ਹਰਿੰਦਰ ਨਿੱਕਾ, ਪਟਿਆਲਾ 15 ਜੂਨ 2025
ਸੋਸ਼ਲ ਮੀਡੀਆ ‘ਤੇ ਠੱਗ ਗਿਰੋਹਾਂ ਵੱਲੋਂ ਸੁੱਟੇ ਜਾਲ ਵਿੱਚ ਭੋਲੋ-ਭਾਲੇ ਵਿਅਕਤੀਆਂ ਦੇ ਫਸ ਜਾਣ ਦੀਆਂ ਘਟਨਾਵਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਇਸੇ ਹੀ ਤਰਾਂ ਦੇ ਠੱਗ ਗਿਰੋਹ ਦੇ ਖਿਲਾਫ ਇੱਕ ਮਾਮਲਾ ਪੁਲਿਸ ਨੇ ਇੱਕ ਔਰਤ ਸਣੇ 5/6 ਜਣਿਆਂ ਦੇ ਵਿਰੁੱਧ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਹੋਇਆ ਹੈ।
ਗਿਰੋਹ ਨੇ ਕਿਵੇਂ ਤਣਿਆਂ ਤਾਣਾ ‘ਤੇ
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਜਸਪ੍ਰੀਤ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ ਜਿਲਾ ਸੰਗਰੂਰ ਨੇ ਦੱਸਿਆ ਉਸ ਦੀ ਸੋਸ਼ਲ ਮੀਡੀਆ ਪਰ ਇੱਕ ਹਰਸਿਤਾ ਨਾਮ ਦੀ ਲੜਕੀ ਨਾਲ ਮੁਲਾਕਾਤ ਹੋਈ ਸੀ, ਜੋ ਲੜਕੀ ਦੇ ਕਹਿਣ ਪਰ ਮੁਦਈ ਉਸ ਦੀ ਸਹੇਲੀ ਦੇ ਜਨਮ ਦਿਨ ਲਈ 12 ਦਿਨ ਪਹਿਲਾਂ ਸਮਾਂ ਰਾਤ ਕਰੀਬ 9 ਵਜੇ ਫੇਸ-2 ਅਰਬਨ ਅਸਟੇਟ ਪਟਿਆਲਾ ਵਿਖੇ ਆ ਗਿਆ।
ਇੱਨ੍ਹੇ ਵਿੱਚ ਹੀ ਹਰਸਿਤਾ ਇੱਕ ਲੜਕੇ ਨਾਲ ਵਰਨਾ ਕਾਰ ਵਿੱਚ ਆਈ, ਜੋ ਮੁਦਈ ਉਹਨਾ ਨਾਲ ਬੈਠ ਕੇ ਸਰਹੰਦ ਰੋਡ ਪਟਿਆਲਾ ਵਿਖੇ ਚਲਾ ਗਿਆ, ਹਰਸਿਤਾ ਤਾਂ ਕਾਰ ਵਿੱਚੋ ਉਤਰ ਗਈ, ਪਰ ਤਿੰਨ ਹੋਰ ਵਿਅਕਤੀ ਕਾਰ ਵਿੱਚ ਸਵਾਰ ਹੋ ਗਏ, ਜੋ ਕਾਰ ਵਿੱਚ ਬੈਠਦਿਆਂ ਹੀ ਉਹਨਾਂ ਲੜਕਿਆਂ ਨੇ ਮੁਦਈ ਦੀ ਅੱਖਾਂ ਪਰ ਪੱਟੀ ਬੰਨ੍ਹ ਦਿੱਤੀ ਅਤੇ ਮੁਦਈ ਦੇ ਕੰਨ ਪਰ ਪਿਸਟਲ ਲਾ ਕੇ ਫੋਨ ਖੋਹ ਲਿਆ ਤੇ ਡਾਟਾ ਆਪਣੇ ਮੋਬਾਇਲ ਵਿੱਚ ਟਰਾਸਫਰ ਕਰਕੇ ਮੁਦਈ ਨੂੰ ਕਿਸੇ ਅਣਦੱਸੀ ਜਗ੍ਹਾ ਪਰ ਲੈ ਗਏ ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫਿਰ ਓਹ ਮੁਦਈ ਨੂੰ ਕਹਿਣ ਲੱਗੇ ਕਿ ਆਪਣੇ ਦੋਸਤਾਂ ਤੋਂ 1 ਲੱਖ ਰੁਪਏ ਮੰਗਵਾ ਦੇ, ਜੋ ਦੋਸ਼ੀਆਨ ਨੇ ਮੁਦਈ ਦੀ ਉਸ ਦੇ ਦੋਸਤ ਨਾਲ ਪੈਸਿਆਂ ਸਬੰਧੀ ਗੱਲ ਕਰਵਾ ਦਿੱਤੀ ਅਤੇ ਉਸ ਨੇ ਕਿਹਾ ਕਿ ਉਹ ਸਿਰਫ 25/30 ਹਜਾਰ ਦਾ ਹੀ ਪ੍ਰਬੰਧ ਕਰ ਸਕਦਾ ਹੈ,
ਜਦੋਂ ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ..
