ਹਰਿੰਦਰ ਨਿੱਕਾ/ਮਨੀ ਗਰਗ ਬਰਨਾਲਾ 29 ਸਤੰਬਰ 2020
ਅਕਾਲਗੜ੍ਹ ਬਸਤੀ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਪੁਲਿਸ ਨੇ ਛਾਪਾਮਾਰੀ ਕਰਕੇ 5 ਔਰਤਾਂ ਅਤੇ 4 ਪੁਰਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਅਕਾਲਗੜ੍ਹ ਬਸਤੀ ਦੀ ਇੱਕ ਦੁਕਾਨ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਥਾਣਾ ਸਿਟੀ 1 ਦੇ ਐਸ.ਐਚ.ਉ. ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਡੇ ਤੋਂ 5 ਔਰਤਾਂ ਅਤੇ 4 ਪੁਰਸ਼ਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਫੜ੍ਹੀਆਂ ਔਰਤਾਂ ਵਿੱਚ ਅੱਡਾ ਸੰਚਾਲਕਾ ਤੋਂ ਇਲਾਵਾ ਅੱਡੇ ਤੇ ਧੰਦਾ ਕਰਨ ਪਹੁੰਚੀਆਂ 4 ਔਰਤਾਂ ਤੇ 4 ਗ੍ਰਾਹਕ ਵੀ ਸ਼ਾਮਿਲ ਹਨ। ਮਾਮਲੇ ਦੇ ਤਫਤੀਸ਼ ਅਧਿਕਾਰੀ ਤੇ ਐਸਐਚਉ ਨੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰ ਕੇ ਮੌਕੇ ਤੋਂ ਕੁਝ ਔਰਤਾਂ ਅਤੇ ਪੁਰਸ਼ਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਜਰੂਰ ਕੀਤੀ ਹੈ। ਪਰੰਤੂ ਫੜ੍ਹੇ ਦੋਸ਼ੀਆਂ ਦੀ ਡਿਟੇਲ, ਕਾਨੂੰਨੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਦੇਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।
ਦਲਾਲ ਫਿਰ ਹੋਇਆ ਸਰਗਰਮ
ਪਿਛਲੇ ਦਿਨੀਂ ਪਿਆਰਾ ਕਲੋਨੀ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾਮਾਰੀ ਸਮੇਂ ਚਰਚਾ ਵਿੱਚ ਆਇਆ ਇੱਕ ਦਲਾਲ ਅੱਜ ਦੀ ਛਾਪਾਮਾਰੀ ਸਮੇਂ ਵੀ ਸਰਗਰਮ ਭੂਮਿਕਾ ਵਿੱਚ ਨਜ਼ਰ ਆਇਆ। ਪੁਲਿਸ ਟੀਮ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਇਹ ਵਿਅਕਤੀ ਹੀ ਪੁਲਿਸ ਦਾ ਮੁਖਬਰ ਹੈ, ਜਿਹੜਾ ਦੇਹ ਵਪਾਰ ਦੇ ਅੱਡਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਪੁਲਿਸ ਟੀਮ ਦੇ ਇਸ ਦਾਅਵੇ ਵਿੱਚ ਕਿੰਨ੍ਹਾਂ ਸੱਚ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰੰਤੂ ਹੁਣ ਤੱਕ ਫੜ੍ਹੇ ਦੋ ਦੇਹ ਵਪਾਰ ਦੇ ਅੱਡਿਆਂ ਤੋਂ ਫੜ੍ਹੇ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕਰਨ ਜਾਂ ਰਿਹਾ ਕਰਨ ਦਾ ਫੈਸਲਾ ਉਹ ਵਿਅਕਤੀ ਹੀ ਕਰ ਰਿਹਾ ਹੈ। ਅੱਜ ਦੀ ਛਾਪਾਮਾਰੀ ਦੌਰਾਨ ਵੀ ਇਲਾਕੇ ਦੀ ਇੱਕ ਕਾਫੀ ਬਦਨਾਮ ਔਰਤ ਨੂੰ ਮੌਕੇ ਤੇ ਹੋਣ ਦੇ ਬਾਵਜੂਦ ਕੇਸ ਵਿੱਚ ਨਾਮਜ਼ਦ ਨਾ ਕਰਨ ਦੀ ਚਰਚਾ ਸ਼ਹਿਰੀਆਂ ‘ਚ ਜੋਰਾਂ ਤੇ ਹੈ।