ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਟਾਕਰਾ ਸਮੁੱਚੀ ਮਾਨਵਤਾ ਵਾਸਤੇ ਚੁਣੌਤੀ
ਹਰਿੰਦਰ ਨਿੱਕਾ ਬਰਨਾਲਾ, 7 ਅਪਰੈਲ 2020
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇੲਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦਿੱਲੀ ਮਜਲਸ ਤੋਂ ਬਾਅਦ ਤਬਲੀਗੀ ਜਮਾਤ ਨਾਲ ਸਬੰਧਤ ਮੁਸਲਿਮ ਲੋਕਾਂ ਅੰਦਰ ਵਾਇਰਸ ਦੇ ਲੱਛਣ ਪਾਏ ਜਾਣ ਅਤੇ ਕੁੱਝ ਲੋਕਾਂ ਦੇ ਮੌਤ ਦਾ ਸ਼ਿਕਾਰ ਹੋ ਜਾਣ ਬਾਅਦ ਕੇਂਦਰੀ ਹਕੂਮਤ ਨੂੰ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦਾ ਇੱਕ ਹੋਰ ਮੌਕਾ ਹਾਸਲ ਹੋ ਗਿਆ ਹੈ। ਇਹ ਫਿਰਕੂ ਫਾਸ਼ੀਵਾਦੀ ਫੇਕ ਵੀਡੀਓ ਦਾ ਸਹਾਰਾ ਲੈ ਕੇ ਮੁਸਲਿਮ ਭਾਈਚਾਰੇ ਨੂੰ ਕਰੋਨਾ ਵਾਇਰਸ ਦੀ ਲਾਗ ਲਾਉਣ ਵਾਸਤੇ ਤਬਲੀਗੀ ਜਮਾਤ ਨੂੰ ਹੀ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਦੂਸਰੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜ਼ਰੀਵਾਲ ਸਰਕਾਰ ਅਤੇ ਦਿੱਲੀ ਪੁਲਸ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰਹੀਆਂ ਗੰਭੀਰ ਕੁਤਾਹੀਆਂ ਨੂੰ ਢੱਕ ਰਹੇ ਹਨ। ਉਹ ਤਬਲੀਗੀ ਜਮਾਤ ਨੂੰ ਵਾਇਰਸ ਫੈਲਾਉਣ ਦੇ ਦੋਸ਼ੀ ਦਸਦੇ ਹੋਏ ਇਹ ਲੁਕਾਉਣ ਦੀ ਕੋਸ਼ਿਸ ਕਰ ਰਹੇ ਹਨ ਕਿ ਦਿੱਲੀ ਮਜਲਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਾ ਸਿਰਫ਼ ਭਾਰਤ ਵਿੱਚੋ ਬਲਕਿ ਵਿਦੇਸ਼ਾਂ ਖਾਸ ਕਰਕੇ ਮਲੇਸ਼ੀਆ, ਇੰਡੋਨੇਸ਼ੀਆ, ਬੰਗਲਾ ਦੇਸ਼,ਸਾਊਦੀ ਅਰਬੀ ਵਿੱਚੋਂ ਹਜ਼ਾਰਾਂ ਮੁਸਲਮਾਨ ਸ਼ਾਮਲ ਹੋਏ, ਉਹ ਵੀ ਉਦੋਂ ਜਦ ਪੂਰੀ ਦੁਨੀਆਂ ਅੰਦਰ ਕੋਵਡ–19 ਨਾਮ ਦੀ ਭਿਆਨਕ ਮਹਾਂਮਾਰੀ ਫੈਲ ਚੁੱਕੀ ਸੀ। ਐਨਾ ਵੱਡਾ ਇਕੱਠ ਜੋ 13 ਮਾਰਚ ਤੋਂ 15 ਮਾਰਚ ਤੱਕ ਚੱਲਿਆ, ਇਸ ਦੀ ਇਜ਼ਾਜਤ ਕਿਸਨੇ ਦਿੱਤੀ, ਕੀ ਇਸ ਲਈ ਹਿੰਦੋਸਤਾਨ ਦੀ ਕੇਂਦਰ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਪੁਲਸ ਜ਼ਿੰਮੇਵਾਰ ਨਹੀਂ, ਜਿਸ ਦੀ ਬੁੱਕਲ ਵਿੱਚ ਦੇਸ਼ ਵਿਦੇਸ਼ ਤੋਂ ਆ ਕੇ ਐਨੀ ਭੀੜ ਇਕੱਤਰ ਹੋਈ। ਮੋਦੀ ਸਰਕਾਰ ਨੂੰ ਆਪਣੇ ਵੱਲੋਂ ਕੋਈ ਢੁੱਕਵਾਂ ਮੌਕਾ ਦਿੱਤੇ ਬਗੈਰ ਅਚਾਨਕ ਕੀਤੇ ਦੇਸ਼ ਵਿਆਪੀ ਲੌਕ ਡਾਊਨ ‘ਚ ਫਸੇ ਹਜ਼ਾਰਾਂ ਲੋਕਾਂ ਨੂੰ ਆਪਣੇ ਟਿਕਾਣਿਆਂ ‘ਤੇ ਪਹੁੰਚਾਣ ਦੀ ਚਿੰਤਾ ਕਿਉਂ ਨਾ ਹੋਈ। ਮਜਲਸ ਦੇ ਸੰਚਾਲਕਾਂ ਵੱਲੋਂ ਪੁਲਸ ਨੂੰ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉੱਥੇ ਇਕੱਠੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਇੰਤਜ਼ਾਮ ਕਿਓਂ ਨਹੀਂ ਕੀਤੇ ਗਏ। ਸਪਸ਼ਟ ਹੈ ਕਿ ਦਿੱਲੀ ਮਜਲਸ ਵਿੱਚ ਤਬਲੀਗੀ ਜਮਾਤ ਦਾ ਜਿਸ ਸਮੇਂ ਇਕੱਠ ਹੋਇਆ ਦੇਸ਼ ਦੇ ਹੋਰਨਾ ਮੰਦਰਾਂ, ਗੁਰਦਵਾਰਿਆਂ, ਮਸਿਜਿਦਾਂ ਆਦਿ ਵਿੱਚ ਵੀ ਹੋ ਰਹੇ ਇਕੱਠਾਂ ਨੂੰ ਪੂਰੀ ਜਿੰਮੇਵਾਰੀ ਨਾਲ ਰੋਕਿਆ ਨਹੀਂ ਗਿਆ। ਬਲਕਿ ਉਸ ਸਮੇਂ ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਅਯੁੱਧਿਆ ਵਿਖੇ ਰਾਮ ਮੰਦਰ ਦਾ ਸ੍ਰੀ ਗਣੇਸ਼ ਕਰਨ ਲਈ ਭਾਰੀ ਇਕੱਠ ਵਿੱਚ ਹਾਜ਼ਰ ਰਿਹਾ ਸੀ ਅਤੇ ਮੋਦੀ ਭਗਤਾਂ ਦਾ ਹਜ਼ੂਮ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਡੇਗਣ ਅਤੇ ਭਾਜਪਾ ਦੇ ਸ਼ਿਵਰਾਜ ਸਿੰਘ ਚੌਹਾਨ ਨੂੰ ਗੱਦੀ ਨਸ਼ੀਨ ਕਰਨ ਦੇ ਜਸ਼ਨ ਮਨਾ ਰਹੇ ਸਨ।
ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਟਾਕਰਾ ਸਮੁੱਚੀ ਮਾਨਵਤਾ ਵਾਸਤੇ ਚੁਣੌਤੀ ਹੈ । ਇਸਨੂੰ ਫ਼ਿਰਕੂ ਰੰਗਤ ਦੇਣ ਅਤੇ ਕਿਸੇ ਇੱਕ ਫਿਰਕੇ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣ ਦਾ ਮਾਨਵਤਾ ਵਿਰੋਧੀ ਕਦਮ ਹੈ । ਜਿਸ ਦਾ ਮਕਸਦ ਮੁਸਲਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਫਿਰਕੂ ਹਜ਼ੂਮਾਂ ਨੂੰ ਉਤਸ਼ਾਹਤ ਕਰਨਾ ਹੈ, ਅਜਿਹੀਆਂ ਘਟੀਆਂ ਕਰਤੂਤਾਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਮੋਦੀ ਸਰਕਾਰ ਨੂੰ ਚਾਹੀਦਾ ਹੈ ਇਸ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਫਰੰਟ ਉੱਤੇ ਲੜ੍ਹ ਰਹੇ ਡਾਕਟਰਾਂ, ਹੋਰ ਸਿਹਤ ਅਤੇ ਸਫਾਈ ਕਾਮਿਆਂ ਨੂੰ ਲੋੜੀਂਦੇ ਸਾਜੋਸਮਾਨ ਨਾਲ ਲੈਸ ਕਰੇ ਅਤੇ ਆਪਣਾ ਰੁਜ਼ਗਾਰ ਗਵਾ ਚੁੱਕੇ ਕਾਮਿਆਂ ਅਤੇ ਗਰੀਬਾਂ ਲਈ ਸਹੂਲਤਾਂ ਦਾ ਇੰਤਜ਼ਾਮ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਊਣ ਦੇ ਹੱਕ ਦੀ ਗਰੰਟੀ ਹੋ ਸਕੇ।