ਮੱਖਣ ਧਨੌਲਾ ਨੇ ਦਵਿੰਦਰ ਬੀਹਲਾ ਦੇ ਸ਼ਾਮਿਲ ਹੋਣ ਸਮੇਂ ਸੰਭਾਲਿਆ ਦੀ ਸੁਖਬੀਰ ਬਾਦਲ ਦਾ ਮੰਚ
ਮੱਖਣ ਧਨੌਲਾ ਦਾ ਕਰੀਬੀ ਵੱਡਾ ਅਕਾਲੀ ਆਗੂ ਵੀ ਮੰਡਰਾਉਂਦਾ ਰਿਹਾ ਸੀ.ਆਈ.ਏ ਦੇ ਨੇੜੇ !
ਹਰਿੰਦਰ ਨਿੱਕਾ ਬਰਨਾਲਾ 30 ਸਤੰਬਰ 2020
ਮਥੂਟ ਫਾਇਨਾਂਸ ਧਨੌਲਾ ‘ ਚੋਂ ਲੁੱਟ ਦੀ ਕੋਸ਼ਿਸ਼ ਦੇ ਦੌਰਾਨ ਇੱਕ ਪ੍ਰਵਾਸੀ ਮਜਦੂਰ ਦੀ ਹੱਤਿਆ ਅਤੇ 70 ਤੋਲੇ ਸੋਨਾ ਚੋਰੀ ਕਰਨ ਦੀਆਂ ਵੱਡੀਆਂ ਵਾਰਦਾਤਾਂ ਲਈ ਲੁਟੇਰਾ ਗੈਂਗ ਦੇ ਗਾਈਡ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਧਨੌਲਾ ਦੇ ਸਾਬਕਾ ਪ੍ਰਧਾਨ ਮੱਖਣ ਸਿੰਘ ਧਨੌਲਾ ਨੂੰ ਵੀ ਸੀਆਈਏ ਪੁਲਿਸ ਨੇ ਅੱਜ ਗਿਰਫਤਾਰ ਕਰ ਲਿਆ। ਜਦੋਂ ਕਿ ਮੱਖਣ ਦੇ ਕਰੀਬੀ ਸਾਥੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਸਰਕਲ ਧਨੌਲਾ ਦੇ ਜਿਲ੍ਹਾ ਪ੍ਰਧਾਨ ਗੌਰਵ ਕੁਮਾਰ ਨੂੰ ਗੈਂਗ ਦੇ 3 ਹੋਰ ਮੈਂਬਰਾਂ ਸਮੇਂ ਪੁਲਿਸ ਨੇ ਕੱਲ੍ਹ ਹੀ ਕਾਬੂ ਕਰ ਲਿਆ ਸੀ। ਐਸਐਸਪੀ ਸੰਦੀਪ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀ ਮੱਖਣ ਸਿੰਘ ਧਨੌਲਾ ਤੋਂ ਵੀ ਪੁੱਛਗਿੱਛ ਜਾਰੀ ਹੈ। ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਹੋਰ ਵਾਰਦਾਤਾਂ ਸੰਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ। ਉਨਾਂ ਕਿਹਾ ਕਿ ਇਲਾਕੇ ਅੰਦਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਂਵੇ ਉਹ ਦੋਸ਼ੀ ਕਿੰਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।
ਸੁਖਬੀਰ ਸਿੰਘ ਬਾਦਲ ਦੀ ਬੀਹਲਾ ਆਮਦ ਮੌਕੇ ਮੰਚ ਸੰਚਾਲਕ ਸੀ ਮੱਖਣ
ਅਕਾਲੀ ਜਥੇਦਾਰ ਮੱਖਣ ਸਿੰਘ ਧਨੌਲਾ ਬੇਸ਼ੱਕ ਹੁਣ ਲੁੱਟਾਂ ਖੋਹਾਂ/ਕਤਲ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਗਿਰਫਤਾਰ ਕਰ ਲਿਆ ਗਿਆ ਹੈ। ਪਰੰਤੂ ਹਕੀਕਤ ਇਹ ਵੀ ਹੈ ਕਿ ਮੱਖਣ ਧਨੌਲਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਾਫੀ ਕਰੀਬੀਆਂ ਵਿੱਚ ਸ਼ੁਮਾਰ ਰਿਹਾ ਹੈ। ਅਕਾਲੀ ਦਲ ਵਿੱਚ ਮੱਖਣ ਧਨੌਲਾ ਦੇ ਕੱਦ ਦਾ ਅੰਦਾਜਾ ਇਸ ਗੱਲ ਤੋਂ ਵੀ ਭਲੀਭਾਂਤ ਲਾਇਆ ਜਾ ਸਕਦਾ ਹੈ ਕਿ ਜਦੋਂ ਕੁਝ ਮਹੀਨੇ ਪਹਿਲਾਂ ਆਪ ਤੋਂ ਅਲੱਗ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨੂੰ ਅਲਵਿਦਾ ਕਹਿ ਕੇ ਦਵਿੰਦਰ ਸਿੰਘ ਬੀਹਲਾ ਨੂੰ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ ਤਾਂ ਉਦੋਂ ਮੰਚ ਸੰਚਾਲਕ ਦੀ ਭੁਮਿਕਾ ਜਥੇਦਾਰ ਮੱਖਣ ਸਿੰਘ ਧਨੌਲਾ ਨੇ ਹੀ ਸੰਭਾਲੀ ਸੀ। ਇਸ ਤੋਂ ਇਲਾਵਾ ਵੱਖ ਵੱਖ ਮੌਕਿਆ ਤੇ ਮੱਖਣ ਸਿੰਘ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਮਾਗਮਾਂ ਮੌਕੇ ਵੀ ਮੱਖਣ ਦੀ ਅਹਿਮ ਭੂਮਿਕਾ ਰਹਿੰਦੀ ਰਹੀ ਹੈ। ਦਵਿੰਦਰ ਸਿੰਘ ਬੀਹਲਾ ਦੁਆਰਾ ਆਪਣੀ ਪਹਿਚਾਣ ਬਣਾਉਣ ਲਈ ਜੋਰਦਾਰ ਢੰਗ ਨਾਲ ਹਲਕਾ ਬਰਨਾਲਾ ਅੰਦਰ ਵਿੱਢੀ ਮੁਹਿੰਮ ‘ਚ ਵੀ ਮੱਖਣ ਦੀ ਅਹਿਮ ਭੂਮਿਕਾ ਰਹੀ ਹੈ। ਮੱਖਣ ਸਿੰਘ ਦੀ ਅਕਾਲੀ ਦਲ ਅੰਦਰ ਪੁਜੀਸ਼ਨ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮੱਖਣ ਧਨੌਲਾ ਦੀ ਗਿਰਫਤਾਰੀ ਤੋਂ ਬਾਅਦ ਖੁਦ ਨੂੰ ਇਲਾਕੇ ਦਾ ਵੱਡਾ ਆਗੂ ਸਮਝ ਕੇ ਵਿਚਰ ਰਿਹਾ ਆਗੂ ਸੀਆਈਏ ਵੀ ਪਹੁੰਚ ਗਿਆ ਸੀ।
ਜਥੇਦਾਰ ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ- ਕੁਲਵੰਤ ਸਿੰਘ ਕੀਤੂ
ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ ਐੱਸ ਪੀ ਬਰਨਾਲਾ ਵੱਲੋ ਕੀਤੀ ਗਈ ਕਾਨਫਰੰਸ ਤੋ ਬਾਅਦ ਸਾਨੂੰ ਜਥੇਦਾਰ ਮੱਖਣ ਸਿੰਘ ਧਨੌਲਾ ਵੱਲੋ ਕੀਤੇ ਗਏ ਸੰਗੀਨ ਜੁਰਮਾਂ ਬਾਬਤ ਪਤਾ ਚੱਲਿਆ। ਜਿਨਾਂ ਕਰਕੇ ਪਾਰਟੀ ਦੇ ਅਕਸ ਨੂੰ ਕਾਫੀ ਢਾਅ ਲੱਗੀ ਹੈ। ਉਨਾਂ ਕਿਹਾ ਕਿ ਕਿਸੇ ਵੀ ਅਕਾਲੀ ਆਗੂ ਨੂੰ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਦੀ ਅਤੇ ਅਜਿਹੇ ਗੈਰਕਾਨੂੰਨੀ ਧੰਦੇ ਕਰਨ ਦੀ ਇਜਾਜਤ ਨਹੀ ਦਿਤੀ ਜਾ ਸਕਦੀ। ਉਨਾਂ ਕਿਹਾ ਕਿ ਇਹ ਸਾਰਾ ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੇ ਓਹਨਾਂ ਦੀ ਸਹਿਮਤੀ ਨਾਲ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਜਥੇਦਾਰ ਮੱਖਣ ਸਿੰਘ ਧਨੌਲਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ।