ਹੱਤਿਆ ਦੇ 3 ਦਿਨ ਬਾਅਦ ਪੁਲਿਸ ਨੇ ਕਾਬੂ ਕੀਤੇ 4 ਦੋਸ਼ੀ, 1 ਹੋਰ ਅਕਾਲੀ ਆਗੂ ਦੀ ਭਾਲ ਜਾਰੀ
ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 29 ਸਤੰਬਰ 2020
ਧਨੌਲਾ ਸ਼ਹਿਰ ‘ਚ ਬੀਤੇ 2 ਮਹੀਨਿਆਂ ਦੌਰਾਨ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਲੁਟੇਰਾ ਗਿਰੋਹ ਦਾ ਮਾਸਟਰ ਮਾਈਂਡ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਈ.ਟੀ.ਵਿੰਗ ਸਰਕਲ ਧਨੌਲਾ ਦਾ ਪ੍ਰਧਾਨ ਗੌਰਵ ਕੁਮਾਰ ਹੀ ਨਿੱਕਲਿਆ। ਪੁਲਿਸ ਨੇ ਗੌਰਵ ਕੁਮਾਰ ਨੂੰ ਉਸ ਦੇ 3 ਹੋਰ ਸਾਥੀਆਂ ਸਣੇ ਗਿਰਫਤਾਰ ਵੀ ਕਰ ਲਿਆ ਹੈ। ਪੁਲਿਸ ਨੇ ਇਸ ਲੁਟੇਰਾ ਗਿਰੋਹ ਨੂੰ ਵਾਰਦਾਤਾਂ ਲਈ ਗਾਈਡ ਕਰਨ ਵਾਲੇ ਦੋਸ਼ੀ ਦੇ ਤੌਰ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਥੇਦਾਰ ਮੱਖਣ ਸਿੰਘ ਧਨੌਲਾ ਨੂੰ ਵੀ ਦੋਵਾਂ ਕੇਸਾਂ ਵਿੱਚ ਨਾਮਜਦ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਅੰਨ੍ਹੇ ਕਤਲ ਦੇ 3 ਦਿਨ ਬਾਅਦ ਹੀ ਫੜ੍ਹੇ 4 ਦੋਸ਼ੀ
ਐਸਐਸਪੀ ਸੰਦੀਪ ਗੋਇਲ ਨੇ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 26/27 ਸਤੰਬਰ ਦੀ ਦਰਮਿਆਨੀ ਰਾਤ ਨੂੰ ਮਥੂਟ ਫਾਈਨਾਂਸ ਦੀ ਧਨੌਲਾ ਸ਼ਾਖਾ ਨੂੰ ਲੁੱਟਣ ਦੀ ਨੀਯਤ ਨਾਲ ਆਏ ਲੁਟੇਰਿਆਂ ਨੇ ਪਸ਼ੂਆਂ ਦੇ ਵਾੜੇ ਅੰਦਰ ਸੌਂ ਰਹੇ ਪ੍ਰਵਾਸੀ ਮਜਦੂਰ ਕ੍ਰਿਸ਼ਨ ਦੇਵ ਉਰਫ ਗੌਰੀ ਸ਼ੰਕਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਲੁਟੇਰੇ ਭਾਂਵੇ ਫਾਈਨਾਂਸ ਕੰਪਨੀ ਵਿੱਚ ਲੁੱਟ ਕਰਨ ਵਿੱਚ ਸਫਲ ਨਹੀਂ ਹੋ ਸਕੇ। ਪਰੰਤੂ ਉਹ ਜਾਂਦੇ ਹੋਏ ਵਾਰਦਾਤ ਵਾਲੀ ਜਗ੍ਹਾ ਕੋਲ ਖੜ੍ਹੀ ਜੈੱਨ ਕਾਰ ਲੈ ਕੇ ਫਰਾਰ ਹੋ ਗਏ ਸਨ। ਸ੍ਰੀ ਗੋਇਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਚੋਰੀ ਹੋਈ ਕਾਰ ਸਹਿਜੜਾ ਡਰੇਨ ਦੀ ਪਟੜੀ ਤੋਂ ਬਰਾਮਦ ਕਰ ਲਿਆ ਸੀ। ਉਨਾਂ ਦੱਸਿਆ ਕਿ ਆਖਿਰ ਪੁਲਿਸ ਹੱਤਿਆ ਦੇ 3 ਦਿਨ ਬਾਅਦ ਹੀ ਅੰਨ੍ਹੇ ਕਤਲ ਨੂੰ ਟ੍ਰੇਸ ਕਰਕੇ 4 ਦੋਸ਼ੀਆਂ ਗੌਰਵ ਕੁਮਾਰ, ਜੋਤੀ ਦਾਸ ਉਰਫ ਬਾਵਾ, ਹਰਮਨ ਸਿੰਘ ਉਰਫ ਹਰਮਨਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਉਰਫ ਨਵੀ ਉਰਫ ਦੀਪ ਨੂੰ ਗਿਰਫਤਾਰ ਕਰਨ ਵਿੱਚ ਸਫਲ ਹੋ ਗਈ। ਉਨਾਂ ਦੱਸਿਆ ਕਿ ਮੱਖਣ ਸਿੰਘ ਧਨੌਲਾ ਦੀ ਗਿਰਫਤਾਰੀ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ। ਜਲਦ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਤਫਤੀਸ਼ ਨੇ ਖੋਲ੍ਹੀਆਂ ਗੁੱਝੀਆਂ ਪਰਤਾਂ-ਐਸਐਸਪੀ ਗੋਇਲ
ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਗਿਰਫਤਾਰ ਕੀਤੇ ਗੈਂਗ ਦਾ ਸਰਗਨਾ ਗੌਰਵ ਕੁਮਾਰ ਨਿਵਾਸੀ ਧਨੌਲਾ ਹੈ। ਇਹ ਗੈਂਗ ਪਿਛਲੇ ਕਾਫੀ ਸਮੇਂ ਤੋਂ ਲੁੱਟਾ ਖੋਹਾਂ, ਚੋਰੀ , ਬਲੈਕਮੇਲਿੰਗ ਅਤੇ ਸ਼ਰਾਬ ਦੀ ਸਮਗਲਿੰਗ ਦਾ ਧੰਦਾ ਕਰ ਰਿਹਾ ਹੈ। ਗੈਂਗ ਦੀ ਮਾਲੀ ਮੱਦਦ ਕਰਕੇ ਅਤੇ ਗਾਈਡ ਕਰਕੇ ਵਾਰਦਾਤ ਦੇ ਠਿਕਾਣੇ ਦੱਸਣ ਦਾ ਕੰਮ ਮੱਖਣ ਸਿੰਘ ਧਨੌਲਾ ਕਰਦਾ ਸੀ। ਗੈਂਗ ਦੇ ਸਰਗਨਾ ਗੌਰਵ ਕੁਮਾਰ ਨੇ ਮੱਖਣ ਸਿੰਘ ਧਨੌਲਾ ਨਾਲ ਮਿਲ ਕੇ 4 ਅਗਸਤ 2020 ਨੂੰ ਚੌਧਰੀ ਹਰਗੋਬਿੰਦ ਲਾਲ ਨਿਵਾਸੀ ਧਨੌਲਾ ਦੇ ਘਰੋਂ 70 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ। ਚੋਰੀ ਕੀਤੇ ਸੋਨੇ ਨੂੰ ਮੱਖਣ ਸਿੰਘ ਦੀ ਦੇਖ ਰੇਖ ਹੇਠ ਦੋਸ਼ੀਆਂ ਨੇ ਆਪਸ ਵਿੱਚ ਵੰਡ ਲਿਆ ਸੀ। ਉਨਾਂ ਦੱਸਿਆ ਕਿ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਅਤੇ ਨਗਦੀ ਦੀ ਬਰਾਮਦਗੀ ਵੀ ਹੋ ਗਈ ਹੈ।
