ਮੁਦਈ ਦੀ ਨਾਬਾਲਿਗ ਭਤੀਜੀ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਬਦਲੇ ਲਈ ਸੀ ਰਿਸ਼ਵਤ
ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 10 ਨਵੰਬਰ 2022
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਇੰਸਪੈਕਟਰ ਇੰਚਾਰਜ/ਐਸ.ਐਚ.ਓ. ਥਾਣਾ ਮਹਿਲਾ ਸੈੱਲ, ਫਾਜ਼ਿਲਕਾ ਵਿਖੇ ਤਾਇਨਾਤ ਬਖਸ਼ੀਸ਼ ਕੌਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਐਸ.ਐਚ.ਓ. ਨੂੰ ਗੁਰਦਿਆਲ ਸਿੰਘ ਵਾਸੀ ਮੰਡੀ ਹਜ਼ੂਰ ਸਿੰਘ, ਫਾਜ਼ਿਲਕਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਅਧਿਕਾਰੀ ਮੁਦਈ ਨਾਬਾਲਿਗ ਭਤੀਜੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਖਿਲਾਫ਼ ਅਗਲੀ ਕਾਰਵਾਈ ਕਰਨ ਲਈ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕਰ ਰਹੀ ਸੀ ਪਰ ਸੌਦਾ 20,000 ਰੁਪਏ ਵਿੱਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਕਤ ਮਹਿਲਾ ਐਸ.ਐਚ.ਓ. ਉਸ ਕੋਲੋਂ ਦੋ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 8,000 ਰੁਪਏ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਤੀਜੀ ਕਿਸ਼ਤ ਵਜੋਂ 10,000 ਰੁਪਏ ਹੋਰ ਮੰਗ ਰਹੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੁਲਿਸ ਕਰਮਚਾਰਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਹਿਲਾ ਐਸ.ਐਚ.ਓ. ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਗਿਰਫਤਾਰ ਐਸ ਐਚ ਓ ਬਖਸੀਸ ਕੌਰ ਨੇ ਆਪਣੇ ਤੇ ਰਿਸਵਤ ਲੈਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸ਼ਕਾਇਤਕਰਤਾ ,ਉਸ ਨੂੰ ਫਸਾਉਣ ਲਈ ਮਿਠਾਈ ਦਾ ਡੱਬਾ ਦੇਣ ਦੇ ਬਹਾਨੇ ,ਰੁਪਏ ਫੜ੍ਹਾ ਕੇ ਗਿਆ ਸੀ, ਮੈਂ ਕੋਈ ਰਿਸ਼ਵਤ ਨਹੀਂ ਲਈ, ਮੈਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਜਦੋਂ ਕਿ ਵਿਜੀਲੈਂਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਵਿੱਚ ਗਿਰਫ਼ਤਾਰ ਐਸ ਐਚ ਓ ਨੂੰ ਘੁਰਕੀ ਦਿੰਦਿਆਂ ਕਿਹਾ ਕਿ ਮੈਂ ਰਿਸਵਤ ਮੰਗਣ ਤੇ ਸੌਦਾ ਕਰਨ ਦੀ ਰਿਕਾਰਡਿੰਗ ਸੁਣਾਵਾਂ, ਇਨ੍ਹਾਂ ਸੁਣਦਿਆਂ ਹੀ ਐਸ ਐਚ ਓ ਨੇ ,ਚੁੱਪ ਵੱਟ ਲਈ।