ਅਸ਼ੋਕ ਵਰਮਾ , ਮਾਨਸਾ 23 ਦਸੰਬਰ 2023
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮਾਨਸਾ ਪੁਲਿਸ ਦੀ ਵਾਅਦਾ ਖਿਲਾਫੀ ਵਿਰੁੱਧ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣ ਲਈ ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ 26 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਬੁਲਾ ਲਈ ਹੈ | ਜਿਸ ਵਿੱਚ ਪੰਜਾਬ ਦੇ 13 ਜ਼ਿਲਿਆਂ ਦੇ ਪ੍ਰਧਾਨ ਅਤੇ ਸਕੱਤਰ ਸ਼ਾਮਿਲ ਹੋਣਗੇ। ਜਥੇਬੰਦੀ ਨੇ ਸਾਰੀਆਂ ਜ਼ਿਲ੍ਹਾ, ਬਲਾਕ ਅਤੇ ਪਿੰਡ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਡੀ ਐਸ ਪੀ ਬੁਢਲਾਡਾ ਦੇ ਦਫਤਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵਿੱਢ ਦੇਣ। 26 ਦਸੰਬਰ ਦੀ ਮੀਟਿੰਗ ਵਿੱਚ ਜਲਦੀ ਤੋਂ ਜਲਦੀ ਸ਼ੁਰੂ ਹੋਣ ਵਾਲੇ ਪੱਕੇ ਮੋਰਚੇ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ।
ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਨੇ ਦੱਸਿਆ ਕਿ ਪਿੰਡ ਕੁੱਲਰੀਆਂ ਜ਼ਿਲਾ ਮਾਨਸਾ ਦੇ ਆਬਾਦਕਾਰ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਬਜ਼ੁਰਗ ਕਿਸਾਨ ਸੀਤਾ ਸਿੰਘ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਜਥੇਬੰਦੀ ਵੱਲੋਂ 15 ਦਸੰਬਰ ਤੋਂ ਡੀਐਸਪੀ ਬੁਢਲਾਡਾ ਦੇ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦੇ ਐਲਾਨ ਉਪਰੰਤ ਐਸ ਐਸ ਪੀ ਮਾਨਸਾ ਨੇ ਮੀਟਿੰਗ ਦੌਰਾਨ ਜਥੇਬੰਦੀ ਨਾਲ 19 ਦਸੰਬਰ ਤੱਕ ਦੋਸ਼ੀਆਂ ਤੇ ਬਣਦੀਆਂ ਧਾਰਾਵਾਂ ਲਾ ਕੇ ਕਾਨੂੰਨੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ। ਆਗੂਆਂ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੇਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਜਾਪਦਾ ਹੈ ਜਿਵੇਂ ਮਾਨਸਾ ਪੁਲਿਸ ਨੇ ਗੁੰਡੇ ਅਨਸਰਾਂ ਨੂੰ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਕੁਚਲਣ ਦੀ ਖੁੱਲ੍ਹ ਦੇ ਰੱਖੀ ਹੈ।
ਉਹਨਾਂ ਕਿਹਾ ਕਿ ਇਸ ਦਾ ਸਬੂਤ ਇਹ ਹੈ ਕਿ ਪ੍ਰਸ਼ਾਸਨਿਕ ਢਿੱਲ ਮੱਠ ਤੇ ਕਥਿਤ ਮਿਲੀਭੁਗਤ ਤੋਂ ਉਤਸ਼ਾਹਿਤ ਹੋ ਕੇ ਉਸੇ ਗੁੰਡਾ ਗਿਰੋਹ ਨੇ ਸਰਪੰਚ ਦੀ ਗਿਣੀ ਮਿਥੀ ਸਾਜ਼ਿਸ਼ ਨਾਲ 16 ਦਸੰਬਰ ਨੂੰ ਸੀਤਾ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕਰ ਦਿੱਤਾ।ਸੀਤਾ ਸਿੰਘ ਦਾ ਬੇਟਾ ਗੁਰਪ੍ਰੀਤ ਸਿੰਘ ਜਦੋਂ ਸਕੂਟਰੀ ਤੇ ਪਿੰਡ ਵੱਲ ਆ ਰਿਹਾ ਸੀ ਤਾਂ ਸਰਪੰਚ ਦੀ ਗੱਡੀ ਵਿੱਚ ਸਵਾਰ ਗੁੰਡਿਆਂ ਨੇ ਉਸ ਦੀ ਸਕੂਟਰੀ ਵਿੱਚ ਗੱਡੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਲਿਆ ਅਤੇ ਮਾਰੂ ਹਥਿਆਰਾਂ ਨਾਲ ਲੈਸ ਇਹ ਗੁੰਡੇ ਉਸ ਨੂੰ ਮਾਰਨ ਲਈ ਉਸਦੇ ਮਗਰ ਦੌੜੇ ਪਰ ਗੁਰਪ੍ਰੀਤ ਸਿੰਘ ਨੇ ਕਿਸੇ ਦੇ ਘਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ।
ਉਹਨਾਂ ਕਿਹਾ ਕਿ ਇਸ ਸਬੰਧੀ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪਰ ਅੱਜ ਤੱਕ ਉਪਰੋਕਤ ਦੋਵੇਂ ਘਟਨਾਵਾਂ ਦੇ ਦੋਸ਼ੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸਗੋਂ ਗੁੰਡਾਢਾਣੀ ਖੁੱਲ੍ਹੇ ਆਮ ਘੁੰਮ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਕਿ ਕੀ ਇਸੇ ਬਦਲਾਅ ਦਾ ਵਾਅਦਾ ਲੋਕਾਂ ਨਾਲ ਕੀਤਾ ਗਿਆ ਸੀ? ਇਸ ਅਖੌਤੀ ਇਨਕਲਾਬੀ ਸਰਕਾਰ ਦੇ ਰਾਜ ਵਿੱਚ ਮੁਰੱਬੇਬੰਦੀ ਵੇਲੇ ਤੋਂ ਜ਼ਮੀਨ ਵਾਹੁੰਦੇ ਆ ਰਹੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਕੁੱਟਮਾਰ ਕੀਤੀ ਜਾਂਦੀ ਹੈ, ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਗੁੰਡਿਆਂ ਦੀ ਪੂਰੀ ਪੁਸ਼ਤ ਪਨਾਹੀ ਕਰ ਰਿਹਾ ਹੈ।