ਮੁਦਈ ਨੇ ਦੱਸਿਆ ਕਿ ਜਦੋਂ ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਅਗਲੇ ਦਿਨ ਸਮਾ 5.30 ਸ਼ਾਮ ਪਰ ਮੁਦਈ ਨੂੰ ਮਾਧੋਪੁਰ ਚੋਂਕ ਸਰਹਿੰਦ ਵਿਖੇ ਕਾਰ ਵਿੱਚੋਂ ਉਤਾਰ ਦਿੱਤਾ ਅਤੇ ਮੁਦਈ ਆਪਣੇ ਘਰ ਆ ਗਿਆ। ਜੋ ਮਿਤੀ 9/6/2025 ਨੂੰ ਮੁਦਈ ਨੂੰ ਉਸ ਦੀ ਸਹੇਲੀ ਨਾਲ ਇਤਰਾਜਯੋਗ ਵੀਡੀਓ ਭੇਜੀਆ ਗਈਆਂ, ਜੋ ਉਸ ਸਮੇਂ ਦੋਸ਼ੀਆਂ ਨੇ ਆਪਣੇ ਮੋਬਾਇਲ ਵਿੱਚ ਟਰਾਂਸਫਰ ਕਰ ਲਈਆ ਸਨ ਅਤੇ 10 ਲੱਖ ਰੁਪਏ ਨਾ ਦੇਣ ਦੀ ਸੂਰਤ ਵਿੱਚ ਵਾਇਰਲ ਕਰਨ ਦੀ ਮੰਗ ਕੀਤੀ ਅਤੇ ਮੁਦਈ ਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆ ਧਮਕੀਆਂ ਵੀ ਦਿੱਤੀਆ। ਤਹਿਕੀਕਾਤ ਬਾਅਦ ਪਤਾ ਲੱਗਿਆ ਕਿ ਜਿਹੜੀ ਲੜਕੀ ਆਪਣਾ ਨਾਮ ਹਰਸਿਤਾ ਦੱਸ ਰਹੀ ਸੀ, ਉਸ ਦਾ ਨਾਮ ਮਨਪ੍ਰੀਤ ਕੌਰ ਹੈ ਅਤੇ ਇਹ ਸਾਰੀ ਸ਼ਾਜਿਸ ਮੁਦਈ ਦੇ ਗੁਆਂਢੀ ਸਤਗੁਰ ਸਿੰਘ ਨੇ ਹੀ ਦੋਸ਼ੀਆਂ ਨਾਲ ਰਲ ਕੇ ਰਚੀ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੀ ਸ਼ਕਾਇਤ ਅਤੇ ਪੜਤਾਲ ਤੋਂ ਬਾਅਦ ਮਨਪ੍ਰੀਤ ਕੌਰ ਵਾਸੀ ਪਿੰਡ ਗੜ੍ਹੀ, ਜਿਲ੍ਹਾ ਰੋਪੜ, ਸਤਗੁਰ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ ਜਿਲਾ ਸੰਗਰੂਰ, ਜੁਗਨੂੰ ਅਤੇ ਸਮਨਦੀਪ ਸਿੰਘ ਦੋਵੇਂ ਵਾਸੀ ਪਿੰਡ ਭੂਟਾਲ ਕਲਾਂ, ਥਾਣਾ ਲਹਿਰਾ ਜਿਲ੍ਹਾ ਸੰਗਰੂਰ ਅਤੇ 1/2 ਹੋਰ ਨਾ-ਮਾਲੂਮ ਵਿਅਕਤੀਆਂ ਖਿਲਾਫ U/S 127(2), 308(2),351(2),61(2) BNS, Sec 67 IT Act, Sec 27/54/59 Arms Act ਤਹਿਤ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।







