ਸੱਟਾ ਕਿੰਗ ਹੋਇਆ ਰੂਪੋਸ਼, ਹੁਣ ਦੀਪੂ ਤੇ ਲੰਗੜੇ ਨੇ ਸੰਭਾਲੀ ਸੱਟੇ ਦੀ ਕਮਾਂਡ
ਐਸ.ਐਸ.ਪੀ. ਦੀ ਕਾਰਵਾਈ ਤੇ ਟਿਕੀਆਂ ਵਪਾਰ ਮੰਡਲ ਅਤੇ ਸ਼ਹਿਰੀਆਂ ਦੀਆਂ ਨਜ਼ਰਾਂ
ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 30 ਸਤੰਬਰ 2020
ਪੁਲਿਸ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਰਾਜਨੀਤਿਕ ਲੀਡਰਾਂ ਦੀ ਛੱਤਰ ਛਾਇਆ ਹੇਠ ਲੰਬੇ ਅਰਸੇ ਤੋਂ ਸ਼ਹਿਰ ਦੀ ਇੱਕ ਕੋਠੀ ਵਿੱਚ ਸ਼ਰੇਆਮ ਆਈ.ਪੀ.ਐਲ. ਮੈਚਾਂ ਤੇ ਲੱਗ ਰਹੇ ਲੱਖਾਂ ਰੁਪਏ ਦੇ ਸੱਟੇ ਦਾ ਖੁਲਾਸਾ ਬਰਨਾਲਾ ਟੂਡੇ ਦੁਆਰਾ ਫੋਟੋਆਂ ਸਮੇਤ ਨਸ਼ਰ ਕਰ ਦੇਣ ਤੋਂ ਬਾਅਦ ਸੱਟਾ ਕਿੰਗ ਭਾਂਵੇ ਖੁਦ ਰੂਪੋਸ਼ ਹੋ ਗਿਆ ਹੈ। ਪਰੰਤੂ ਉਸ ਦੀ ਗੈਰਮੌਜੂਦਗੀ ਵਿੱਚ ਕਾਲੇ ਕਾਰੋਬਾਰ ਦੀ ਕਮਾਂਡ ਹੁਣ ਦੀਪੂ ਅਤੇ ਲੰਗੜੇ ਨੇ ਸੰਭਾਲ ਲਈ ਹੈ। ਕੋਠੀ ਨੂੰ ਲੱਗਿਆ ਜਿੰਦਾ, ਲਗਾਤਾਰ ਦੂਜੇ ਦਿਨ ਵੀ ਨਹੀਂ ਖੁਲ੍ਹਿਆ। ਇੱਥੇ ਹੀ ਬੱਸ ਨਹੀਂ ਸੱਟੇ ਦੀ ਕੋਠੀ ਅੰਦਰ ਸਟੋਰੀਆਂ ਦੀ ਰਾਜਦਾਰ ਅਤੇ ਮਨੋਰੰਜਨ ਕਰਨ ਵਾਲੀ ਹਸੀਨਾ ਨੂੰ ਵੀ ਉਸ ਦੀ ਮਾਸੀ ਦੀ ਮੱਦਦ ਨਾਲ ਕੱਚਾ ਕਾਲਜ ਰੋਡ ਖੇਤਰ ਵਿੱਚੋਂ ਵੀ ਬਦਲ ਦਿੱਤਾ ਗਿਆ। ਯਾਨੀ ਇਹ ਸਮਝੋ ਕਿ ਅੱਜ ਹਸੀਨਾਂ ਦੇ ਲੱਕ ਦੇ ਹੁਲਾਰਿਆਂ ਤੇ ਹਜਾਰਾਂ ਰੁਪਏ ਸੁੱਟ ਕੇ ਝੂਮਣ ਵਾਲੇ ਉਸਦੇ ਕਦਰਦਾਨਾਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਦਿਖੀ।
ਪੁਲਿਸ ਦੇ ਖੁਫੀਆ ਵਿੰਗ ਨੇ ਕੋਠੀ ਨੇੜੇ ਵਧਾਈ ਚੌਕਸੀ
ਆਈਪੀਐਲ ਦੇ ਸੱਟੇ ਲਈ ਸ਼ਹਿਰ ਦੀ ਮਸ਼ਹੂਰ ਕੋਠੀ ਦੀਆਂ ਰੌਣਕਾਂ ਖੰਭ ਲਾ ਕੇ ਉੱਡ ਗਈਆਂ। ਜਿੱਥੇ ਦੇਰ ਰਾਤ ਤੱਕ ਸ਼ਰਾਬ ਦੇ ਦੌਰ ਤੇ ਮੁਜਰਾ ਚੱਲਦਾ ਸੀ। ਦੂਜੇ ਪਾਸੇ ਕੋਠੀ ਅੰਦਰ ਹੋ ਰਹੇ ਨਜਾਇਜ ਧੰਦੇ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਜਰੂਰ ਦੇਖਣ ਨੂੰ ਮਿਲੀ। ਕੋਠੀ ਦੇ ਨੇੜੇ ਰਹਿੰਦੀ ਇੱਕ ਬਜੁਰਗ ਔਰਤ ਨੇ ਬਰਨਾਲਾ ਟੂਡੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ, ਪੁੱਤ ਆਹ ਤਾਂ ਰੰਗ ਲਾ ਦਿੱਤਾ, ਅਸੀਂ ਕਬੀਲਦਾਰ ਲੋਕ ਤਾਂ ਕੋਠੀ ਦੀਆਂ ਗੰਦੀਆਂ ਹਰਕਤਾਂ ਤੋਂ ਤੰਗ ਆ ਕੇ ਸ਼ਰਮ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਸੀ ਨਿੱਕਲਦੇ। ਪੜ੍ਹੀ ਲਿਖੀ ਕੁੜੀ ਨੇ ਆਪਣੇ ਮਨ ਦੇ ਭਾਵ ਪ੍ਰਗਟ ਕਰਦਿਆਂ ਕਿਹਾ, ਕੋਠੀ ਵਿੱਚ ਆਉਣ ਵਾਲੇ ਅਯਾਸ਼ ਕਿਸਮ ਦੇ ਲੋਕ ਕੋਠੀ ਕੋਲੋਂ ਲੰਘਦੀ ਹਰ ਕੁੜੀ ਨੂੰ ਹੀ ਬੁਰੀ ਨਜ਼ਰ ਨਾਲ ਤੱਕਦੇ ਸੀ। ਜਿਸ ਕਾਰਣ ਸਾਨੂੰ ਕੋਠੀ ਕੋਲੋਂ ਨੀਵੀਂ ਪਾ ਕੇ ਲੰਘਣ ਨੂੰ ਮਜਬੂਰ ਹੋਣਾ ਪੈਂਦਾ ਸੀ। ਉੱਧਰ ਬਰਨਾਲਾ ਟੂਡੇ ਦੁਆਰਾ ਸੱਟੇ ਦੇ ਧੰਦੇ ਨੂੰ ਬੇਨਕਾਬ ਕਰਨ ਤੋਂ ਬਾਅਦ ਪੁਲਿਸ ਦਾ ਖੁਫੀਆ ਵਿੰਗ ਵੀ ਸੱਟੇਬਾਜਾਂ ਦੀ ਪਰ ਹਰਕਤ ਤੇ ਨਜਰ ਰੱਖ ਰਿਹਾ ਹੈ।
ਕੋਠੀ ਦੇ ਮੈਨੇਜ਼ਰ ਤੇ ਹੋ ਚੁੱਕਿਐ, ਨਸ਼ਾ ਤਸਕਰੀ ਦਾ ਕੇਸ ਦਰਜ਼
ਸੱਟਾ ਲਾਉਣ ਵਾਲੇ ਵਿਅਕਤੀਆਂ ਨੇ ਆਪਣਾ ਨਾਂ ਨਾ ਲਿਖਣ ਦੀ ਸ਼ਰਤ ਤੇ ਦੱਸਿਆ ਕਿ ਕੋਠੀ ਅੰਦਰ ਇੱਕਲਾ ਸੱਟਾ ਹੀ ਨਹੀਂ ਲਵਾਇਆ ਜਾਂਦਾ ਸੀ ਸਗੋਂ ਅਯਾਸ਼ ਲੋਕਾਂ ਨੂੰ ਖੁਸ਼ ਕਰਨ ਲਈ ਹਸੀਨਾਂ ਵੀ ਪੇਸ਼ ਕੀਤੀ ਜਾਂਦੀ ਸੀ। ਸ਼ਰਾਬ ਦੇ ਦੌਰ ਤਾਂ ਚੱਲਦੇ ਹੀ ਸੀ, ਇੱਥੋਂ ਤੱਕ ਕਿ ਕੋਠੀ ਵਿੱਚ ਆਉਣ ਵਾਲਿਆਂ ਨੂੰ ਡਰੱਗ ਵੀ ਮੁਹੱਈਆ ਕਰਵਾਈ ਜਾਂਦੀ ਸੀ। ਇਸ ਦਾ ਪੁਖਤਾ ਸਬੂਤ ਇਹ ਵੀ ਹੈ ਕਿ ਕੁਝ ਮਹੀਨੇ ਪਹਿਲਾਂ ਕੋਠੀ ਦਾ ਮੈਨੇਜਰ ਰੋਹਿਤ ਐਨਡੀਪੀਐਸ ਐਕਟ ਦੇ ਤਹਿਤ ਪੁਲਿਸ ਨੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵੀ ਕਰ ਲਿਆ ਸੀ। ਜਿਸ ਦੀ ਜਮਾਨਤ ਵੀ ਹਾਈਕੋਰਟ ਤੋਂ ਮਨਜੂਰ ਹੋਈ ਸੀ। ਜਮਾਨਤ ਤੇ ਆਉਣ ਤੋਂ ਬਾਅਦ ਉਸਨੇ ਫਿਰ ਕੋਠੀ ਦਾ ਚਾਰਜ ਸੰਭਾਲ ਲਿਆ ਸੀ।