ਕੱਪੜਾ ਵਪਾਰੀ ਨੂੰ ਲੁੱਟਣ ਦੀ ਯੋਜਨਾ ਹੋਈ ਅਸਫਲ
ਐਸਐਸਪੀ ਨੇ ਦੱਸਿਆ ਕਿ ਮੱਖਣ ਸਿੰਘ ਧਨੌਲਾ ਦੀ ਹਦਾਇਤ ਤੇ ਗੈਂਗ ਨੇ ਧਨੌਲਾ ਦੇ ਕੱਪੜਾ ਵਪਾਰੀ ਅਸ਼ਵਨੀ ਕੁਮਾਰ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਦੋ ਵਾਰ ਕੌਸ਼ਿਸ਼ ਦੇ ਬਾਵਜੂਦ ਵੀ ਦੋਸ਼ੀਆਂ ਦੀ ਯੋਜ਼ਨਾ ਸਿਰੇ ਨਹੀਂ ਚੜ੍ਹ ਸਕੀ। ਉਨਾਂ ਦੱਸਿਆ ਕਿ ਮੱਖਣ ਸਿੰਘ ਅਤੇ ਗੌਰਵ ਕੁਮਾਰ ਹਰਿਆਣਾ ਤੋਂ ਸ਼ਰਾਬ ਲਿਆ ਕਿ ਵੇਚਣ ਦਾ ਧੰਦਾ ਕਰਦੇ ਸੀ। ਜਿਸ ਸਬੰਧੀ ਗੌਰਵ ਕੁਮਾਰ ਖਿਲਾਫ ਪਹਿਲਾਂ ਵੀ ਕੇਸ ਦਰਜ਼ ਹਨ। ਮੱਖਣ ਸਿੰਘ ਦੇ ਖਿਲਾਫ ਵੀ ਬਲੈਕਮੇਲਿੰਗ ਅਤੇ ਠੱਗੀਆਂ ਮਾਰਨ ਦੇ ਕੇਸ ਦਰਜ਼ ਹਨ। ਪ੍ਰੈਸ ਕਾਨਫਰੰਸ ਸਮੇਂ ਐਸਪੀ ਡੀ ਸੁਖਦੇਵ ਸਿੰਘ ਵਿਰਕ, ਏ.ਐਸ.ਪੀ. ਪ੍ਰੱਗਿਆ ਜੈਨ, ਡੀ.ਐਸ.ਪੀ. ਡੀ ਰਮਨਿੰਦਰ ਸਿੰਘ ਦਿਉਲ, ਸੀਆਈਏ ਇੰਚਾਰਜ ਬਲਜੀਤ ਸਿੰਘ ਆਦਿ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ।
ਐਸ.ਐਸ.ਪੀ. ਨੇ ਕਿਹਾ, ਗੁੱਡ ਜੌਬ ,ਇੰਸਪੈਕਟਰ ਬਲਜੀਤ
ਐਸਐਸਪੀ ਗੋਇਲ ਨੇ ਦੋ ਵੱਡੀਆਂ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਜਿੱਥੇ ਇਸ ਆਪ੍ਰੇਸ਼ਨ ਵਿੱਚ ਲੱਗੀ ਸਮੁੱਚੀ ਟੀਮ ਦੀ ਕਾਰਗੁਜਾਰੀ ਨੂੰ ਸਰਾਹਿਆ। ਉੱਥੇ ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਉਚੇਚੇ ਤੌਰ ਤੇ ਕਿਹਾ, ਗੁੱਡ ਜੌਬ ਬਾਏ ਇੰਸਪੈਕਟਰ ਬਲਜੀਤ ਸਿੰਘ। ਉਨਾਂ ਕਿਹਾ ਕਿ ਇੰਸਪੈਕਟਰ ਬਲਜੀਤ ਦਿੱਤੇ ਹੋਏ ਹਰ ਟਾਰਗੇਟ ਨੂੰ ਉਮੀਦ ਨਾਲੋਂ ਵਧੇਰੇ ਚੰਗੇ ਢੰਗ ਨਾਲ ਸਿਰੇ ਚਾੜ੍ਹਦਾ ਹੈ। ਜਿਸ ਦੀ ਸਰਾਹਨਾ ਕਰਨੀ ਬਣਦੀ ਹੈ।