ਹਾਲੀਆ ਹੁਕਮ-ਨਜਾਇਜ਼ ਸ਼ਰਾਬ ਮਿਲੀ ਤਾਂ ਖੇਤਰ ਦਾ ਅਧਿਕਾਰੀ ਹੋਊ ਜ਼ਿੰਮੇਵਾਰ

Advertisement
Spread information

DC ਵੱਲੋਂ ਆਬਕਾਰੀ & ਪੁਲਿਸ ਵਿਭਾਗ ਨੂੰ ਨਜਾਇਜ਼ ਸ਼ਰਾਬ ਕਾਰੋਬਾਰੀਆਂ ‘ਤੇ ਬਾਜ ਅੱਖ ਰੱਖਣ ਦਾ ਹੁਕਮ

ਈਟ ਆਊਟਲੈੱਟ ਦੀ ਕੀਤੀ ਜਾਵੇ ਚੈਕਿੰਗ, ਫਲਾਇੰਗ ਸੁਕਐਡ ਦਸਤਿਆਂ ਦੀ ਗਿਣਤੀ ‘ਚ ਕੀਤਾ ਜਾਵੇ ਵਾਧਾ

ਪੁਆਇਜਨ ਐਕਟ ਦੇ ਲਾਇਸੈਂਸਾਂ ਅਤੇ ਨਜਾਇਜ਼ ਸ਼ਰਾਬ ਦੇ ਕੇਸਾਂ ‘ਚ ਸਜ਼ਾ ਦਰ ਦੀ ਕੀਤੀ ਸਮੀਖਿਆ

ਬਲਵਿੰਦਰ ਪਾਲ, ਪਟਿਆਲਾ  16 ਮਈ 2025
         ਜਿਲ੍ਹੇ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਬਕਾਰੀ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਈਟ ਆਊਟਲੈੱਟ ਵਾਲੇ ਸਥਾਨ ਦੀ ਚੈਕਿੰਗ ਨਿਰੰਤਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਖਾਣ-ਪੀਣ ਵਾਲੇ ਸਥਾਨ ਜਾਂ ਜਨਤਕ ਸਥਾਨ ‘ਤੇ ਜੇਕਰ ਨਜਾਇਜ਼ ਸ਼ਰਾਬ ਮਿਲੀ ਤਾਂ ਉਸ ਖੇਤਰ ਦਾ ਆਬਕਾਰੀ ਤੇ ਪੁਲਿਸ ਵਿਭਾਗ ਦਾ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਦੇ ਫਲਾਇੰਗ ਸੁਕਐਡ ਦੇ ਦਸਤਿਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇ, ਤਾਂ ਕਿ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਨਜਾਇਜ਼ ਸ਼ਰਾਬ ‘ਤੇ ਪੂਰਨ ਤੌਰ ‘ਤੇ ਨਕੇਲ ਪਾਈ ਜਾ ਸਕੇ।
         ਡਾ. ਪ੍ਰੀਤੀ ਯਾਦਵ ਨੇ ਦਰਿਆਵਾਂ ਦੇ ਕੰਡੇ ਨਜਾਇਜ਼ ਤੌਰ ‘ਤੇ ਕੱਢੇ ਜਾਂਦੇ ਲਾਹਣ ਸਬੰਧੀ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਅਜਿਹੇ ਮਾਮਲੇ ਪਹਿਲਾ ਸਾਹਮਣੇ ਆਏ ਹਨ, ਉਥੇ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਲਾਹਣ ਕੱਢਣ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ।
          ਉਨ੍ਹਾਂ ਜ਼ਿਲ੍ਹੇ ‘ਚ ਪੁਆਇਜਨ ਐਕਟ ਦੇ ਜਾਰੀ ਲਾਇਸੈਂਸਾਂ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਰੇ ਕੇਸਾਂ ਦੀ ਮੁੜ ਤੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਲਾਇਸੈਂਸ ਧਾਰਕਾਂ ਦੀ ਸਮੇਂ ਸਮੇਂ ‘ਤੇ ਨਿਯਮਾਂ ਅਨੁਸਾਰ ਚੈਕਿੰਗ ਕਰਨ ਲਈ ਕਿਹਾ। ਉਨ੍ਹਾਂ ਪਿਛਲੇ ਸਮੇਂ ਦੌਰਾਨ ਆਬਕਾਰੀ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਦੇ ਮਾਮਲੇ ‘ਚ ਦਰਜ਼ ਕੀਤੀਆਂ ਐਫ.ਆਈ.ਆਰਜ਼ ਅਤੇ ਸਜ਼ਾ ਦਰ ਦੀ ਸਮੀਖਿਆ ਕਰਦਿਆਂ ਕਿਹਾ ਕਿ ਜਿਹੜੇ ਕੇਸਾਂ ਵਿੱਚ ਸਜ਼ਾ ਨਹੀਂ ਹੋਈ ਹੈ, ਉਨ੍ਹਾਂ ਕੇਸਾਂ ਦੀ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਅਪਰਾਧੀ ਵਿਭਾਗ ਵੱਲੋਂ ਸਹੀ ਪੈਰਵਾਈ ਨਾ ਹੋਣ ਕਾਰਨ ਬਰੀ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਸਬੰਧਤ ਖਿਲਾਫ ਕਾਰਵਾਈ ਕੀਤੀ ਜਾਵੇਗੀ।
          ਮੀਟਿੰਗ ਦੌਰਾਨ ਏ.ਈ.ਟੀ.ਸੀ. ਰਾਜੇਸ਼ ਐਰੀ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ 1 ਅਪ੍ਰੈਲ 2025 ਤੋਂ 16 ਮਈ 2025 ਤੱਕ 29 ਮਾਮਲੇ ਦਰਜ਼ ਕਰਵਾਏ ਗਏ ਹਨ ਤੇ 22 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ ਵਿਭਾਗ ਨੇ 2090 ਲੀਟਰ ਲਾਹਣ ਵੀ ਬਰਾਮਦ ਕੀਤਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਸਮੇਤ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Advertisement
Advertisement
Advertisement
Advertisement
error: Content is protected !!