ਮੀਟਿੰਗ ‘ਚ ਸ਼ਿਰਕਤ ਕਰ ਰਹੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕ
ਸਿੱਖਿਆ ਸਕੱਤਰ ਨੇ ਜਿਲ੍ਹੇ ਦੇ ਸਾਹਿਤਕਾਰ ਤੇ ਕਲਾਕਾਰ ਅਧਿਆਪਕਾਂ ਨਾਲ ਕੀਤੀ ਆਨ ਲਾਈਨ ਮੀਟਿੰਗ
ਕਲਾਤਮਿਕ ਗੁਣਾਂ ਦਾ ਵਿਦਿਆਰਥੀਆਂ ਅੰਦਰ ਸੰਚਾਰ ਪੈਦਾ ਕਰਨਾ ਸਮੇਂ ਦੀ ਮੁੱਖ ਜਰੂਰਤ-ਕਿਸ਼ਨ ਕੁਮਾਰ
ਪ੍ਰਤੀਕ ਸਿੰਘ ਬਰਨਾਲਾ ,17 ਅਪ੍ਰੈਲ 2020
ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਜਿਲ੍ਹੇ ਦੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨਾਲ ਜੂਮ ਐਪ ਜਰੀਏ ਆਨ ਲਾਈਨ ਮੀਟਿੰਗ ਕੀਤੀ । ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸੰਚਾਲਿਤ ਇਸ ਮੀਟਿੰਗ ‘ਚ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ੍ਰ. ਸਰਬਜੀਤ ਸਿੰਘ ਤੂਰ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਨਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਹਰਕੰਵਲਜੀਤ ਕੌਰ ਦੀ ਹੱਲਾਸ਼ੇਰੀ ਬਦੌਲਤ ਸਾਹਿਤਕ ਖੇਤਰ ‘ਚ ਸਰਗਰਮ ਪੰਦਰਾਂ ਦੇ ਕਰੀਬ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਜਿਲ੍ਹਾ ਸਾਹਿਤਕ ਕਨਵੀਨਰ ਤਰਸੇਮ ਦੀ ਪੇਸ਼ਕਾਰੀ ਹੇਠ ਤਕਰੀਬਨ ਡੇਢ ਘੰਟਾ ਚੱਲੀ ਮੀਟਿੰਗ ਦੇ ਪਹਿਲੇ ਦੌਰ ‘ਚ ਸੁਖਵਿੰਦਰ ਗੁਰਮ, ਪ੍ਰਿੰ. ਦਰਸ਼ਨ ਸਿੰਘ ਚੀਮਾ, ਪ੍ਰਿੰ. ਭੀਮ ਸੈਨ ਸ਼ਰਮਾ, ਗੁਰਪਾਲ ਬਿਲਾਵਲ, ਹਰਜੀਤ ਸੋਹੀ ਅਤੇ ਸੁਖਵਿੰਦਰ ਦਾਨਗੜ੍ਹ ਨੇ ਆਪਣੀਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਨਾਲ ਖੂਬ ਰੰਗ ਬੰਨਿਆ ।ਸਿੱਖਿਆ ਸਕੱਤਰ ਨੇ ਸਾਹਿਤਕ ਰਚਨਾਵਾਂ ਦਾ ਖੂਬ ਰੰਗ ਮਾਨਣ ਉਪਰੰਤ ਮੀਟਿੰਗ ਦੇ ਦੂਜੇ ਗੇੜ ‘ਚ ਗਲੱਬਾਤ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਵਿਭਾਗ ਵਿੱਚ ਇੰਨ੍ਹੀ ਉੱਚਕੋਟੀ ਦੇ ਸਾਹਿਤਕਾਰ ਅਤੇ ਹੋਰ ਕਲਾਕਾਰ ਅਧਿਆਪਕ ਮੌਜ਼ੂਦ ਹਨ। ਉਹਨਾਂ ਕਿਹਾ ਕਿ ਜਦੋਂ ਅਖਬਾਰ ਪੜ੍ਹਦਿਆਂ ਲੇਖਕ ਵਜੋਂ ਅਧਿਆਪਕ ਦਾ ਨਾਮ ਆਉਂਦਾ ਹੈ ਤਾਂ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਕਿਹਾ ਕਿ ਗਾਇਕੀ ਅਤੇ ਹੋਰ ਖੇਤਰਾਂ ‘ਚ ਕਾਰਜ ਕਰ ਰਹੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਵੀ ਪਰਿਪੱਕ ਕਲਾਕਾਰਾਂ ਨਾਲੋਂ ਘੱਟ ਨਹੀਂ ਹਨ। ਉਹਨਾਂ ਅੱਗੇ ਕਿਹਾ ਅਧਿਆਪਕਾਂ ਅੰਦਰ ਮੌਜ਼ੂਦ ਇਹਨਾਂ ਕਲਾਤਮਿਕ ਗੁਣਾਂ ਦਾ ਵਿਦਿਆਰਥੀਆਂ ਅੰਦਰ ਸੰਚਾਰ ਪੈਦਾ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ। ਉਹਨਾਂ ਕਿਹਾ ਕਿ ਕਈ ਵਾਰ ਪੜ੍ਹਾਈ ਅਤੇ ਇੱਥੋਂ ਤੱਕ ਕਿ ਖੇਡਾਂ ਵਿੱਚ ਵੀ ਰੁਚੀ ਨਾਂ ਲੈਣ ਵਾਲੇ ਵਿਦਿਆਰਥੀ ਕਲਾਤਮਿਕ ਖੇਤਰ ‘ਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੁੰਦੇ ਹਨ।ਉਹਨਾਂ ਅੱਗੇ ਕਿਹਾ ਕਿ ਕਲਾਤਮਿਕ ਤਰੀਕੇ ਨਾਲ ਪੜਾਉਣਾ ਵੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਉਹਨਾਂ ਲਿਖਤਾਂ ਅਤੇ ਹੋਰ ਕਲਾਤਮਮਿਕ ਤਰੀਕਿਆਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਕੋਰੋਨਾ ਤੋਂ ਬਚਾਅ ਲਈ ਪ੍ਰੇਰਿਤ ਕਰਨ ਦੀਆਂ ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਸ਼ੇਸ਼ ਤੌਰ ‘ਤੇ ਸਲਾਘਾ ਕੀਤੀ। ਜਿਲ੍ਹਾ ਮੀਡੀਆ ਕੋਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਡਾ.ਹਰੀਸ਼ ਕੁਮਾਰ,ਡਾ.ਹਰਿਭਗਵਾਨ ਸ਼ਰਮਾ,ਡਾ. ਪ੍ਰਗਟ ਸਿੰਘ ,ਡਾ.ਕੁਲਵੰਤ ਜੋਗਾ,ਹਰਮੇਲ ਸੰਘੇੜਾ,ਬਿੰਦਰ ਸਿੰਘ ਖੁੱਡੀ ਕਲਾਂ,ਹਰਮੇਲ ਸਿੰਘ ਅਤੇ ਦਿਨੇਸ਼ ਬਾਂਸਲ ਆਦਿ ਸਮੇਤ ਹੋਰ ਕਈ ਅਧਿਆਪਕਾਂ ਨੇ ਸ਼ਿਰਕਤ ਕੀਤੀ।