ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ – ਕੇਸ ਦਰਜ਼ , ਦੋਸ਼ੀ ਗਿਰਫਤਾਰ
ਸਾਬਕਾ ਐਮ.ਐਲ.ਏ. ਖੇੜੀ ਨੇ ਕਿਹਾ ਦੋਸ਼ੀ ਨੇ ਸਖਤ ਸਜਾ ਦਿਵਾਏ ਪੁਲਿਸ
ਬਰਨਾਲਾ ਪੁਲਿਸ ਦਾ ਕਮਾਲ- ਕੁਝ ਮਹੀਨੇ ਪਹਿਲਾਂ ਢਾਈ ਸਾਲ ਦੀ ਬੱਚੀ ਨਾਲ ਰੇਪ ਕੇਸ ਦੇ ਨਾਮਜ਼ਦ ਦੋਸ਼ੀ ਨੂੰ ਪੁਲਿਸ ਕਰਵਾ ਚੁੱਕੀ ਐ ਡਿਸਚਾਰਜ
ਹਰਿੰਦਰ ਨਿੱਕਾ ਬਰਨਾਲਾ 28 ਅਕਤੂਬਰ 2020
ਜਿਲ੍ਹੇ ਦੇ ਥਾਣਾ ਧਨੌਲਾ ਦੇ ਇੱਕ ਪਿੰਡ ‘ਚ ਹਵਸ ਦੇ ਅੰਨ੍ਹੇ ਇੱਕ ਨੌਜਵਾਨ ਨੇ ਦਲਿਤ ਸਮਾਜ ਦੀ ਇੱਕ 4 ਵਰ੍ਹਿਆਂ ਦੀ ਮਾਸੂਮ ਬਾਲੜੀ ਨਾਲ ਬਲਾਤਕਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ, ਜਦੋਂ ਕਿ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੋਸ਼ੀ ਖਿਲਾਫ ਕੇਸ ਦਰਜ਼ ਉਸ ਨੂੰ ਗਿਰਫਤਾਰ ਵੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਖੇਡਦੀ ਹੋਈ ਦੋਸ਼ੀ ਦੇ ਘਰ ਚਲੀ ਗਈ। ਉਦੋਂ ਦੋਸ਼ੀ ਘਰ ਅੰਦਰ ਇਕੱਲਾ ਹੀ ਸੀ, ਉਸਨੇ ਮਾਸੂਮ ਬੱਚੀ ਨੂੰ ਬੈਡ ਤੇ ਲਿਜਾ ਕੇ ਬਲਾਤਕਾਰ ਕੀਤਾ। ਰੋਂਦੀ ਚੀਖਦੀ ਬੱਚੀ ਨੇ ਇਸ ਘਟਨਾ ਬਾਰੇ ਆਪਣੀ ਮਾਂ ਨੂੰ ਦੱਸਿਆ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪਰਿਵਾਰ ਥਾਣੇ ਪਹੁੰਚਿਆਂ , ਪਰੰਤੂ ਦੋਸ਼ੀ ਸੁਖਵਿੰਦਰ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਵਾਰ ਮੌਕਾ ਵਾਰਦਾਤ ਤੋਂ ਫਰਾਰ ਹੋ ਗਿਆ।
ਘਟਨਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਬਾਲੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਦੋਸ਼ੀ 16 ਕੁ ਵਰ੍ਹਿਆਂ ਦਾ ਨਾਬਾਲਿਗ ਨੌਜਵਾਨ ਹੈ। ਘਟਨਾ ਦੀ ਪੜਤਾਲ ਲਈ ਲਈ ਐਸਪੀ ਐਚ ਹਰਬੰਤ ਕੌਰ ਵੀ ਮੌਕੇ ਤੇ ਪਹੁੰਚੀ। ਐਸ.ਆਈ. ਰਾਜਪਾਲ ਕੌਰ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਸੁਖਵਿੰਦਰ ਸਿੰਘ ਨਿਵਾਸੀ ਦਾਨਗੜ੍ਹ ਦੇ ਖਿਲਾਫ ਅਧੀਨ ਜੁਰਮ 376ਏ ਬੀ/ 6 ਪੋਕਸੋ ਐਕਟ ਅਤੇ ਐਸ.ਸੀ/ਐਸ.ਟੀ. ਐਕਟ ਦੀ ਸੈਕਸ਼ਨ 2/3 ਤਹਿਤ ਧਾਨਾ ਧਨੌਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਕਿਹਾ ਕਿ ਦੋਸ਼ੀ ਨੂੰ ਗਿਰਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜਿਲਾ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਪੀੜਤ ਬੱਚੀ ਦੇ ਪਰਿਵਾਰ ਨੂੰ ਮੁਆਵਜਾ ਦਿਵਾਉਣ ਦੀ ਪ੍ਰਕਿਰਿਆ ਵੀ ਆਰੰਭ ਦਿੱਤੀ ਹੈ।
ਸਾਬਕਾ ਐਮ.ਐਲ.ਏ. ਅਤੇ ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਰਾਜ ਸਿੰਘ ਖੇੜੀ ਨੇ ਕਿਹਾ ਕਿ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਖੇੜੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਫ ਤੇ ਸਪੱਸ਼ਟ ਹੁਕਮ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਗੋਂ ਅਜਿਹੇ ਕੇਸਾਂ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਯਕੀਨੀ ਬਣਾਈਆਂ ਜਾਣ।
ਕੌੜਾ ਸੱਚ-ਕੀ ਬਲਾਤਕਾਰ ਪੀੜਤ ਢਾਈ ਸਾਲਾ ਮਾਸੂਮ ਬੱਚੀ ਦੇ ਕੇਸ ਵਾਲਾ ਹੀ ਹਸ਼ਰ ਹੋਊ 4 ਸਾਲਾ ਪੀੜਤ ਬੱਚੀ ਦੇ ਕੇਸ ਦਾ ?
