ਬਦਨਾਮ ਕੋਠੀ ਨੂੰ ਲੱਗਿਆ ਜਿੰਦਾ, ਹੁਣ ਕੱਚਾ ਕਾਲਜ ਰੋਡ ਤੇ ਲੱਗਣਗੇ ਹਸੀਨਾਂ ਦੇ ਠੁਮਕੇ !
ਸੱਟੇਬਾਜਾਂ ਦੇ ਪੁਰਾਣੇ ਮੋਬਾਇਲ ਨੰਬਰ ਹੋਏ ਬੰਦ, ਬਚਾਉ ਲਈ ਜੁਗਾੜ ਸ਼ੁਰੂ
ਸੀਸੀਟੀਵੀ ਕੈਮਰਿਆਂ ਦੀ ਡੀਵੀਡੀ ‘ਚ ਛੁਪਿਆ ਸੱਟੇਬਾਜਾਂ ਦਾ ਰਾਜ਼
ਹਰਿੰਦਰ ਨਿੱਕਾ/ਮਨੀ ਗਰਗ ਬਰਨਾਲਾ 29 ਸਤੰਬਰ 2020
ਆਈ.ਪੀ.ਐਲ. ਮੈਚਾਂ ਤੇ ਹਰ ਦਿਨ ਲੱਖਾਂ ਰੁਪਏ ਦਾ ਸੱਟਾ ਲਾਉਣ ਵਾਲਿਆਂ ਦਾ ਪੱਕਾ ਠਿਕਾਣਾ ਬਣੀ ਸ਼ਹਿਰ ਦੀ ਮਸ਼ਹੂਰ ਕੋਠੀ ਨੂੰ ਅੱਜ ਸਾਰਾ ਦਿਨ ਜਿੰਦਾ ਲਟਕਦਾ ਰਿਹਾ ਅਤੇ ਬਰਨਾਲਾ ਟੂਡੇ ਦੁਆਰਾ ਕੋਠੀ ਬਾਰੇ ਖੁਲਾਸਾ ਕਰ ਦੇਣ ਤੋਂ ਬਾਅਦ ਸੱਟੇਬਾਜਾਂ ਨੂੰ ਭਾਜੜਾਂ ਪੈ ਗਈਆਂ। ਸੱਟਾ ਕਿੰਗ ਅਤੇ ਉਸ ਦੇ ਛੋਟੇ ਭਾਈਵਾਲਾਂ ਦੇ ਪੁਰਾਣੇ ਮੋਬਾਇਲ ਨੰਬਰ ਬੰਦ ਹੋ ਗਏ। ਕਈ ਸੱਟੇਬਾਜ਼ਾਂ ਵੱਖ ਵੱਖ ਦੁਕਾਨਾਂ ਤੇ ਨਵੇਂ ਸਿੰਮ ਲੈਂਦੇ ਦਿਖੇ। ਉੱਧਰ ਪੁਲਿਸ ਕਾਰਵਾਈ ਤੋਂ ਬਚਾਅ ਲਈ ਸੱਟੇਬਾਜ ਆਪਣੇ ਆਪਣੇ ਰਾਜਸੀ ਪ੍ਰਭੂਆਂ ਦੀ ਸ਼ਰਨ ਵਿੱਚ ਵੀ ਦੇਖੇ ਗਏ। ਕੋਠੀ ਭਾਂਵੇ ਬੰਦ ਰਹੀ, ਪਰੰਤੂ ਸੱਟੇਬਾਜਾਂ ਦੇ ਕਰਿੰਦੇ ਮੂੰਹ ਲੁਕੋ ਕੇ ਕੋਠੀ ਤੇ ਪੈਣੀ ਨਜ਼ਰ ਰੱਖਣ ਲਈ ਕੋਠੀ ਦੇ ਨੇੜੇ ਮੰਡਰਾਉਂਦੇ ਰਹੇ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਲਾਕੇ ਦੇ ਦੋ ਕਤਲਾਂ ਦੀਆਂ ਵਾਰਦਾਤਾਂ ਨੂੰ ਸੁਲਝਾਉਣ ‘ਚ ਰੁੱਝੀ ਪੁਲਿਸ ਦਾ ਰੁਝੇਂਵਾਂ ਸੱਟੇਬਾਜਾਂ ਲਈ ਵਰਦਾਨ ਬਣ ਗਿਆ ਹੈ। ਪੁਲਿਸ ਦੇ ਇੱਕ ਆਲ੍ਹਾ ਅਧਿਕਾਰੀ ਨੇ ਕਿਹਾ ਪੁਲਿਸ ਦੀ ਟੀਮ ਆਈਪੀਐਲ ਤੇ ਸੱਟਾ ਲਵਾਉਣ ਦੇ ਧੰਦੇ ਵਿੱਚ ਸ਼ਾਮਿਲ ਵਿਅਕਤੀਆਂ ਸਬੰਧੀ ਜਾਣਕਾਰੀ ਇਕੱਠੀ ਕਰੀ ਬੈਠੀ ਹੈ, ਕਿਸੇ ਸਮੇਂ ਵੀ ਪੁਲਿਸ ਸਟੋਰੀਆਂ ਦੇ ਖਿਲਾਫ ਵੱਡੀ ਕਾਰਵਾਈ ਕਰ ਸਕਦੀ ਹੈ।
ਹੁਣ ਕੱਚਾ ਕਾਲਜ ਰੋਡ ਇਲਾਕੇ ‘ਚ ਪਹੁੰਚੀ ਹਸੀਨਾਂ !
ਬਰਨਾਲਾ ਟੂਡੇ ਦੁਆਰਾ ਆਈ.ਪੀ.ਐਲ. ਮੈਚਾਂ ਤੇ ਸੱਟੇ ਦੀ ਖਬਰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ , ਸੱਟੇਬਾਜ਼ੀ ਦੇ ਅੱਡੇ ਦਾ ਮੁੱਖ ਧੁਰਾ ਬਣੀ ਉਦਯੋਗਿਕ ਗਰੁੱਪ ਦੀ ਮਹਿਲਾ ਕਰਮਚਾਰੀ ਹਸੀਨਾਂ ਦਾ ਫੋਨ ਨੰਬਰ ਵੀ ਬੰਦ ਹੋ ਗਿਆ। ਭਰੋਸੋਯੋਗ ਸੂਤਰਾਂ ਅਨੁਸਾਰ ਸੋਮਵਾਰ ਦੇਰ ਰਾਤ ਸੱਟਾ ਕਿੰਗ ਨੇ ਹਸੀਨਾਂ ਦਾ ਠਿਕਾਣਾ ਕੋਠੀ ਵਿੱਚੋਂ ਬਦਲ ਕੇ ਕੱਚਾ ਕਾਲਜ ਰੋਡ ਦੀ ਇੱਕ ਗਲੀ ਵਿੱਚ ਕਰ ਦਿੱਤਾ। ਸੱਟੇ ਦੇ ਖਿਡਾਰੀਆਂ ਅਨੁਸਾਰ ਹੁਣ ਕੱਚਾ ਕਾਲਜ ਰੋਡ ਖੇਤਰ ਦੀ ਇੱਕ ਹੋਰ ਕੋਠੀ ਵਿੱਚ ਹਸੀਨਾਂ ਦੇ ਲੱਕ ਦੇ ਠੁਮਕਿਆਂ ਦਾ ਲੁਤਫ ਉਸ ਦੇ ਕਦਰਦਾਨ ਉਠਾਇਆ ਕਰਨਗੇ।
ਸੱਟਾ ਕਿੰਗ ਦੀ ਕੋਠੀ ਦੇ ਬਾਹਰ ਲੱਗੇ ਕੈਮਰਿਆਂ ਤੋਂ ਖੁੱਲ੍ਹ ਸਕਦੈ ਰਾਜ਼
ਸੱਟਾ ਕਿੰਗ ਦੀ ਕੋਠੀ ਦੇ ਬਾਹਰ ਜੰਗਲੇ ਤੇ ਦੋ ਪਾਸਿਆਂ ਤੇ ਨਜ਼ਰ ਰੱਖਣ ਲਈ ਲਾਏ ਸੀਸੀਟੀਵੀ ਕੈਮਰਿਆਂ ਦੇ ਡੀਵੀਡੀ ਵਿੱਚ ਕੋਠੀ ਅਤੇ ਕੋਠੀ ਅੰਦਰ ਹੋਣ ਵਾਲੀਆਂ ਗੈਰਕਾਨੂੰਨੀ ਗਤੀਵਿਧੀਆਂ ਦਾ ਭੇਦ ਛੁਪਿਆ ਹੋਇਆ ਹੈ। ਇਹੋ ਕੈਮਰਿਆਂ ਨਾਲ ਸੱਟਾ ਕਿੰਗ ਦਾ ਮੈਨੇਜ਼ਰ ਕੋਠੀ ਦੇ ਬਾਹਰ ਆਉਣ ਜਾਣ ਵਾਲਿਆਂ ਦੀ ਹਰ ਹਰਕਤ ਤੇ ਨਜਰ ਟਿਕਾ ਕੇ ਰੱਖਦਾ ਹੈ। ਜਿਵੇਂ ਹੀ ਕੋਈ ਕੋਠੀ ਦੇ ਬਾਹਰ ਦਸਤਕ ਦਿੰਦਾ ਹੈ, ਉਦੋਂ ਹੀ ਕੋਠੀ ਦੇ ਅੰਦਰ ਦਾ ਸਟਾਫ ਤੇ ਹੋਰ ਵਿਅਕਤੀ ਚੌਕਸ ਹੋ ਜਾਂਦੇ ਹਨ। ਕੋਠੀ ਨੇੜਲੇ ਲੋਕਾਂ ਨੇ ਕਿਹਾ ਕਿ ਇੱਕ ਦਿਨ ਲਈ ਉਨਾਂ ਨੂੰ ਸੁੱਖ ਦਾ ਸਾਂਹ ਆਇਆ ਹੈ। ਜਿਹੜੀ ਕੋਠੀ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ, ਅੱਜ ਉਹੀ ਕੋਠੀ ਵੀਰਾਨ ਪਈ ਰਹੀ। ਉਨਾਂ ਕਿਹਾ ਕਿ ਜੇਕਰ ਪੁਲਿਸ ਕੋਠੀ ਦੇ ਡੀਵੀਡੀ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦੇਵੇ ਤਾਂ ਸੱਟੇਬਾਜ਼ਾਂ ਦੀਆਂ ਗਤੀਵਿਧੀਆਂ ਬੇਪਰਦ ਹੋ ਜਾਣਗੀਆਂ।
ਉਦਯੋਗ ਦੇ ਅਧਿਕਾਰੀ ਵੀ ਹਸੀਨਾਂ ਤੇ ਮੇਹਰਬਾਨ
ਉਦਯੋਗ ਪ੍ਰਬੰਧਕਾਂ ਦੇ ਨਜਦੀਕੀ ਸੂਤਰਾਂ ਅਨੁਸਾਰ ਭਾਂਵੇ ਜਿਲ੍ਹੇ ਦੇ ਬਾਹਰੀ ਇਲਾਕਿਆਂ ਤੋਂ ਨੌਕਰੀ ਕਰਦੀਆਂ ਇਕੱਲੀਆਂ ਮਹਿਲਾਵਾਂ ਨੂੰ ਉਦਯੋਗ ਦੇ ਕੁਆਟਰਾਂ ਵਿੱਚ ਹੀ ਠਹਿਰਣ ਦਾ ਨਿਯਮ ਉਨਾਂ ਦੀ ਸੁਰੱਖਿਆ ਦੇ ਮੱਦੇਨਜਰ ਬਣਾਇਆ ਗਿਆ ਹੈ। ਪਰੰਤੂ ਫਗਵਾੜਾ ਤੋਂ ਉਦਯੋਗ ਵਿੱਚ ਨੌਕਰੀ ਕਰਦੀ ਅਣਵਿਆਹੀ ਅਤੇ ਸੱਟੇਬਾਜਾਂ ਦੇ ਧੰਦੇ ਦਾ ਧੁਰਾ ਬਣੀ ਇਹ ਹਸੀਨਾਂ ਨੂੰ ਕਿਸੇ ਸਿਫਾਰਸ਼ ਤੋਂ ਬਾਅਦ ਉਦਯੋਗ ਦੇ ਕੁਆਟਰਾਂ ਦੀ ਬਜਾਏ ਸ਼ਹਿਰ ਅੰਦਰ ਇਕੱਲਿਆਂ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਤੋਂ ਚਰਚਾ ਹੈ ਕਿ ਹਸੀਨਾਂ ਤੇ ਉਦਯੋਗ ਦੇ ਕੁੱਝ ਅਧਿਕਾਰੀ ਵੀ ਮੇਹਰਬਾਨ ਹਨ।