ਵਪਾਰ ਮੰਡਲ ਦੇ ਪ੍ਰਧਾਨ ਨਾਣਾ ਨੇ ਕਿਹਾ, ਐਸ.ਐਸ.ਪੀ. ਸਾਬ੍ਹ ਤੁਸੀਂ ਹੀ ਉਜੜਦੇ ਘਰਾਂ ਨੂੰ ਬਚਾ ਲਉ,,,
ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਅਨਿਲ ਬਾਂਸਲ ਨਾਣਾ ਨੇ ਬਰਨਾਲਾ ਟੂਡੇ ਦੀ ਸੱਟੇਬਾਜਾਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਕੁਝ ਪੁਲਿਸ ਅਧਿਕਾਰੀਆਂ ਅਤੇ ਰਾਜਸੀ ਲੀਡਰਾਂ ਦੀ ਸ਼ਹਿ ਨਾਲ ਸੱਟੇ ਦਾ ਧੰਦਾ ਜੋਰਾਂ ਤੇ ਚੱਲ ਰਿਹਾ ਸੀ। ਸ਼ਹਿਰ ਦੇ ਇੱਕ ਦੋ ਨਹੀਂ, ਹਜਾਰਾਂ ਘਰ ਸੱਟੇਬਾਜਾਂ ਦੇ ਝੱਸੇ ਉੱਜੜਣ ਦੀ ਕਾਗਾਰ ਤੇ ਹਨ। ਸਟੋਰੀਏ ਕੋਰੋਨਾ ਕਾਰਣ ਮੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਸੱਟਾ ਲਾਉਣ ਲਈ ਪ੍ਰੇਰਿਤ ਕਰਕੇ ਖੁਦ ਮਾਲਾਮਾਲ ਹੋ ਗਏ, ਪਰ ਮੰਦੀ ਦੇ ਝੰਬੇ ਲੋਕਾਂ ਨੂੰ ਕੰਗਾਲ ਕਰ ਦਿੱਤਾ। ਸੱਟੇ ਦੀ ਮਾਰ ਹੇਠ ਆਏ ਕਿੰਨ੍ਹੇ ਹੀ ਲੋਕਾਂ ਨੇ ਆਪਣੇ ਘਰ ਅਤੇ ਜਨਾਨੀਆਂ ਦੇ ਗਹਿਣੇ ਆਦਿ ਵੇਚ ਦਿੱਤੇ। ਉਨਾਂ ਕਿਹਾ ਕਿ ਸੱਟਾ, ਨਸ਼ੇ ਤੋਂ ਵੀ ਵੱਧ ਭੈੜਾ ਹੈ, ਨਸ਼ੇ ਨਾਲ ਤਾਂ ਨਸ਼ਾ ਕਰਨ ਵਾਲੇ ਮਰਦੇ ਹਨ, ਪਰ ਸੱਟੇ ਨਾਲ ਤਾਂ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਉੱਨਾਂ ਕਿਹਾ ਕਿ ਐਸ.ਐਸ.ਪੀ. ਸੰਦੀਪ ਗੋਇਲ ਇਮਾਨਦਾਰ ਤੇ ਜੁਰਅਤ ਵਾਲਾ ਪੁਲਿਸ ਅਫਸਰ ਹੈ। ਜਿਨ੍ਹਾਂ ਨਸ਼ੇ ਦਾ ਨਾਸ਼ ਕਰਨ ਲਈ ਵੱਡੇ ਵੱਡੇ ਮਗਰਮੱਛਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੁੰਨ ਦਿੱਤਾ ਹੈ। ਇਸ ਲਈ ਇਕੱਲੇ ਵਪਾਰ ਮੰਡਲ ਨੂੰ ਹੀ ਨਹੀਂ, ਸ਼ਹਿਰ ਵਾਸੀਆਂ ਨੂੰ ਵੀ ਪੂਰੀ ਉਮੀਦ ਹੈ ਕਿ ਐਸ.ਐਸ.ਪੀ. ਸੱਟਾ ਕਿੰਗ ਤੇ ਉਸਦੇ ਗੁਰਗਿਆਂ ਨੂੰ ਵੀ ਕਾਬੂ ਕਰ ਲੈਣਗੇ।