ਚਾਲੂ ਸਾਲ ਅੰਦਰ ਹੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਇਹ ਦੂਸਰੀ ਘਟਨਾ ਹੈ। ਕੁੱਝ ਮਹੀਨੇ ਪਹਿਲਾਂ ਵੀ ਇੱਕ ਢਾਈ ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਸ਼ਿਵ ਵਾਟਿਕਾ ਕਲੋਨੀ ਵਿੱਚ ਵੀ ਵਾਪਰੀ ਸੀ। ਪੁਲਿਸ ਦੁਆਰਾ ਪੀੜਤ ਬੱਚੀ ਦੀ ਮਾਂ ਦੇ ਬਿਆਨ ਤੇ ਦੋਸ਼ੀ ਖਿਲਾਫ ਬਲਾਤਕਾਰ ਦਾ ਕੇਸ ਵੀ ਦਰਜ਼ ਕੀਤਾ ਗਿਆ ਤੇ ਦੋਸ਼ੀ ਨੂੰ ਕੇਸ ਦਰਜ਼ ਕਰਨ ਤੋਂ ਤੁਰੰਤ ਬਾਅਦ ਗਿਰਫਤਾਰ ਵੀ ਕੀਤਾ ਗਿਆ ਸੀ । ਪਰੰਤੂ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਦਾ ਪੂਰਾ ਜੋਰ ਗਿਰਫਤਾਰ ਦੋਸ਼ੀ ਨੂੰ ਡਿਸਚਾਰਜ ਕਰਵਾਉਣ ਤੇ ਲੱਗਿਆ ਰਿਹਾ । ਪੁਲਿਸ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਕੇਸ ਖਾਰਿਜ ਕਰਵਾਉਣ ਲਈ ਕੈਂਸਲੇਸ਼ਨ ਦੀ ਕੋਸ਼ਿਸ਼ ਵੀ ਕੀਤੀ । ਪਰੰਤੂ ਇਹ ਮੁੱਦਾ ਬਰਨਾਲਾ ਟੂਡੇ ਨੇ ਪ੍ਰਮੁੱਖਤਾ ਨਾਲ ਉਭਾਰਿਆ। ਇਸ ਕੇਸ ਵਿੱਚ ਨਾਮਜਦ ਦੋਸ਼ੀ ਦੀ ਜਮਾਨਤ ਅਦਾਲਤ ਨੇ ਨਾ ਮਨਜੂਰ ਕਰ ਦਿੱਤੀ, ਪਰੰਤੂ ਪੁਲਿਸ ਦੀ ਮਿਹਰਬਾਨੀ ਸਦਕਾ, ਦੋਵਾਂ ਪਰਿਵਾਰਾਂ ਵਿੱਚ ਹੋਇਆ ਸਮਝੌਤਾ ਲਾਗੂ ਕਰਕੇ ਕੇਸ ਦੇ ਨਾਮਜ਼ਦ ਦੋਸ਼ੀ ਨੂੰ ਅਦਾਲਤ ਤੋਂ ਡਿਸਚਾਰਜ ਕਰਵਾ ਵੀ ਦਿੱਤਾ ਗਿਆ ।
ਕਾਸ਼! ਪੁਲਿਸ ਨੇ ਦੋਸ਼ੀ ਨੂੰ ਸਜਾ ਦਿਵਾਉਣ ਲਈ ਜੋਰ ਲਾਇਆ ਹੁੰਦਾ ਤਾਂ ਜਿਲ੍ਹੇ ਅੰਦਰ ਅੱਜ ਇੱਕ ਹੋਰ ਮਾਸੂਮ ਲੜਕੀ ਹਵਸ ਦੇ ਦਰਿੰਦੇ ਦਾ ਸ਼ਿਕਾਰ ਨਾ ਬਣਦੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਹੁਣ ਵਾਲੀ ਘਟਨਾ ਦੇ ਦੋਸ਼ੀ ਨੂੰ ਪੁਲਿਸ ਸਜਾ ਕਰਵਾਉਣ ਲਈ ਜੋਰ ਲਾਵੇਗੀ ਜਾਂ ਫਿਰ ਢਾਈ ਸਾਲਾ ਮਾਸੂਮ ਦੇ ਦੋਸ਼ੀ ਵਾਂਗ 4 ਵਰ੍ਹਿਆਂ ਦੀ ਪੀੜਤ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦਰਿੰਦੇ ਨੂੰ ਵੀ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਕਰਵਾ ਕੇ ਅਦਾਲਤ ਤੋਂ ਰਿਹਾ ਕਰਵਾਉਣ ਵਿੱਚ ਯੋਗਦਾਨ ਪਾਵੇਗੀ।