਦੇ ਪਿੰਡ ਪੇਧਨ ਦੇ ਰਹਿਣ ਵਾਲੇ ਸੁਖਚੈਨ ਸਿੰਘ ਪੁੱਤਰ ਭਗਵਾਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਰੰਨੋ ਖੁਰਦ ਨੇ ਮੁਦਈ ਦੀ ਭੈਣ ਕਾਜਲ ਨੂੰ ਨੌਕਰੀ ਪਰ ਲਗਵਾਇਆ ਸੀ। ਕੁੱਝ ਸਮੇ ਬਾਅਦ ਦੋਸ਼ੀ, ਮੁਦਈ ਦੀ ਭੈਣ ਨੂੰ ਇੱਕ ਤਰਫਾ ਪਿਆਰ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਮਿਤੀ 22 ਦਸੰਬਰ ਨੂੰ ਸਮਾ 3.25 ਬਾਅਦ ਦੁਪਿਹਰ ਮੁਦਈ ਦੀ ਭੈਣ ਨੇ ਮੁਦਈ ਨੂੰ ਫੋਨ ਕਰਕੇ ਦੱਸਿਆ ਕਿ ਦੋਸ਼ੀ, ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ ‘ਤੇ ਉਸ ਨਾਲ ਗਲਤ ਹਰਕਤਾਂ ਕਰਦਾ ਹੈ । ਜਿਸ ਤੋਂ ਤੰਗ ਆ ਕੇ ਮੁਦਈ ਦੀ ਭੈਣ ਕਾਜਲ ਨੇ ਪਿੰਡ ਚਨਾਰਥਲ ਵਿਖੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ । ਪਰ ੳਦੋਂ ਤੱਕ ਮੁਦਈ ਦੀ ਭੈਣ ਦੀ ਮੌਤ ਹੋ ਚੁੱਕੀ ਸੀ । ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਰਜਿੰਦਰ ਸਿੰਘ ਰੰਨੋ ਖੁਰਦ ਦੇ ਖਿਲਾਫ ਅਧੀਨ ਜ਼ੁਰਮ 306 IPC ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।