ਪੀੜਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਕੀਤਾ ਐਲਾਨ
ਸਿਰਫ਼ ਘਰ ਨਹੀ , ਸੁਰੱਖਿਅਤ ਘਰ ਬਣਾਓ- ਸਿਹਤ ਮੰਤਰੀ ਵੱਲੋਂ ਅਰਥਿੰਗ ਕਰਨ ਦੀ ਸਲਾਹ
ਬਲਵਿੰਦਰ ਪਾਲ, ਪਟਿਆਲਾ 1 ਜੂਨ 2025
ਪਟਿਆਲਾ ਦੇ ਖਾਲਸਾ ਨਗਰ ਭਾਦਸੋਂ ਰੋਡ ਵਿਖੇ ਅਸਮਾਨੀ ਬਿਜਲੀ ਗਿਰਣ ਕਰਕੇ ਤਿੰਨ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਦੀ ਸੂਚਨਾਂ ਮਿਲਣ ‘ ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ , ਤੁਰੰਤ ਘਟਨਾਂ ਵਾਲੀ ਥਾਂ ‘ ਤੇ ਪੰਹੁਚ ਕੇ ਪ੍ਰਭਾਵਿਤ ਪਰਿਵਾਰਾਂ ਦੀ ਹਾਲਤ ਦਾ ਜਾਇਜਾ ਅਤੇ ਹੌਸਲਾ ਦੇਣ ਲਈ ਪਹੁੰਚੇ। ਉਹਨਾਂ ਪ੍ਰਭਾਵਿਤ ਘਰਾਂ ਦਾ ਮੁਆਇਨਾਂ ਕੀਤਾ , ਪਰਿਵਾਰ ਨਾਲ ਮਿਲੇ ਅਤੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਮਾਲੀ ਸਹਾਇਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ।
ਸਿਹਤ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਦੁੱਖ ਦੀ ਇਸ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਸੰਭਵ ਮਦਦ ਕੀਤੀ ਜਾਵੇਗੀ । ਉਹਨਾਂ ਇਹ ਵੀ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਤੁਰੰਤ ਜਾਰੀ ਕਰਵਾਈ ਜਾਵੇਗੀ ਅਤੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਉਹਨਾਂ ਵਿਭਾਗੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ।
ਸਿਹਤ ਮੰਤਰੀ ਨੇ ਕਿਹਾ ਕਿ ਸਿਰਫ਼ ਘਰ ਬਣਾਉਣਾ ਹੀ ਕਾਫੀ ਨਹੀ, ਘਰ ਦੀ ਸੁਰੱਖਿਆ ਵੀ ਉਨੀ ਹੀ ਜਰੂਰੀ ਹੈ । ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਵਾਂ ਮਕਾਨ ਬਣਾਉਣ ਸਮੇਂ ਸਹੀ ਤਰੀਕੇ ਨਾਲ ਅਰਥਿੰਗ ਕਰਵਾਉਣਾ ਲਾਜ਼ਮੀ ਹੈ । ਉਹਨਾਂ ਕਿਹਾ ਕਿ ਅਕਸਰ ਲੋਕ ਘਰ ਦੀ ਸੁੰਦਰਤਾ , ਡਿਜ਼ਾਈਨ ਜਾਂ ਮੁਰੰਮਤ ਤੇ ਖਰਚ ਕਰ ਲੈਂਦੇ ਹਨ ਪਰ ਅਰਥਿੰਗ ਵਰਗੀ ਜਰੂਰੀ ਸੁਰੱਖਿਆ ਵਿਧੀ ਨੂੰ ਅਣਦੇਖਾ ਕਰ ਜਾਂਦੇ ਹਨ ।ਉਹਨਾਂ ਕਿਹਾ ਅਨਅਰਥਡ ਮਕਾਨਾਂ ਵਿੱਚ ਬਿਜਲੀ ਦਾ ਝਟਕਾ ਜਾਨਲੇਵਾ ਹੋ ਸਕਦਾ ਹੈ । ਉਹਨਾਂ ਕਿਹਾ ਕਿ ਅਜਿਹੀਆਂ ਘਟਨਾਂਵਾਂ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਵਿੱਚ ਅਰਥਿੰਗ ਕਰਵਾਉਣ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ।
ਇਸ ਮੌਕੇ ਪ੍ਰਭਾਵਿਤ ਪਰਿਵਾਰ ਦੀ ਮਹਿਲਾ ਜੋ ਕਿ ਆਂਗਨਵਾੜੀ ਵਰਕਰ ਹੈ ਉਸ ਨੇ ਦੱਸਿਆ ਕਿ ਇਹ ਬਿਜਲੀ ਮੌਤ ਨਹੀ ਲੈ ਕੇ ਆਈ, ਪਰ ਇਹ ਸਭ ਕੁੱਝ ਲੈ ਗਈ । ਘਰ ਵਿੱਚ ਟੀ.ਵੀ., ਫਰਿਜ, ਏ.ਸੀ., ਗੀਜ਼ਰ, ਇਨਵਰਟਰ, ਇਲੈਕਟ੍ਰਿਕ ਮੀਟਰ , ਬਿਜਲੀ ਦੀਆਂ ਤਾਰਾਂ ਗੱਦੇ ਸਭ ਕੁੱਝ ਫੁਕ ਹੋ ਗਿਆ । ਉਸ ਨੇ ਦੱਸਿਆ ਕਿ ਮਕਾਨ ਦੀਆਂ ਛੱਤਾਂ ਵੀ ਟੁੱਟ ਗਈਆਂ, ਕੰਧਾਂ ‘ਚ ਦਰਾਰਾਂ ਪੈ ਗਈਆਂ, ਮੰਜੇ ਬਿਸਤਰੇ ਗੱਦੇ ਅਤੇ ਰਸੋਈ ਦਾ ਸਮਾਨ ਵੀ ਨਸ਼ਟ ਹੋ ਗਿਆ । ਪਰਿਵਾਰ ਵੱਲੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਹੈ । ਇਸ ਮੌਕੇ ਇਲਾਕੇ ਦੇ ਲੋਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।